ਮੁੱਖ ਮੰਤਰੀ ਭਗਵੰਤ ਮਾਨ ਨੇ ਸ੍ਰੀ ਰਾਕੇਸ਼ ਯਾਦਵ ਨੂੰ ਦਿੱਤੀ ਭਾਵ ਭਿੰਨੀ ਸ਼ਰਧਾਂਜਲੀ

ਮੁੱਖ ਮੰਤਰੀ ਭਗਵੰਤ ਮਾਨ ਨੇ ਸ੍ਰੀ ਰਾਕੇਸ਼ ਯਾਦਵ ਨੂੰ ਦਿੱਤੀ ਭਾਵ ਭਿੰਨੀ ਸ਼ਰਧਾਂਜਲੀ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਮੇਤ ਕਈ ਨਾਮੀ ਸ਼ਖ਼ਸੀਅਤਾਂ ਵਲੋਂ ਅੰਤਿਮ ਅਰਦਾਸ ਵਿੱਚ ਸ਼ਮੂਲੀਅਤ
ਚੰਡੀਗੜ੍ਹ, 30 ਜੂਨ: ਕੈਬਨਿਟ ਮੰਤਰੀ ਪੰਜਾਬ ਸਰਦਾਰ ਹਰਜੋਤ ਸਿੰਘ ਬੈਂਸ ਦੇ ਸਹੁਰਾ ਅਤੇ ਆਈ.ਪੀ.ਐਸ.ਅਧਿਕਾਰੀ ਜਯੋਤੀ ਯਾਦਵ ਦੇ ਪਿਤਾ ਸ੍ਰੀ ਰਾਕੇਸ਼ ਯਾਦਵ ਨੂੰ ਅੱਜ ਇਥੇ ਸੈਕਟਰ 11 ਦੇ ਗੁਰਦੁਆਰਾ ਸਾਹਿਬ ਵਿਚ ਭਾਵਭਿੰਨੀ ਸ਼ਰਧਾਂਜਲੀ ਦਿੱਤੀ ਗਈ।
ਸ੍ਰੀ ਰਾਕੇਸ਼ ਯਾਦਵ ਦਾ 17 ਜੂਨ 2024 ਨੂੰ ਗੁਰੂਗ੍ਰਾਮ ਵਿਖੇ ਸੰਖੇਪ ਬੀਮਾਰੀ ਉਪਰੰਤ ਦਿਹਾਂਤ ਹੋ ਗਿਆ ਸੀ।
ਅੰਤਿਮ ਅਰਦਾਸ ਮੌਕੇ ਆਈਆਂ ਹੋਈਆਂ ਸੰਗਤਾਂ ਦਾ ਧੰਨਵਾਦ ਕਰਦਿਆਂ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਨੇਕਿਹਾ ਕਿ ਸ਼੍ਰੀ ਰਾਕੇਸ਼ ਯਾਦਵ ਜਿੱਥੇ ਸਮਾਜ ਸੇਵਾ ਲਈ ਹਮੇਸ਼ਾਂ ਤੱਤਪਰ ਰਹਿੰਦੇ ਸਨ, ਉਨ੍ਹਾਂ ਆਪਣੇ ਬੱਚਿਆਂ ਨੂੰ ਵੀ ਮਿਆਰੀ ਸਿੱਖਿਆ ਦੇ ਕੇ ਦੇਸ਼ ਦੀ ਸੇਵਾ ਕਰਨ ਦੇ ਯੋਗ ਬਣਾਇਆ।
ਉਨ੍ਹਾਂ ਕਿਹਾ ਕਿ ਮਾਪਿਆਂ ਦਾ ਜ਼ਿੰਦਗੀ ਚ ਅਹਿਮ ਸਥਾਨ ਅਤੇ ਯੋਗਦਾਨ ਹੁੰਦਾ ਹੈ, ਸਾਨੂੰ ਸਾਰਿਆਂ ਨੂੰ ਆਪਣੇ ਮਾਂ-ਬਾਪ ਦੀ ਵੱਧ ਤੋਂ ਵੱਧ ਸੇਵਾ ਕਰਨੀ ਚਾਹੀਦੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਮਾਤਾ ਪਿਤਾ ਦੀ ਘਾਟ ਜ਼ਿੰਦਗੀ ਵਿੱਚ ਕਦੇ ਵੀ ਪੂਰੀ ਨਹੀਂ ਹੁੰਦੀ, ਉਨ੍ਹਾਂ ਕਿਹਾ ਕਿ ਸਾਨੂੰ ਪ੍ਰਮਾਤਮਾ ਦਾ ਇਹ ਭਾਣਾ ਮਿੱਠਾ ਕਰਕੇ ਮੰਨਣਾ ਪਵੇਗਾ।
ਉਨ੍ਹਾਂ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਗੁਰੂ ਸਾਹਿਬਾਨ ਦੀ ਪਵਿੱਤਰ ਬਾਣੀ ਸਾਨੂੰ ਕਿਰਤ ਕਰਨ, ਨਾਮ ਜਪਣ, ਵੰਡ ਛੱਕਣ ਦਾ ਉਪਦੇਸ਼ ਦਿੰਦੀ ਹੈ। ਇਸ ਤੋਂ ਵੀ ਅੱਗੇ ਦੁੱਖ ਵੇਲੇ ਵੀ ਵਾਹਿਗੁਰੂ ਦਾ ਸ਼ੁਕਰਾਨਾ ਕਰਨ ਅਤੇ ਓਟ ਆਸਰਾ ਲੈਣ ਬਾਰੇ ਕਿਹਾ ਗਿਆ ਹੈ। ਉਨ੍ਹਾਂ ਸਿੱਖ ਧਰਮ ਵਿੱਚ ਗੁਰੂ ਸਾਹਿਬਾਨ ਦੇ ਤਿਆਗ ਦੀ ਉਦਾਹਰਣ ਦਿੰਦਿਆਂ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਦੀ ਕੁਰਬਾਨੀ ਜਿਹੀ ਅਦੁੱਤੀ ਮਿਸਾਲ ਕਿਧਰੇ ਵੀ ਨਹੀਂ ਮਿਲਦੀ ਪਰ ਉਨ੍ਹਾਂ ਵੀ ਇਸ ਤੇ ਅਕਾਲ ਪੁਰਖ ਦਾ ਓਟ ਆਸਰਾ ਲੈਂਦਿਆਂ ਪ੍ਰਮਾਤਮਾ ਦੀ ਰਜ਼ਾ ਦਾ ਸ਼ੁਕਰਾਨਾ ਹੀ ਕੀਤਾ ਸੀ। ਇਸ ਲਈ ਸਾਨੂੰ ਵੀ ਆਪਣੇ ਗੁਰੂ ਸਾਹਿਬਾਨ ਤੋਂ ਸਿਖਿਆ ਲੈਂਦਿਆਂ ਇਸ ਭਾਣੇ ਨੂੰ ਮੰਨ ਕੇ ਉਸ ਦੀ ਰਜ਼ਾ ਚ ਰਹਿਣਾ ਪਵੇਗਾ।
ਉਨ੍ਹਾਂ ਪਾਰਟੀ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਤਰਫੋਂ ਵੀ ਪਰਿਵਾਰ ਨਾਲ ਦੁਖ ਸਾਂਝਾ ਕੀਤਾ।
ਇਸ ਮੌਕੇ ਹਜ਼ੂਰੀ ਰਾਗੀ ਭਾਈ ਜਗਤਾਰ ਸਿੰਘ ਦੇ ਜੱਥੇ ਵੱਲੋਂ ਰਸ ਭਿੰਨਾ ਅਤੇ ਵੈਰਾਗਮਈ ਕੀਰਤਨ ਸਮੂਹ ਸੰਗਤ ਨੂੰ ਸਰਵਣ ਕਰਵਾਇਆ ਗਿਆ।
