ਪੀ. ਆਰ. ਟੀ. ਸੀ. ਵਿਚ ਕੰਮ ਕਰਦੀਆਂ ਛੇ ਜਥੇਬੰਦੀਆਂ ਦਿੱਤਾ ਪੀ. ਆਰ. ਟੀ. ਸੀ. ਮੁੱਖ ਦਫ਼ਤਰ ਅੱਗੇ ਧਰਨਾ

ਪੀ. ਆਰ. ਟੀ. ਸੀ. ਵਿਚ ਕੰਮ ਕਰਦੀਆਂ ਛੇ ਜਥੇਬੰਦੀਆਂ ਦਿੱਤਾ ਪੀ. ਆਰ. ਟੀ. ਸੀ. ਮੁੱਖ ਦਫ਼ਤਰ ਅੱਗੇ ਧਰਨਾ
ਪਟਿਆਲਾ 3 ਜੁਲਾਈ : ਪਟਿਆਲਾ ਨਾਭਾ ਰੋਡ ਤੇ ਸਥਿਤ ਪੀ. ਆਰ. ਟੀ. ਸੀ. ਦੇ ਮੁੱਖ ਦਫ਼ਤਰ ਵਿਖੇ ਪੀ. ਆਰ. ਟੀ. ਸੀ. ਵਿੱਚ ਕੰਮ ਕਰਦੀਆਂ ਛੇ ਜਥੇਬੰਦੀਆਂ ਸਬੰਧਤ ਏਟਕ, ਇੰਟਕ, ਕਰਮਚਾਰੀ ਦਲ, ਐਸ. ਸੀ. ਬੀ. ਸੀ., ਕੰਟਰੈਕਟ ਯੂਨੀਅਨ ਅਜ਼ਾਦ ਅਤੇ ਰਿਟਾਇਰ ਵਰਕਰਜ਼ ਭਾਈਚਾਰਾ ਯੂਨੀਅਨ ਤੇ ਆਧਾਰਤ ਪੀ. ਆਰ. ਟੀ. ਸੀ. ਵਰਕਰਜ਼ ਐਕਸ਼ਨ ਕਮੇਟੀ ਵਲੋਂ ਵਰਕਰਾਂ ਦੀਆਂ ਮੰਗਾਂ ਨੂੰ ਵਿਸ਼ਾਲ ਰੋਸ ਧਰਨਾ ਦਿੱਤਾ ਗਿਆ। ਧਰਨੇ ਵਿੱਚ ਇੱਕ ਹਜਾਰ ਤੋਂ ਵੱਧ ਗਿਣਤੀ ਵਿੱਚ ਕਰਮਚਾਰੀਆਂ ਨੇ ਸ਼ਾਮਲ ਹੋਕੇ ਆਪਣੇ ਗੁੱਸੇ ਦਾ ਜਬਰਦਸਤ ਪ੍ਰਗਟਾਵਾ ਕੀਤਾ। ਧਰਨਾਕਾਰੀਆਂ ਦੀ ਅਗਵਾਈ ਸ੍ਰੀ ਨਿਰਮਲ ਸਿੰਘ ਧਾਲੀਵਾਲ ਕਨਵੀਨਰ ਅਤੇ ਸਰਵ ਸ੍ਰੀ ਬਲਦੇਵ ਰਾਜ ਬੱਤਾ, ਹਰਪ੍ਰੀਤ ਸਿੰਘ ਖੱਟੜਾ, ਰਾਕੇਸ਼ ਕੁਮਾਰ ਦਾਤਾਰਪੁਰੀ, ਮਨਜਿੰਦਰ ਕੁਮਾਰ ਬੱਬੂ ਸ਼ਰਮਾ ਅਤੇ ਮੁਹੰਮਦ ਖਲੀਲ ਕਰ ਰਹੇ ਸਨ।
ਜਿਨ੍ਹਾਂ ਮੁੱਖ ਮੰਗਾਂ ਨੂੰ ਲੈ ਕੇ ਐਜੀਟੇਸ਼ਨ ਦੇ ਪਹਿਲੇ ਪੜਾਅ ਵਜੋਂ ਅੱਜ ਦਾ ਧਰਨਾ ਦਿੱਤਾ ਗਿਆ। ਉਹਨਾਂ ਵਿੱਚ ਕੰਟਰੈਕਟ, ਆਊਟ ਸੋਰਸ ਵਰਕਰਾਂ ਨੂੰ ਰੈਗੂਲਰ ਕਰਨਾ, ਮਾਣਯੋਗ ਹਾਈਕੋਰਟ ਦੇ ਹੁਕਮ ਦੀ ਪਾਲਣਾ ਕਰਕੇ ਸੰਨ 2004 ਤੋਂ ਪਹਿਲਾਂ ਦੇ ਭਰਤੀ ਹੋਏ 600 ਕਰਮਚਾਰੀਆਂ ਨੂੰ 1992 ਦੀ ਪੈਨਸ਼ਨ ਸਕੀਮ ਦੇ ਹੱਕਦਾਰ ਬਣਾਉਣਾ, ਸੁਪਰਵਾਈਜਰੀ ਚੈਕਿੰਗ ਸਟਾਫ ਨੂੰ ਔਖੀਆ ਕੰਮ ਹਲਾਤਾ ਦੇ ਮੱਦੇਨਜ਼ਰ 5000 ਰੁਪਏ ਪ੍ਰਤੀ ਮਹੀਨਾ ਵਿਸ਼ੇਸ਼ ਭੱਤਾ ਦੇਣਾ, ਕੰਟਰੈਕਟ/ਆਊਟ ਸੋਰਸ ਵਰਕਰਾਂ ਨੂੰ 4 ਰਿਪੋਰਟਾਂ ਉਪਰੰਤ ਬਲੈਕਲਿਸਟ ਕਰਨਾ ਬੰਦ ਕਰਾਉਣਾ, ਕੰਟਰੈਕਟ / ਆਊਟ ਸੋਰਸ ਵਰਕਰਾਂ ਵਿਰੁੱਧ ਅਨੁਸ਼ਾਸ਼ਨੀ ਕਾਰਵਾਈ ਕਰਨ ਲਈ ਠੋਸੀਆਂ ਗਈਆਂ ਗੈਰ ਕਾਨੂੰਨੀ ਸਖਤ ਸ਼ਰਤਾ ਨੂੰ ਨਰਮ ਕਰਕੇ ਤਰਕਸੰਗਤ ਬਣਾਉਣਾ, ਮਾਨਯੋਗ ਹਾਈ ਕੋਰਟ ਦੇ ਨਿਰਦੇਸ਼ਾਂ ਅਨੁਸਾਰ ਵੇਟਿੰਗ ਲਿਸਟ ਵਿੱਚ ਰੱਖੇ ਸਾਰੇ ਕਰਮਚਾਰੀਆਂ ਨੂੰ ਤੁਰੰਤ ਡਿਊਟੀਆਂ ਤੇ ਪਾਉਣਾ, ਸਮੁੱਚੇ ਕੰਟਰੈਕਟ / ਆਊਟ ਸੋਰਸ ਕਰਮਚਾਰੀਆਂ ਦੀਆਂ ਤਨਖਾਹਾਂ ਵਿੱਚ ਇੱਕਸਾਰਤਾ ਲਿਆਉਣਾ, ਅਡਵਾਂਸ ਬੁਕਰਜ਼ ਦੇ ਕਮਿਸ਼ਨ ਵਿੱਚ ਯੋਗ ਵਾਧਾ ਕਰਨਾ, 1992 ਦੀ ਪੈਨਸ਼ਨ ਸਕੀਮ ਤੋਂ ਵਾਂਝੇ ਰਹਿੰਦੇ 400 ਬਜੁਰਗ ਸੇਵਾ ਮੁਕਤ ਕਰਮਚਾਰੀਆਂ ਨੂੰ ਪੈਨਸ਼ਨ ਦੇਣਾ, ਵਰਕਰਾਂ ਦੇ ਬਣਦੇ ਕਰੋੜਾਂ ਰੁਪਏ ਦੇ ਸੇਵਾ ਮੁਕਤੀ ਲਾਭ ਅਤੇ ਹੋਰ ਬਕਾਏ ਅਦਾ ਕਰਨੇ, ਪੈਨਸ਼ਰਾਂ ਨੂੰ 2 ਸਾਲ ਬਾਅਦ ਸਫਰ ਭੱਤੇ ਦੇ ਤੌਰ ਤੇ ਪੰਜਾਬ ਸਰਕਾਰ ਦੇ ਹੁਕਮਾ ਅਨੁਸਾਰ ਇੱਕ ਬੇਸਿਕ ਪੈਨਸ਼ਨ ਦੀ ਰਾਸ਼ੀ ਦੇਣਾ, ਪੀ.ਆਰ.ਟੀ.ਸੀ. ਵਿੱਚ ਆਪਣੀ ਮਾਲਕੀ ਵਾਲੀਆਂ 500 ਬੱਸਾਂ ਤੁਰੰਤ ਪਾਉਣਾ, ਪੰਜਾਬ ਸਰਕਾਰ ਤੋਂ ਮੁਫ਼ਤ ਸਫਰ ਸਹੂਲਤਾਂ ਬਦਲੇ ਬਣਦੀ 400 ਕਰੋੜ ਰੁਪਏ ਤੋਂ ਵੱਧ ਦੀ ਰਕਮ ਲੈਣਾ, ਫਲਾਇੰਗ ਸਟਾਫ ਨੂੰ ਪਟਿਆਲਾ ਹੈਡ ਕੁਆਟਰ ਦਾ ਹਾਊਸ ਰੈਂਟ ਦਿੱਤਾ ਜਾਣਾ, ਸਹਾਇਕ ਆਡੀਟਰਾਂ ਦੀ ਉਚ ਯੋਗਤਾ ਅਤੇ ਵੱਧ ਜਿੰਮੇਵਾਰੀ ਮੰਨਦੇ ਹੋਏ ਉਹਨਾਂ ਦੀ ਤਨਖਾਹ ਵਿੱਚ ਬਣਦਾ ਯੋਗ ਵਾਧਾ ਕਰਨਾ, ਵਰਕਰਾਂ ਦੀਆਂ ਬਣਦੀਆਂ ਤਰੱਕੀਆਂ ਬਿਨਾਂ ਦੇਰੀ ਕਰਨਾ, ਰੈਗੂਲਰ ਅਧਾਰ ਤੇ ਭਰਤੀ ਹੋਏ 3 ਸਾਲ ਬੇਸਿਕ ਪੇਅ ਤੇ ਕੰਮ ਕਰਦੇ ਕਰਮਚਾਰੀਆਂ ਨੂੰ ਬਣਦੀ ਮਿਤੀ ਤੋਂ ਰੈਗੂਲਰ ਪੂਰਾ ਸਕੇਲ ਦਿੱਤਾ ਜਾਵੇ, ਸਰੈਂਡਰ ਕੀਤੀਆਂ ਪੋਸਟਾਂ ਪੁਨਰ ਸੁਰਜੀਤ ਕਰਨੀਆਂ, ਕਿਸੇ ਵੀ ਕਰਮਚਾਰੀ ਦੀ ਡਿਊਟੀ ਦੌਰਾਨ ਗੈਰਕੁਦਰਤੀ ਮੌਤ ਦੇ ਮੁਆਵਜੇ ਵਜੋਂ 50 ਲੱਖ ਰੁਪਏ ਦੀ ਮੁਆਵਜਾ ਰਾਸ਼ੀ ਦੇਣਾ, ਵਰਕਸ਼ਾਪ ਸਟਾਫ ਦੇ ਕੰਟਰੈਕਟ / ਆਊਟ ਸੋਰਸ ਕਰਮਚਾਰੀਆਂ ਨੂੰ ਸੈਮੀ ਸਕਿਲਡ, ਸਕਿਲਡ ਅਤੇ ਉਚ ਸਿੱਖਿਅਤ ਅਨੁਸਾਰ ਤਨਖਾਹ ਦੇਣਾ ਅਤੇ ਪੀ.ਆਰ.ਟੀ.ਸੀ. ਦੇ ਲੜਖੜਾਏ ਪ੍ਰਬੰਧਕੀ ਢਾਂਚੇ ਨੂੰ ਠੀਕ ਕਰਾਉਣ ਲਈ ਸਰਕਾਰ ਦਾ ਧਿਆਨ ਖਿਚਣਾ ਆਦਿ ਸ਼ਾਮਲ ਹਨ।
ਐਕਸ਼ਨ ਕਮੇਟੀ ਦੇ ਬੁਲਾਰਿਆਂ ਸਰਵ ਸ੍ਰੀ ਨਿਰਮਲ ਸਿੰਘ ਧਾਲੀਵਾਲ, ਬਲਦੇਵ ਰਾਜ ਬੱਤਾ, ਹਰਪ੍ਰੀਤ ਸਿੰਘ ਖੱਟੜਾ, ਰਾਕੇਸ਼ ਕੁਮਾਰ ਦਤਾਰਪੁਰੀ, ਮਨਜਿੰਦਰ ਕੁਮਾਰ ਬੱਬੂ ਸ਼ਰਮਾ ਅਤੇ ਮੁਹੰਮਦ ਖਲੀਲ ਨੇ ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਮੈਨੇਜਮੈਂਟ ਵਰਕਰਾਂ ਦੀਆਂ ਕਾਨੂੰਨਾਂ ਅਤੇ ਸਰਕਾਰ ਵਲੋਂ ਪ੍ਰਵਾਨਤ ਅਤੇ ਲਾਗੂ ਕੀਤੇ ਹੁਕਮਾਂ ਅਨੁਸਾਰ ਮਿਲਣਯੋਗ ਸਹੂਲਤਾਂ ਲਾਗੂ ਨਹੀਂ ਕਰ ਰਹੀ। ਜਿਸਦਾ ਸਾਫ ਮਤਲਬ ਹੈ ਕਿ ਇਹ ਅਫਸਰਸ਼ਾਹੀ ਨਾ ਕਾਨੂੰਨਾ ਦਾ ਆਦਰ ਕਰਦੀ ਹੈ ਨਾ ਹੀ ਇਹ ਸਰਕਾਰ ਦੇ ਹੁਕਮਾ ਅਤੇ ਫੈਸਲਿਆਂ ਦੀ ਪ੍ਰਵਾਹ ਕਰਦੀ ਹੈ। ਜਿੱਥੇ ਅਜਿਹਾ ਵਤੀਰਾ ਵਰਕਰਾਂ ਪ੍ਰਤੀ ਨੈਤਿਕ ਤੌਰ ਤੇ ਵੀ ਠੀਕ ਨਹੀਂ ਉੱਥੇ ਹੀ ਇਹ ਵਰਕਰਾਂ ਵਿਰੁੱਧ ਜਾਲਸਾਨਾ ਵਿਵਹਾਰ ਤੋਂ ਘੱਟ ਨਹੀਂ। ਪੀ.ਆਰ.ਟੀ.ਸੀ. ਦਾ ਪ੍ਰਬੰਧਕੀ ਢਾਂਚਾ ਕਿਸੇ ਵੀ ਸਮੇਂ ਨਾਲੋਂ ਜਿਵੇਂ ਅੱਜਕਲ ਅਵੇਸਲੇਪਣ, ਤਾਲਮੇਲ ਦੀ ਘਾਟ ਅਤੇ ਬੇਯਕੀਨੀ ਦੇ ਆਲਮ ਵਿਚੋਂ ਗੁਜਰ ਰਿਹਾ ਹੈ, ਉਸ ਤੋਂ ਸਾਫ ਜਾਹਿਰ ਹੈ ਕਿ ਕੁੱਝ ਸਮੇਂ ਬਾਅਦ ਅਦਾਰੇ ਉਪਰ ਅਜਿਹੇ ਮਹੌਲ ਦੇ ਦੁਰਪ੍ਰਭਾਵ ਸਪਸ਼ਟ ਨਜਰ ਆਉਣਗੇ। ਸਿਆਸੀ ਤੋਰ ਤੇ ਨਿਯੁਕਤ ਕੀਤੇ ਚੇਅਰਮੈਨ ਵਲੋਂ ਵੀ ਅਜੇ ਤੱਕ ਅਜਿਹੀ ਕੋਈ ਭੂਮਿਕਾ ਨਿਭਾਈ ਨਜਰ ਨਹੀਂ ਆਉਂਦੀ ਜਿਸ ਤੋਂ ਆਸ ਬੱਝੀ ਹੋਵੇ ਕਿ ਪੀ.ਆਰ.ਟੀ.ਸੀ. ਦਾ ਪ੍ਰਬੰਧ ਸੁਚਾਰੂ ਰੂਪ ਵਿੱਚ ਚਲ ਪਾਏਗਾ ਜਾਂ ਨਹੀਂ।
ਬੁਲਾਰਿਆਂ ਨੇ ਮੈਨੇਜਮੈਂਟ ਨੂੰ ਚਿਤਾਵਨੀ ਦਿੰਦਿਆ ਕਿਹਾ ਕਿ ਜੇਕਰ ਵਰਕਰਾਂ ਦੀਆਂ ਹੱਕੀ ਅਤੇ ਵਾਜਬ ਮੰਗਾਂ ਦਾ ਤਰਕਸੰਗਤ ਜਲਦੀ ਨਿਪਟਾਰਾ ਨਾ ਕੀਤਾ ਅਤੇ ਅਦਾਰੇ ਦੇ ਸੁਧਾਰ ਹਿੱਤ ਵਿੱਚ ਕੋਈ ਠੋਸ ਕਦਮ ਨਾ ਚੁੱਕੇ ਗਏ ਤਾਂ ਐਕਸ਼ਨ ਕਮੇਟੀ ਦੀ ਅਗਲੇ ਹਫਤੇ ਹੋਣ ਵਾਲੀ ਮੀਟਿੰਗ ਵਿੱਚ ਹੋਰ ਸਖਤ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ।
ਜਿਹੜੇ ਹੋਰ ਆਗੂਆਂ ਨੇ ਅੱਜ ਦੇ ਧਰਨੇ ਨੂੰ ਸੰਬੋਧਨ ਕੀਤਾ ਉਹਨਾ ਵਿੱਚ ਸਰਵਸ੍ਰੀ ਉਤਮ ਸਿੰਘ ਬਾਗੜੀ, ਗੰਡਾ ਸਿੰਘ, ਦਲਜੀਤ ਸਿੰਘ, ਬਿਕਰਮਜੀਤ ਸ਼ਰਮਾ, ਨਸੀਬ ਚੰਦ, ਗੁਰਧਿਆਨ ਸਿੰਘ, ਸ਼ਾਮਲ ਸਨ।
