ਰਾਹੁਲ ਗਾਂਧੀ ਤੀਜੀ ਵਾਰ ਹਾਰ ਤੋਂ ਬਾਅਦ ਬੁਖਲਾਹਟ ਵਿੱਚ ਹਨ : ਸੈਣੀ
ਰਾਹੁਲ ਗਾਂਧੀ ਤੀਜੀ ਵਾਰ ਹਾਰ ਤੋਂ ਬਾਅਦ ਬੁਖਲਾਹਟ ਵਿੱਚ ਹਨ : ਸੈਣੀ
ਸਿਰਸਾ, 4 ਜੁਲਾਈ : ਰਾਹੁਲ ਗਾਂਧੀ ਤੀਜੀ ਵਾਰ ਹਾਰ ਤੋਂ ਬਾਅਦ ਬੁਖਲਾਹਟ ਵਿੱਚ ਨਹੀਂ ਆ ਗਏ ਹਨ ਬਲਕਿ ਉਨ੍ਹਾਂ ਨੇ ਸੰਸਦ ਵਿੱਚ ਹਿੰਦੂਆਂ ਦਾ ਕਥਿਤ ਤੌਰ ’ਤੇ ਅਪਮਾਨ ਵੀ ਕੀਤਾ ਹੈ, ਜਿਸ ਕਰਕੇ ਉਨ੍ਹਾਂ ਨੂੰ ਸਭ ਤੋਂ ਪਹਿਲਾਂ ਹਿੰਦੂ ਸਮਾਜ ਬਾਰੇ ਹੋਰ ਗਿਆਨ ਪ੍ਰਾਪਤ ਕਰਨ ਦੀ ਲੋੜ ਹੈ।ਇਹ ਵਿਚਾਰ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਨੇ ਚੌਧਰੀ ਦੇਵੀ ਲਾਲ ਯੂਨੀਵਰਸਿਟੀ ’ਚ ਕਰੋੜਾਂ ਰੁਪਏ ਦੀ ਲਾਗਤ ਨਾਲ ਬਣੀਆਂ ਕਈ ਯੋਜਨਾਵਾਂ ਦਾ ਉਦਘਾਟਨ ਤੇ ਕਈਆਂ ਦੇ ਨੀਂਹ ਪੱਥਰ ਰੱਖਣ ਮੌਕੇ ਗੱਲਬਾਤ ਕਰਨ ਦੌਰਾਨ ਪ੍ਰਗਟ ਕੀਤੇ। ਸ੍ਰੀ ਸੈਣੀ ਨੇ ਕਿਹਾ ਕਿ ਰਾਹੁਲ ਗਾਂਧੀ ਕਾਂਗਰਸ ਦੀ ਤੀਜੀ ਵਾਰ ਦੀ ਹਾਰ ਤੋਂ ਬੁਖ਼ਲਾਹਟ ਵਿੱਚ ਹਨ ਜਿਸ ਕਾਰਨ ਉਹ ਹਿੰਦੂ ਸਮਾਜ ਨੂੰ ਹਿੰਸਕ ਦੱਸ ਰਹੇ ਹਨ। ਉਨ੍ਹਾਂ ਕਿਹਾ ਕਿ ਹਰਿਆਣਾ ਵਿੱਚ ਕਾਂਗਰਸ ਪਾਰਟੀ ਗੁੱਟਬਾਜ਼ੀ ਦਾ ਸ਼ਿਕਾਰ ਹੈ। ਇੱਥੇ ਤੀਜੀ ਵਾਰ ਭਾਜਪਾ ਦੀ ਸਰਕਾਰ ਬਣੇਗੀ। ਇਸ ਤੋਂ ਪਹਿਲਾਂ ਦੇਸ਼ੂਯੋਧਾ ਤੇ ਉਨ੍ਹਾਂ ਦੇ ਹਮਾਇਤੀਆਂ ਨੂੰ ਪੰਚਾਇਤ ਭਵਨ ਵਿੱਚ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਭਾਜਪਾ ਵਿੱਚ ਸ਼ਾਮਲ ਕੀਤਾ। ਇਸ ਮਗਰੋਂ ਉਨ੍ਹਾਂ ਨੇ ਯੂਨੀਵਰਸਿਟੀ ਦੇ ਮਲਟੀਪਰਪਜ਼ ਹਾਲ ਵਿੱਚ ਕਰਵਾਏ ਪ੍ਰੋਗਰਾਮ ਵਿੱਚ 78 ਕਰੋੜ ਰੁਪਏ ਤੋਂ ਵੱਧ ਦੇ 13 ਵਿਕਾਸ ਪ੍ਰਾਜੈਕਟਾਂ ਦਾ ਉਦਘਾਟਨ ਕੀਤਾ ਅਤੇ 67 ਕਰੋੜ 66 ਲੱਖ 72 ਹਜ਼ਾਰ ਰੁਪਏ ਦੀ ਲਾਗਤ ਵਾਲੇ 8 ਵੱਖ-ਵੱਖ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਹਾਜ਼ਰ ਲੋਕਾਂ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸਾਡੀ ਸਰਕਾਰ ਲੋੜਵੰਦਾਂ ਦੀ ਭਲਾਈ ਲਈ ਲਗਾਤਾਰ ਕੰਮ ਕਰ ਰਹੀ ਹੈ। ਇਸ ਮੌਕੇ ਬਿਜਲੀ ਮੰਤਰੀ ਰਣਜੀਤ ਸਿੰਘ ਚੌਟਾਲਾ, ਡਾ. ਅਸ਼ੋਕ ਤੰਵਰ, ਉੜੀਸਾ ਦੇ ਸਾਬਕਾ ਰਾਜਪਾਲ ਪ੍ਰੋ. ਗਣੇਸ਼ੀ ਲਾਲ, ਅਮਨ ਚੋਪੜਾ ਹਾਜ਼ਰ ਸਨ।