ਪੱਲੇਦਾਰ ਮਜਦੂਰਾਂ ਵਲੋਂ ਅਣਮਿੱਥੇ ਸਮੇਂ ਦੀ ਹੜਤਾਲ ਕੀਤੀ

ਪੱਲੇਦਾਰ ਮਜਦੂਰਾਂ ਵਲੋਂ ਅਣਮਿੱਥੇ ਸਮੇਂ ਦੀ ਹੜਤਾਲ ਕੀਤੀ
ਪਟਿਆਲਾ, 2 ਜੁਲਾਈ : ਜਿਲ੍ਹਾ ਕਮੇਟੀ ਪੱਲੇਦਾਰ ਮਜਦੂਰ ਯੂਨੀਅਨ ਦੀ ਮੀਟਿੰਗ ਡਿਪੂ ਪਟਿਆਲਾ ਵਿੱਚ ਸੁਨਿਲ ਸਿੰਘ ਪ੍ਰਧਾਨ ਦੀ ਅਗਵਾਈ ਵਿੱਚ ਹੋਈ। ਜਿਸ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਮੋਹਨ ਸਿੰਘ ਮੰਜੋਲੀ ਚੇਅਰਮੈਨ ਲੇਬਰ ਸੈਲ ਪੰਜਾਬ ਨੇ ਕਿਹਾ ਕਿ ਪੰਜਾਬ ਦੀਆਂ ਫੂਡ ਏਜੰਸੀਆਂ ਵਿੱਚ ਕੰਮ ਕਰਦੇ ਪੱਲੇਦਾਰ ਮਜਦੂਰਾਂ ਵਲੋਂ 7—01—2024 ਤੋਂ ਠੇਕੇਦਾਰੀ ਸਿਸਟਮ ਦੇ ਖਿਲਾਫ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਕੋਠੀ ਦੇ ਨਜਦੀਕ ਪੱਕਾ ਧਰਨਾ ਲਗਾਇਆ ਹੋਇਆ ਹੈ। ਜਿਸ ਵਿੱਚ ਫੂਡ ਸਪਲਾਈ ਵਿਭਾਗ ਚੰਡੀਗੜ੍ਹ ਦੇ ਉੱਚ ਅਧਿਕਾਰੀਆਂ ਜਿਸ ਵਿੱਚ ਪ੍ਰਿੰਸੀਪਲ ਸੈਕਟਰੀ ਪੰਜਾਬ ਨੇ 21—04—2024 ਨੁੰ ਵਿਸ਼ਵਾਸ਼ ਦਿਵਾਇਆ ਸੀ ਕਿ 30—06—2024 ਤੱਕ ਫੂਡ ਏਜੰਸੀਆਂ ਦਾ ਕੰਮ ਪਹਿਲਾਂ ਵਾਂਗ ਹੀ ਕੀਤਾ ਜਾਵੇ ਤਾਂ ਕਿ ਅਸੀਂ 01—07—2024 ਤੋਂ ਬਾਅਦ ਪੰਜਾਬ ਦੀਆਂ ਪੱਲੇਦਾਰ ਮਜਦੁਰ ਯੂਨੀਅਨਾਂ ਨੂੰ ਸਿੱਧੇ ਤੌਰ ਤੇ ਕੰਮ ਦੇਣ ਦੀ ਪ੍ਰਵਾਨਗੀ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਤੋਂ ਲੈ ਕੇ ਤੁਹਾਨੂੰ ਸਿੱਧੀ ਪੇਮੈਂਟ ਕੀਤੀ ਜਾ ਸਕੇ। ਪਰੰਤੂ 01—07—2024 ਨੂੰ ਪੰਜਾਬ ਦੇ ਪ੍ਰਿੰਸੀਪਲ ਸੈਕਟਰੀ ਵਲੋਂ ਪੰਜਾਬ ਦੀ ਲੀਡਰਸ਼ਿਪ ਨੂੰ ਟਾਲ ਮਟੋਲ ਕੀਤਾ ਗਿਆ। ਇਸ ਦੇ ਰੋਸ ਵਜੋਂ ਪੰਜਾਬ ਦੀਆਂ 7 ਪੱਲੇਦਾਰ ਯੂਨੀਅਨਾਂ ਦੀ ਸਾਂਝੀ ਕਮੇਟੀ ਨੇ ਮੀਟਿੰਗ ਕਰਕੇ ਫੈਸਲਾ ਕੀਤਾ ਗਿਆ ਕਿ ਅਸੀ ਫੂਡ ਏਜੰਸੀਆਂ ਦਾ ਅਣਮਿੱਥੇ ਸਮੇਂ ਲਈ ਕੰਮ ਬੰਦ ਕਰਨ ਦੀ ਕਾਲ ਦੇ ਦਿੱਤੀ ਹੈ। ਜਦੋਂ ਤੱਕ ਪੰਜਾਬ ਸਰਕਾਰ ਵੱਲੋਂ ਠੇਕੇਦਾਰੀ ਸਿਸਟਮ ਖਤਮ ਕਰਕੇ ਪੱਲੇਦਾਰ ਮਜਦੂਰਾਂ ਨੂੰ ਸਿੱਧਾ ਭੁਗਤਾਨ ਨਹੀਂ ਕੀਤਾ ਜਾਂਦਾ ਉਦੋ ਤੱਕ ਕਿਸੇ ਵੀ ਫੂਡ ਏਜੰਸੀ ਦਾ ਕੰਮ ਨਹੀਂ ਕੀਤਾ ਜਾਵੇਗਾ ਅਤੇ ਜਲੰਧਰ ਵਿਖੇ ਜਿੰਮਨੀ ਚੋਣ ਵਿੱਚ ਪੱਲੇਦਾਰ ਮਜਦੂਰਾਂ ਵਲੋਂ ਪੰਜਾਬ ਦੀ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਜੇਕਰ ਪੰਜਾਬ ਸਰਕਾਰ ਵਲੋਂ ਕਿਸੇ ਤਰ੍ਹਾਂ ਦੀ ਪੱਲਦਾਰ ਮਜਦੂਰਾਂ ਨਾਲ ਧੱਕੇਸ਼ਾਹੀ ਕੀਤੀ ਜਾਂਦੀ ਹੈ ਤਾਂ ਉਸ ਵਿੱਚ ਜੇਕਰ ਕਿਸੇ ਵਰਕਰ ਦਾ ਨਫੇ ਨੁਕਸਾਨ ਹੁੰਦਾ ਹੈ ਤਾਂ ਉਸ ਦੀ ਜਿੰਮੇਵਾਰੀ ਪੰਜਾਬ ਸਰਕਾਰ ਅਤੇ ਚੰਡੀਗੜ੍ਹ ਫੂਡ ਸਪਲਾਈ ਵਿਭਾਗ ਦੀ ਹੋਵੇਗੀ। ਇਸ ਮੌਕੇ ਲਵਕੁਸ਼, ਰਵੀ ਮਸੀਹ, ਰਾਜ ਕੁਮਾਰ, ਪ੍ਰੇਮ ਸਿੰਘ, ਰਾਜਵੀਰ ਸਿੰਘ, ਸੋਧ ਸਿੰਘ, ਦੇਵ ਸਿੰਘ ਦੇਵੀਗੜ੍ਹ, ਗੁਰਮੀਤ ਸਿੰਘ ਪਾਤੜਾਂ, ਸੰਦੀਪ ਸਿੰਘ ਸਮਾਣਾ ਆਦਿ ਹਾਜਰ ਸਨ।
