ਅਕਾਲੀ ਦਲ ਦੇ ਐਸਸੀ ਵਿੰਗ ਨੇ ਪ੍ਰਗਟਾਇਆ ਸੁਖਬੀਰ ਬਾਦਲ ਦੀ ਲੀਡਰਸਿ਼ਪ ਵਿੱਚ ਭਰੋਸਾ

ਅਕਾਲੀ ਦਲ ਦੇ ਐਸਸੀ ਵਿੰਗ ਨੇ ਪ੍ਰਗਟਾਇਆ ਸੁਖਬੀਰ ਬਾਦਲ ਦੀ ਲੀਡਰਸਿ਼ਪ ਵਿੱਚ ਭਰੋਸਾ
ਚੰਡੀਗੜ੍ਹ 2 ਜੁਲਾਈ : ਸ਼੍ਰੋਮਣੀ ਅਕਾਲੀ ਦਲ ਦੇ ਸਮੁੱਚੇ ਐਸ ਸੀ ਵਿੰਗ ਨੇ ਅੱਜ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਲੀਡਰਸ਼ਿਪ ਵਿਚ ਭਰੋਸਾ ਪ੍ਰਗਟਾਇਆ ਤੇ ਵਿੰਗ ਦੇ ਆਗੂਆਂ ਨੇ ਐਲਾਨ ਕੀਤਾ ਕਿ ਵਿੰਗ ਦਾ ਇੱਕ ਵੀ ਆਗੂ ਜਾਂ ਵਰਕਰ ਬਾਗੀਆਂ ਦੇ ਨਾਲ ਨਹੀਂ ਹੈ, ਸਮੁੱਚਾ ਵਿੰਗ ਸੁਖਬੀਰ ਸਿੰਘ ਬਾਦਲ ਦੇ ਨਾਲ ਹੈ। ਅੱਜ ਸ਼ਾਮ ਐਸ ਸੀ ਵਿੰਗ ਦੀ ਮੀਟਿੰਗ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਵਿੰਗ ਦੇ ਪ੍ਰਧਾਨ ਗੁਲਜ਼ਾਰ ਸਿੰਘ ਰਣੀਕੇ, ਸਾਬਕਾ ਮੰਤਰੀ ਸੋਹਣ ਸਿੰਘ ਠੰਢਲ ਅਤੇ ਬੰਗਾ ਦੇ ਵਿਧਾਇਕ ਡਾ. ਸੁਖਵਿੰਦਰ ਸੁੱਖੀ ਨੇ ਕਿਹਾ ਕਿ ਐਸ ਸੀ ਵਿੰਗ ਦੇ ਸਮੁੱਚੇ ਅਹੁਦੇਦਾਰਾਂ ਤੇ ਵਰਕਰਾਂ ਨੇ ਅੱਜ ਦੀ ਮੀਟਿੰਗ ਵਿਚ ਸ਼ਮੂਲੀਅਤ ਕੀਤੀ ਤੇ ਸੁਖਬੀਰ ਸਿੰਘ ਬਾਦਲ ਦੀ ਲੀਡਰਸ਼ਿਪ ਵਿੱਚ ਪੂਰਨ ਭਰੋਸਾ ਪ੍ਰਗਟ ਕੀਤਾ।
ਉਹਨਾਂ ਕਿਹਾ ਕਿ ਜੋ ਵੀ ਰਾਜ ਵਿੱਚ ਐਸ ਸੀ ਵਰਗ ਵਾਸਤੇ ਸਰਕਾਰੀ ਸਕੀਮਾਂ ਹਨ, ਉਹ ਸਾਰੀਆਂ ਬਾਦਲ ਸਰਕਾਰ ਵੇਲੇ ਬਣਾਈਆਂ ਤੇ ਲਾਗੂ ਕੀਤੀਆਂ ਗਈਆਂ ਭਾਵੇਂ ਉਹ 200 ਯੂਨਿਟ ਮੁਫਤ ਬਿਜਲੀ ਹੋਵੇ, ਐਸ ਸੀ ਵਿਦਿਆਰਥੀਆਂ ਵਾਸਤੇ ਸਕਾਲਰਸ਼ਿਪ ਹੋਵੇ, ਸ਼ਗਨ ਸਕੀਮ ਹੋਵੇ, ਆਟਾ ਦਾਲ ਸਕੀਮ ਹੋਵੇ ਜਾਂ ਫਿਰ ਹੋਰ ਸਕੀਮਾਂ ਹੋਣ ਸਾਰੀਆਂ ਹੀ ਅਕਾਲੀ ਸਰਕਾਰਾਂ ਨੇ ਲਾਗੂ ਕੀਤੀਆਂ। ਉਹਨਾਂ ਕਿਹਾ ਕਿ ਸਮੁੱਚਾ ਐਸ ਸੀ ਵਿੰਗ ਪਾਰਟੀ ਦੇ ਨਾਲ ਹੈ ਤੇ ਕੋਈ ਵੀ ਬਾਗੀ ਆਗੂਆਂ ਨਾਲ ਨਹੀਂ ਹੈ। ਉਹਨਾਂ ਕਿਹਾ ਕਿ ਐਸ ਸੀ ਵਿੰਗ ਸੁਖਬੀਰ ਸਿੰਘ ਬਾਦਲ ਦੇ ਨਾਲ ਡੱਟ ਕੇ ਖੜ੍ਹਾ ਹੈ ਅਤੇ ਸਿਰਫ ਉਹ ਹੀ ਇਸ 120 ਸਾਲ ਪੁਰਾਣੀ ਪਾਰਟੀ ਦੀ ਅਗਵਾਈ ਕਰਨ ਲਈ ਸਭ ਤੋਂ ਯੋਗ ਆਗੂ ਹਨ ਜੋ ਗਰੀਬਾਂ, ਦਬੇ ਕੁਚਲਿਆਂ, ਕਿਸਾਨਾਂ, ਮਜ਼ਦੂਰਾਂ ਤੇ ਸਮਾਜ ਦੇ ਹੋਰ ਵਰਗਾਂ ਦੇ ਹਿੱਤਾਂ ਦੀ ਰਾਖੀ ਕਰਦੀ ਹੈ।
