ਸਰਕਾਰਾਂ ਨਵੇਂ ਕਾਨੂੰਨਾਂ ਨੂੰ ਬਗੈਰ ਪੱਖਪਾਤ ਤੇ ਨਿਰਪੱਖਤਾ ਨਾਲ ਲਾਗੂ ਕਰਨ : ਪ੍ਰੋ. ਬਡੂੰਗਰ

ਪ੍ਰੋ. ਬਡੂੰਗਰ ਨੇ ਕੇਂਦਰ ਵੱਲੋਂ ਲਿਆਂਦੇ ਨਵੇਂ ਕਾਨੂੰਨਾਂ ਦੀ ਕੀਤੀ ਆਲੋਚਨਾ
ਸਰਕਾਰਾਂ ਨਵੇਂ ਕਾਨੂੰਨਾਂ ਨੂੰ ਬਗੈਰ ਪੱਖਪਾਤ ਤੇ ਨਿਰਪੱਖਤਾ ਨਾਲ ਲਾਗੂ ਕਰਨ : ਪ੍ਰੋ. ਬਡੂੰਗਰ
ਪਟਿਆਲਾ 5 ਜੁਲਾਈ () : ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਨਵੇਂ ਕਾਨੂੰਨਾਂ ਦੀ ਤਿੱਖੀ ਆਲੋਚਨਾ ਕਰਦਿਆਂ ਕਿਹਾ ਕਿ ਅਜਿਹੇ ਨਵੇਂ ਕਾਨੂੰਨ ਥੋਪਕੇ ਆਖਿਰ ਮੋਦੀ ਸਰਕਾਰ ਸਾਬਤ ਕੀ ਕਰਨਾ ਚਾਹੁੰਦੀ ਹੈ। ਪ੍ਰੋ. ਬਡੂੰਗਰ ਨੇ ਕਿਹਾ ਕਿ ਭਾਵੇਂ ਅਸੀਂ ਸਾਰੇ ਨਵੇਂ ਕਾਨੂੰਨਾਂ ਦਾ ਸਵਾਗਤ ਕਰ ਰਹੇ ਹਾਂ, ਪਰ ਮੋਦੀ ਸਰਕਾਰ 1872 ਈ. ਵਾਲੇ, ਜਿਨ੍ਹਾਂ ਨੂੰ ਅੰਗਰੇਜ਼ਾਂ ਵੱਲੋਂ ਬਣਾਏ ਕਾਨੁੂੰਨ ਆਖਿਆ ਜਾ ਰਿਹਾ ਹੈ ਇਨ੍ਹਾਂ ਦੀ ਜਗਾ ਨਵੇਂ ਕਾਨੂੰਨ ਲਾਗੂ ਕਰਨ ਨਾਲ ਕੀ ਸਹੀ ਅਰਥਾਂ ਵਿਚ ਇਨ੍ਹਾਂ ਨਵੇਂ ਕਾਨੂੰਨਾਂ ਨੂੰ ਪਾਰਦਰਸ਼ੀ ਨਾਲ ਲਾਗੂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਕੇਂਦਰ ਅਤੇ ਰਾਜ ਸਰਕਾਰਾਂ ਅਤੇ ਕਾਨੂੰਨਾਂ ਨੂੰ ਲਾਗੂ ਕਰਨ ਵਾੀਆਂ ਏਜੰਸੀਆਂ ’ਤੇ ਵੀ ਇਹੋ ਸਵਾਲ ਖੜੇ ਹੁੰਦੇ ਹਨ ਅਜਿਹੇ ਕਾਨੂੰਨਾਂ ਨਾਲ ਆਮ ਜਨਤਾ ਨੂੰ ਕੀ ਲਾਭ, ਜਦਕਿ ਕਈ ਵਾਰ ਵੇਖਣ ਵਿਚ ਆਇਆ ਕਿ ਕਾਨੂੰਨ ਦੀਆਂ ਧੱਜੀਆਂ ਆਮ ਲੋਕ ਨਹੀਂ ਕਾਨੂੰਨ ਲਾਗੂ ਕਰਨ ਵਾਲੇ ਹੀ ਉਡਾਉਂਦੇ ਹਨ, ਜਿਸ ਨਾਲ ਆਮ ਜਨਤਾ ਦਾ ਅਜਿਹਾ ਨੁਕਸਾਨ ਹੁੰਦਾ, ਜਿਸ ਦੀ ਭਰਪਾਈ ਕਈ ਸਮਿਆਂ ਤੱਕ ਨਹੀਂ ਕੀਤੀ ਜਾ ਸਕਦੀ। ਪ੍ਰੋ. ਬਡੂੰਗਰ ਨੇ ਕਿਹਾ ਕਿ ਨਵੇਂ ਕਾਨੂੰਨਾਂ ਦੇ ਲਾਗੂ ਹੋਣ ਨਾਲ ਪਹਿਲਾਂ ਹੀ ਧੱਕੇ ਦਾ ਸ਼ਿਕਾਰ ਹੋ ਰਹੀ ਆਮ ਜਨਤਾ ਮਹਿਸੂਸ ਕਰਦੀ ਹੈ ਕਿ ਕੇਂਦਰ ਸਰਕਾਰ ਵੱਲੋਂ ਲਿਆਂਦੇ ਅਜਿਹੇ ਕਾਨੂੰਨਾਂ ਦੀ ਸਹੀ ਢੰਗ ਨਾਲ ਵਰਤੋਂ ਹੋਵੇ ਨਾ ਕਿ ਲੋਕ ਇਸ ਵਿਚ ਪਿਸਦੇ ਨਜ਼ਰ ਆਉਣ। ਉਨ੍ਹਾਂ ਕਿਹਾ ਕਿ ਦੇਸ਼ ਦੀ ਜਨਤਾ ਪਹਿਲਾਂ ਹੀ ਬੇਰੁਜ਼ਗਾਰੀ ਅਤੇ ਆਰਥਿਕ ਮਸਲਿਆਂ ਵਿਚ ਉਲਝੀ ਅਤੇ ਲੀਹੋ ਲੱਥੀ ਵਿਖਾਈ ਦੇ ਰਹੀ ਹੈ ਅਜਿਹੇ ਵਿਚ ਜੇ ਉਨ੍ਹਾਂ ’ਤੇ ਨਵੇਂ ਕਾਨੂੰਨਾਂ ਦੀ ਗਲਤ ਵਰਤੋਂ ਹੁੰਦੀ ਹੈ ਤਾਂ ਉਸ ਲਈ ਵੀ ਸਰਕਾਰਾਂ ਹੀ ਜ਼ਿੰਮੇਵਾਰੀਆਂ ਹੋਣਗੀਆਂ। ਸਾਬਕਾ ਪ੍ਰਧਾਨ ਨੇ ਕਿਹਾ ਕਿ ਨਵੇਂ ਕਾਨੂੰਨਾਂ ਦੀ ਸਹੀ ਵਰਤੋਂ ਦੇ ਨਾਲ ਨਾਲ ਇਹ ਵੀ ਸਰਕਾਰਾਂ, ਏਜੰਸੀਆਂ ਦੀ ਜ਼ਿੰਮੇਵਾਰੀ ਹੈ ਕਿ ਨਿਰਪੱਖਤਾ ਅਤੇ ਬਗੈਰ ਪੱਖਪਾਤ ਤੋਂ ਅਜਿਹੇ ਕਾਨੂੰਨਾਂ ਦੀ ਵਰਤੋਂ ਹੋਣੀ ਚਾਹੀਦੀ ਹੈ ਤਾਂ ਕਿ ਦੇਸ਼ ਦੇ ਸੰਵਿਧਾਨ, ਅਦਾਲਤਾਂ ਅਤੇ ਕਾਨੂੰਨੀ ਪ੍ਰਕਿਰਿਆ ਵਿਚ ਲੋਕਾਂ ਦਾ ਭਰੋਸਾ ਵਧੇਰੇ ਕਾਇਮ ਹੋ ਸਕੇ।
