ਗੁਰੂ ਦਰਬਾਰ ਅੰਦਰਲੇ ਪ੍ਰਬੰਧ ਨੂੰ ਵਧੇਰੇ ਸੁਚਾਰੂ ਬਣਾਉਣ ਲਈ ਪਲੇਠੀ ਬੈਠਕ

ਗੁਰੂ ਦਰਬਾਰ ਅੰਦਰਲੇ ਪ੍ਰਬੰਧ ਨੂੰ ਵਧੇਰੇ ਸੁਚਾਰੂ ਬਣਾਉਣ ਲਈ ਪਲੇਠੀ ਬੈਠਕ
ਮਰਿਆਦਾ ਦੀ ਪਾਲਣਾ ਲਈ ਡਿਊਟੀ ਨਿਭਾਉਣ ਵਾਲੇ ਫਰਜ਼ਾਂ ਦੀ ਪਹਿਰੇਦਾਰੀ ਕਰਨ : ਮੈਨੇਜਰ ਨਿਸ਼ਾਨ ਸਿੰਘ ਜੱਫ਼ਰਵਾਲ
ਪਟਿਆਲਾ 24 ਜੂਨ () :ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਦੇ ਸੁਚਾਰੂ ਪ੍ਰਬੰਧਾਂ ਨੂੰ ਲੈ ਕੇ ਅੱਜ ਨਵ ਨਿਯੁਕਤ ਮੈਨੇਜਰ ਨਿਸ਼ਾਨ ਸਿੰਘ ਜੱਫ਼ਰਵਾਲ ਦੀ ਅਗਵਾਈ ’ਚ ਹਜੂਰੀ ਰਾਗੀ ਕੀਰਤਨੀ ਜੱਥਿਆਂ ਸਮੇਤ ਪਾਠੀ ਸਿੰਘਾਂ ਨਾਲ ਪਲੇਠੀ ਬੈਠਕ ਕੀਤੀ ਗਈ। ਇਸ ਦੌਰਾਨ ਹੈਡ ਗ੍ਰੰਥੀ ਭਾਈ ਪ੍ਰਨਾਮ ਸਿੰਘ, ਕਥਾਵਾਚਕ ਗਿਆਨੀ ਪਿ੍ਰਤਪਾਲ ਸਿੰਘ ਆਦਿ ਉਚੇਚੇ ਤੌਰ ’ਤੇ ਸ਼ਾਮਲ ਹੋਏ। ਇਸ ਮੌਕੇ ਮੈਨੇਜਰ ਨਿਸ਼ਾਨ ਸਿੰਘ ਜੱਫ਼ਰਵਾਲ ਨੇ ਨਿਰਦੇਸ਼ ਜਾਰੀ ਕਰਦਿਆਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਦਬ ਅਤੇ ਸਤਿਕਾਰ ਨੂੰ ਮੁੱਖ ਰੱਖਕੇ ਗੁਰੂ ਸਾਹਿਬ ਦੇ ਦਰਬਾਰ ਅੰਦਰਲੇ ਪ੍ਰਬੰਧ ਨੂੰ ਵਧੇਰੇ ਸੁਚਾਰੂ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਗੁਰੂ ਘਰ ਦੀ ਮਰਿਆਦਾ ਸਾਡੇ ਸਾਰਿਆਂ ਲਈ ਪਹਿਲ ਲਈ ਅਤੇ ਇਸ ਦੌਰਾਨ ਡਿਊਟੀ ਨਿਭਾਉਣ ਵਾਲਿਆਂ ਦਾ ਮੁੱਢਲਾ ਫਰਜ਼ ਹੈ ਕਿ ਆਪਣੇ ਫਰਜ਼ਾਂ ਦੀ ਪਹਿਰੇਦਾਰੀ ਕਰਨ। ਇਸ ਦੌਰਾਨ ਉਨ੍ਹਾਂ ਹੈਡ ਗ੍ਰੰਥੀ ਭਾਈ ਪ੍ਰਨਾਮ ਸਿੰਘ ਅਤੇ ਕਥਾਵਾਚਕ ਗਿਆਨੀ ਪਿ੍ਰਤਪਾਲ ਸਿੰਘ ਤੋਂ ਚੰਗੇ ਸੁਝਾਅ ਅਤੇ ਦਰਪੇਸ਼ ਸਮੱਸਿਆਵਾਂ ਬਾਬਤ ਜਾਣਕਾਰੀ ਵੀ ਇਕੱਤਰ ਕੀਤੀ। ਮੈਨੇਜਰ ਨਿਸ਼ਾਨ ਸਿੰਘ ਨੇ ਕਿਹਾ ਕਿ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਛੋਹ ਅਸਥਾਨ ਗੁਰਦੁਆਰਾ ਦੂਖਨਿਵਾਰਨ ਸਾਹਿਬ ਵਿਖੇ ਵੱਖ ਵੱਖ ਥਾਵਾਂ ਤੋਂ ਸੰਗਤ ਆਸਥਾ ਲੈ ਕੇ ਪੁੱਜਦੀ ਹੈ ਅਤੇ ਇਹ ਵੀ ਯਕੀਨੀ ਬਣਾਇਆ ਜਾਵੇ ਕਿ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਸੰਗਤ ਨੂੰ ਆਵੇ ਅਤੇ ਵੱਧ ਤੋਂ ਵੱਧ ਸੰਗਤੀ ਸਹਿਯੋਗ ਨੂੰ ਪਹਿਲ ਦਿੱਤੀ ਜਾਵੇ। ਇਸ ਦੌਰਾਨ ਉਨ੍ਹਾਂ ਕਿਹਾ ਕਿ ਜਲਦ ਹੀ ਗੁਰਦੁਆਰਾ ਸਾਹਿਬ ਦੇ ਸਮੁੱਚੇ ਪ੍ਰਬੰਧ ਅਧੀਨ ਕੰਮ ਕਰਦੇ ਮੁਲਾਜ਼ਮਾਂ ਦੀ ਇਕੱਤਰਤਾ ਸੱਦੀ ਜਾਵੇਗੀ ਤਾਂ ਕਿ ਪ੍ਰਬੰਧਕੀ ਢਾਂਚੇ ਅੰਦਰ ਪਾਰਦਰਸ਼ਤਾ ਅਨੁਸਾਰ ਕਾਰਜ ਨੇਪਰੇ ਚਾੜੇ ਜਾ ਸਕਣ। ਇਸ ਮੌਕੇ ਹੈਡ ਗ੍ਰੰਥੀ ਭਾਈ ਪ੍ਰਨਾਮ ਸਿੰਘ, ਬਾਬਾ ਇੰਦਰ ਸਿੰਘ ਕਾਰ ਸੇਵਾ ਵਾਲੇ ਅਤੇ ਹਜੁਰੀ ਰਾਗੀ ਕੀਰਤਨੀ ਜੱਥਿਆਂ ਨੇ ਨਵ ਨਿਯੁਕਤ ਮੈਨੇਜਰ ਹੋਰਾਂ ਨੂੰ ਸਿਰੋਪਾਓ ਦੇ ਕੇ ਜੀ ਆਇਆ ਵੀ ਆਖਿਆ। ਇਸ ਪਲੇਠੀ ਮੀਟਿੰਗ ਦੌਰਾਨ ਭਾਈ ਹਰਵਿੰਦਰ ਸਿੰਘ ਕਾਹਲਵਾਂ, ਭਾਈ ਹਜੂਰ ਸਿੰਘ ਤੋਂ ਇਲਾਵਾ ਅਧਿਕਾਰੀ ਤੇ ਸਟਾਫ ਮੈਂਬਰ ਆਦਿ ਮੌਜੂਦ ਸਨ।
