ਅੰਗ੍ਰੇਜ਼ਾਂ ਦੇ ਜਮਾਨੇ ਦੇ ਕਾਨੂੰਨਾਂ ਵਿਚ ਲਿਆਂਦੀ ਤਬਦੀਲੀ ਵਾਲੇ ਕਾਨੂੰਨ ਅੱਜ ਹੋਣਗੇ ਲਾਗੂ

ਅੰਗ੍ਰੇਜ਼ਾਂ ਦੇ ਜਮਾਨੇ ਦੇ ਕਾਨੂੰਨਾਂ ਵਿਚ ਲਿਆਂਦੀ ਤਬਦੀਲੀ ਵਾਲੇ ਕਾਨੂੰਨ ਅੱਜ ਹੋਣਗੇ ਲਾਗੂ
ਨਵੀਂ ਦਿੱਲੀ : ਸੰਸਾਰ ਦੇ ਸਭ ਤੋ ਵੱਡੇ ਲੋਕਤੰਤਰਿਕ ਦੇਸ਼ ਮੰਨੇ ਜਾਣ ਵਾਲੇ ਭਾਰਤ ਦੀ ਅਪਰਾਧਿਕ ਨਿਆਂ ਪ੍ਰਣਾਲੀ ’ਚ ਵੱਡੇ ਪੱਧਰ ’ਤੇ ਤਬਦੀਲੀਆਂ ਲਿਆਉਣ ਤੇ ਅੰਗਰੇਜ਼ਾਂ ਦੇ ਜ਼ਮਾਨੇ ਦੇ ਕਾਨੂੰਨਾਂ ਨੂੰ ਖ਼ਤਮ ਕਰਦਿਆਂ ਭਾਰਤ ਦੇਸ਼ ਵਿਚ ਤਿੰਨ ਨਵੇਂ ਅਪਰਾਧਿਕ ਕਾਨੂੰਨ ਅੱਜ ਯਾਨੀ ਕਿ ਸੋੋਮਵਾਰ ਤੋਂ ਹੀ ਆਪਣਾ ਕੰਮ ਕਰਨਾ ਸ਼ੁਰੂ ਕਰ ਦੇਣਗੇ। ਇੰਡੀਅਨ ਜੁਡੀਸ਼ੀਅਲ ਕੋਡ, ਇੰਡੀਅਨ ਸਿਵਲ ਡਿਫੈਂਸ ਕੋਡ ਤੇ ਇੰਡੀਅਨ ਐਵੀਡੈਂਸ ਐਕਟ ਬ੍ਰਿਟਿਸ਼ ਯੁੱਗ ਦੇ ਇੰਡੀਅਨ ਪੀਨਲ ਕੋਡ, ਕੋਡ ਆਫ ਕ੍ਰਿਮੀਨਲ ਪ੍ਰੋਸੀਜ਼ਰ ਤੇ ਇੰਡੀਅਨ ਐਵੀਡੈਂਸ ਐਕਟ ਦੀ ਥਾਂ ਲੈਣਗੇ। ਨਵੇਂ ਕਾਨੂੰਨ ਇਕ ਆਧੁਨਿਕ ਨਿਆਂ ਪ੍ਰਣਾਲੀ ਦੀ ਸਥਾਪਨਾ ਕਰਨਗੇ ਜਿਸ ’ਚ ‘ਜ਼ੀਰੋ ਐੱਫ. ਆਈ. ਆਰ.’, ਪੁਲਸ ਕੋਲ ਆਨਲਾਈਨ ਸ਼ਿਕਾਇਤ ਦਾਇਰ ਕਰਨਾ, ਇਲੈਕਟ੍ਰਾਨਿਕ ਸਾਧਨ ਜਿਵੇਂ ਐੱਸ. ਐੱਮ. ਐੱਸ. (ਮੋਬਾਈਲ ਫੋਨ ’ਤੇ ਸੰਦੇਸ਼) ਰਾਹੀਂ ਸੰਮਨ ਭੇਜਣਾ ਤੇ ਘਿਨਾਉਣੇ ਅਪਰਾਧਾਂ ਵਾਲੀ ਥਾਂ ਦੀ ਲਾਜ਼ਮੀ ਵੀਡੀਓਗ੍ਰਾਫੀ ਵਰਗੇ ਸਾਰੇ ਉਪਬੰਧ ਸ਼ਾਮਲ ਹੋਣਗੇ।ਅਧਿਕਾਰਤ ਸੂਤਰਾਂ ਨੇ ਕਿਹਾ ਕਿ ਇਨ੍ਹਾਂ ਕਾਨੂੰਨਾਂ ਨੇ ਕੁਝ ਮੌਜੂਦਾ ਸਮਾਜਿਕ ਹਕੀਕਤਾਂ ਅਤੇ ਅਪਰਾਧਾਂ ਨਾਲ ਨਜਿੱਠਣ ਦੀ ਕੋਸ਼ਿਸ਼ ਕੀਤੀ ਤੇ ਸੰਵਿਧਾਨ ’ਚ ਦਰਜ ਆਦਰਸ਼ਾਂ ਨੂੰ ਧਿਆਨ ’ਚ ਰੱਖਦੇ ਹੋਏ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣ ਲਈ ਇਕ ਪ੍ਰਣਾਲੀ ਪ੍ਰਦਾਨ ਕੀਤੀ।
