ਜ਼ਿਲ੍ਹਾ ਪੁਲਿਸ ਸੰਗਰੂਰ ਵੱਲੋਂ ਅੰਨਾ ਕਤਲ ਕੇਸ 48 ਘੰਟਿਆਂ ਅੰਦਰ ਟਰੇਸ, ਵਾਰਦਾਤ ਸਮੇਂ ਵਰਤੀ ਕੁਹਾੜੀ ਸਮੇਤ 02 ਕਾਬੂ

ਜ਼ਿਲ੍ਹਾ ਪੁਲਿਸ ਸੰਗਰੂਰ ਵੱਲੋਂ ਅੰਨਾ ਕਤਲ ਕੇਸ 48 ਘੰਟਿਆਂ ਅੰਦਰ ਟਰੇਸ, ਵਾਰਦਾਤ ਸਮੇਂ ਵਰਤੀ ਕੁਹਾੜੀ ਸਮੇਤ 02 ਕਾਬੂ
ਸੰਗਰੂਰ, 1 ਜੁਲਾਈ : ਸੀਨੀਅਰ ਕਪਤਾਨ ਪੁਲਿਸ ਸੰਗਰੂਰ ਸ੍ਰੀ ਸਰਤਾਜ ਸਿੰਘ ਚਾਹਲ, ਆਈ.ਪੀ.ਐਸ, ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਸੰਗਰੂਰ ਵੱਲੋਂ ਮਾੜੇ ਅਨਸਰਾਂ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਕਾਰਵਾਈ ਕਰਦੇ ਹੋਏ ਥਾਣਾ ਸਦਰ ਧੂਰੀ ਦੇ ਏਰੀਆ ਵਿੱਚ ਹੋਏ ਅੰਨੇ ਕਤਲ ਨੂੰ 48 ਘੰਟਿਆਂ ਅੰਦਰ ਟਰੇਸ ਕਰਕੇ 02 ਦੋਸ਼ੀਆਂ ਨੂੰ ਕਾਬੂ ਕਰਕੇ ਵਾਰਦਾਤ ਸਮੇਂ ਵਰਤੀ ਕੁਹਾੜੀ ਤੇ ਸਕੂਟਰੀ ਬ੍ਰਾਮਦ ਕਰਵਾਈ ਗਈ । ਸ੍ਰੀ ਸਰਤਾਜ ਸਿੰਘ ਚਾਹਲ ਨੇ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਿਤੀ 27.06.2024 ਨੂੰ ਬਲਦੇਵ ਸਿੰਘ ਪੁੱਤਰ ਕਰਤਾਰ ਸਿੰਘ ਵਾਸੀ ਭੜੀ ਮਾਨਸਾ ਥਾਣਾ ਅਮਰਗੜ੍ਹ (ਜ਼ਿਲ੍ਹਾ ਮਲੇਰਕੋਟਲਾ) ਨੇ ਪੁਲਿਸ ਪਾਸ ਇਤਲਾਹ ਦਿੱਤੀ ਕਿ ਉਸਦਾ ਭਰਾ ਗੁਰਜੰਟ ਸਿੰਘ ਉਰਫ ਟੀਟੀ, ਵੀ.ਕੇ ਐਗਰੋ ਇੰਡਸਟਰੀ ਫੈਕਟਰੀ ਮਾਨਵਾਲਾ ਵਿਖੇ ਬਤੌਰ ਡਰਾਇਵਰੀ/ਚੌਂਕੀਦਾਰ ਨੌਕਰੀ ਕਰਦਾ ਸੀ। ਮਿਤੀ 26/27.06.2024 ਦੀ ਦਰਮਿਆਨੀ ਰਾਤ ਨੂੰ ਕੁੱਝ ਨਾਮਲੂਮ ਵਿਅਕਤੀਆਂ ਨੇ ਫੈਕਟਰੀ ਅੰਦਰ ਦਾਖਲ ਹੋ ਕੇ ਉਸਦੇ ਭਰਾ ਗੁਰਜੰਟ ਸਿੰਘ ਦੇ ਸੱਟਾਂ ਮਾਰ ਕੇ ਉਸਦਾ ਕਤਲ ਕਰ ਦਿੱਤਾ। ਪੁਲਿਸ ਵੱਲੋਂ ਬਲਦੇਵ ਸਿੰਘ ਦੇ ਬਿਆਨ ਪਰ ਮੁਕੱਦਮਾ ਨੰਬਰ 98 ਮਿਤੀ 27.06.2024 ਭਾਰਤੀ ਦੰਡਾਵਲੀ ਦੀ ਧਾਰਾ 302 ਅਤੇ 34 ਤਹਿਤ ਥਾਣਾ ਸਦਰ ਧੂਰੀ ਵਿਖੇ ਨਾਮਾਲੂਮ ਵਿਅਕਤੀ/ਵਿਅਕਤੀਆਂ ਵਿਰੁੱਧ ਦਰਜ ਕਰਕੇ ਤਫਤੀਸ਼ ਅਮਲ ਵਿੱਚ ਲਿਆਦੀ ਗਈ । ਮੁਕੱਦਮਾ ਨੂੰ ਟਰੇਸ ਕਰਨ ਲਈ ਸ੍ਰੀ ਪਲਵਿੰਦਰ ਸਿੰਘ ਚੀਮਾਂ, ਕਪਤਾਨ ਪੁਲਿਸ (ਇੰਨਵੈਸਟੀਗੇਸਨ) ਸੰਗਰੂਰ ਦੀ ਅਗਵਾਈ ਹੇਠ ਸ੍ਰੀ ਤਲਵਿੰਦਰ ਸਿੰਘ ਗਿੱਲ ਉਪ ਕਪਤਾਨ ਪੁਲਿਸ ਸਬ ਡਵੀਜਨ ਧੂਰੀ ਦੀ ਨਿਗਰਾਨੀ ਹੇਠ ਇੰਸਪੈਕਟਰ ਜਗਦੀਪ ਸਿੰਘ ਮੁੱਖ ਅਫਸਰ ਥਾਣਾ ਸਦਰ ਧੂਰੀ ਅਤੇ ਇੰਸਪੈਕਟਰ ਸੰਦੀਪ ਸਿੰਘ ਇੰਚਾਰਜ ਸੀ.ਆਈ.ਏ ਸੰਗਰੂਰ ਦੀਆਂ ਟੀਮਾਂ ਬਣਾ ਕੇ ਟੈਕਨੀਕਲ ਢੰਗ ਨਾਲ ਤਫਤੀਸ਼ ਅਮਲ ਵਿੱਚ ਲਿਆਂਦੀ ਗਈ । ਐਸ.ਐਸ.ਪੀ. ਸੰਗਰੂਰ ਨੇ ਦੱਸਿਆ ਕਿ ਤਫਤੀਸ਼ ਦੌਰਾਨ ਮਿਤੀ 28.06.2024 ਨੂੰ ਹੀ ਗੁਰਵਿੰਦਰ ਸਿੰਘ ਉਰਫ ਗਿੰਦਾ ਪੁੱਤਰ ਨਿਰਮਲ ਸਿੰਘ ਅਤੇ ਹਰਵਿੰਦਰਪਾਲ ਸਿੰਘ ਉਰਫ ਪ੍ਰਿੰਸ ਪੁੱਤਰ ਗੁਰਦਰਸਨ ਸਿੰਘ ਵਾਸੀਆਨ ਸੇਰਪੁਰ ਸੋਢੀਆਂ ਨੂੰ ਨਾਮਜ਼ਦ ਕਰਕੇ ਗ੍ਰਿਫਤਾਰ ਕੀਤਾ ਗਿਆ। ਦੋਸ਼ੀਆਂ ਪਾਸੋਂ ਵਾਰਦਾਤ ਸਮੇਂ ਵਰਤੀ ਕੁਹਾੜੀ ਅਤੇ ਸਕੂਟਰੀ XOOM ਜੋ ਦੋਸ਼ੀ ਗੁਰਵਿੰਦਰ ਸਿੰਘ ਉਰਫ ਗਿੰਦਾ ਦੇ ਚਾਚੇ ਦੇ ਲੜਕੇ ਦੀ ਸੀ, ਜੋ ਉਹ ਮੰਗ ਕੇ ਲਿਆਏ ਸਨ ਬ੍ਰਾਮਦ ਕਰਵਾਈ ਗਈ।
ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਮਿਤੀ 29.06.2024 ਨੂੰ ਦੋਸ਼ੀਆਂ ਦੀ ਪੁੱਛ-ਗਿੱਛ ਦੌਰਾਨ ਉਨ੍ਹਾਂ ਦੀ ਨਿਸ਼ਾਨਦੇਹੀ ਪਰ ਚੋਰੀ ਸ਼ੁਦਾ ਸਕੂਟਰੀ ਜੂਪੀਟਰ ਨੰਬਰ PB-13BN-0255 ਅਤੇ ਮੋਟਰਸਾਇਕਲ ਡਿਸਕਵਰ PB-13AA-6119 ਬ੍ਰਾਮਦ ਕਰਵਾਕੇ ਮੁਕੱਦਮੇ ਵਿੱਚ ਭਾਰਤੀ ਦੰਡਾਵਲੀ ਦੀ ਧਾਰਾ 457 ਤੇ 380 ਤਹਿਤ ਜੁਰਮ ਵਾਧਾ ਕੀਤਾ ਗਿਆ । ਐਸ.ਐਸ.ਪੀ. ਸਰਤਾਜ ਸਿੰਘ ਚਾਹਲ ਨੇ ਕਿਹਾ ਕਿ ਤਫ਼ਤੀਸ਼ ਦੌਰਾਨ ਸਾਹਮਣੇ ਆਇਆ ਹੈ ਕਿ ਦੋਸ਼ੀ ਚੋਰੀ ਕਰਨ ਦੀ ਨੀਅਤ ਨਾਲ ਫੈਕਟਰੀ ਅੰਦਰ ਦਾਖਲ ਹੋਏ ਸਨ ਅਤੇ ਮ੍ਰਿਤਕ ਵੱਲੋਂ ਵਿਰੋਧ ਕਰਨ ਤੇ ਦੋਸ਼ੀਆਂ ਨੇ ਉਸਦਾ ਕਤਲ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਗੁਰਵਿੰਦਰ ਸਿੰਘ ਉਰਫ ਗਿੰਦਾ ਪੁੱਤਰ ਨਿਰਮਲ ਸਿੰਘ ਵਾਸੀ ਸ਼ੇਰਪੁਰ ਸੋਢੀਆਂ ਵਿਰੁੱਧ ਪਹਿਲਾਂ ਵੀ ਥਾਣਾ ਧੂਰੀ ਵਿਖੇ ਤਿੰਨ ਵੱਖ-ਵੱਖ ਜ਼ਰਮਾਂ ਦੇ ਮੁਕੱਦਮੇ ਦਰਜ ਹਨ। ਉਨ੍ਹਾਂ ਕਿਹਾ ਕਿ ਪਹਿਲਾ ਮੁਕੱਦਮਾ ਨੰਬਰ 102 ਮਿਤੀ 18.7.2023 ਅ/ਧ 307,341,323,506,34 ਹਿੰ:ਡੰ, ਦੂਜਾ ਮੁਕੱਦਮਾ ਨੰਬਰ 75 ਮਿਤੀ 03.06.2023 ਅ/ਧ 447,511,323,506,34 ਹਿੰ:ਡੰ ਅਤੇ ਤੀਜਾ ਮੁਕੱਦਮਾ ਨੰਬਰ 09 ਮਿਤੀ 20.01.2024 ਅ/ਧ 379,411 ਹਿੰ:ਡੰ ਦਰਜ ਹੈ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਹਰਵਿੰਦਰਪਾਲ ਸਿੰਘ ਉਰਫ ਪ੍ਰਿੰਸ ਪੁੱਤਰ ਗੁਰਦਰਸ਼ਨ ਸਿੰਘ ਵਾਸੀ ਸ਼ੇਰਪੁਰ ਸੋਢੀਆਂ ਵਿਰੁੱਧ ਪਹਿਲਾਂ ਵੀ 500 ਗ੍ਰਾਮ ਅਫੀਮ ਦੀ ਬਰਾਮਦਗੀ ਲਈ ਮੁਕੱਦਮਾ ਨੰਬਰ 33 ਮਿਤੀ 26.02.2024 ਐਨ.ਡੀ.ਪੀ.ਐਸ. ਦੀ ਧਾਰਾ 18 ਤਹਿਤ ਥਾਣਾ ਸਦਰ ਖੰਨਾ ਵਿਖੇ ਦਰਜ ਹੈ।
