ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ ਦਾ ਕੀਤਾ ਗਿਆ ਆਯੋਜਨ

ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ ਦਾ ਕੀਤਾ ਗਿਆ ਆਯੋਜਨ
ਪਟਿਆਲਾ, 26 ਜੂਨ ( ) ਜਿਲ੍ਹਾ ਸਿਹਤ ਵਿਭਾਗ ਅਤੇ ਇੰਡੀਅਨ ਰੈਡ ਕਰਾਸ ਸੋਸਾਇਟੀ ਪੰਜਾਬ ਦੀ ਰਹਿਨਮਾਈ ਹੇਠ ਰੈਡ ਕਰਾਸ ਸਕੇਤ ਹਸਪਤਾਲ ਵੱਲੋਂ ਕਾਨਫਰੰਸ ਹਾਲ ਸਕੇਤ ਹਸਪਤਾਲ ਪਟਿਆਲਾ ਵਿਖੇ ਥੀਮ “The evidence is crear : invest in prevention”.ਤਹਿਤ ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦੇ ਸ਼ਾਮਿਲ ਹੋਏ।ਇਸ ਮੌਕੇ ਸਿਵਲ ਸਰਜਨ ਡਾ. ਸੰਜੇ ਗੋਇਲ ਨੇ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਨਸ਼ੇ ਕਰਨ ਵਾਲਾ ਹਰ ਵਿਅਕਤੀ ਸ਼ੁਰੂ ਵਿੱਚ ਆਪਣੇ ਆਪ ਨੂੰ ਲੁਕਾਉਂਦਾ ਹੈ , ਫਿਰ ਉਸਦਾ ਪਰਿਵਾਰ ਵੀ ਇਸ ਨੂੰ ਲੁਕਾਉਣ ਦੀ ਕੋਸ਼ਿਸ਼ ਕਰਦਾ ਹੈ। ਕਿਉਂ ਕਿ ਉਹ ਜਾਣਦੇ ਹਨ ਕਿ ਨਸ਼ਾ ਲੈਣ ਵਾਲੇ ਨੂੰ ਲੋਕ ਨਫਰਤ ਕਰਦੇ ਹਨ। ਇਸ ਲਈ ਸਭ ਤੋਂ ਪਹਿਲਾਂ ਸਾਨੂੰ ਚਾਹੀਦਾ ਹੈ ਕਿ ਅਸੀਂ ਨਸ਼ਾ ਕਰਨ ਵਾਲਿਆਂ ਨੂੰ ਨਫਰਤ ਨਾ ਕਰੀਏ, ਸਗੋਂ ਉਨ੍ਹਾਂ ਦੀ ਨਸ਼ਾ ਛੱਡਣ ਵਿੱਚ ਮੱਦਦ ਕਰੀਏ । ਜੇਕਰ ਤੁਸੀਂ ਕਿਸੇ ਨੂੰ ਨਸ਼ੇ ਵਿੱਚ ਜਾਣ ਤੋਂ ਰੋਕ ਲਿਆ ਜਾਂ ਨਸ਼ਾ ਕਰਦੇ ਵਿਅਕਤੀ ਨੂੰ ਇਲਾਜ ਲਈ ਸਿਹਤ ਕੇਂਦਰ ਲਿਜਾ ਕੇ ਇਲਾਜ ਕਰਵਾ ਦਿੱਤਾ ਤਾਂ ਸਮਝੋ ਤੁਸੀਂ ਕਿਸੇ ਦੀ ਜਾਨ ਬਚਾ ਲਈ। ਉਹਨਾਂ ਕਿਹਾ ਕਿ ਹਰ ਵਿਅਕਤੀ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਨਸ਼ੇ ਦੀ ਆਦਤ ਨਾ ਸਿਰਫ ਉਨ੍ਹਾਂ ਦੇ ਸਰੀਰ ਅਤੇ ਦਿਮਾਗ ਨੂੰ ਬਹੁਤ ਪ੍ਰਭਾਵਿਤ ਕਰਦੀ ਹੈ, ਸਗੋਂ ਉਨ੍ਹਾਂ ਦੇ ਉੱਜਵਲ ਭਵਿੱਖ ਨੂੰ ਵੀ ਖਤਮ ਕਰ ਦਿੰਦੀ ਹੈ। ਇਸ ਲਈ ਸਾਨੂੰ ਨਸ਼ਿਆਂ ਨੂੰ ਸਖ਼ਤੀ ਨਾਲ ‘ਨਹੀਂ’ ਕਹਿਣਾ ਚਾਹੀਦਾ ਹੈ ਅਤੇ ਆਪਣੇ ਆਲੇ-ਦੁਆਲੇ ਜਾਗਰੂਕਤਾ ਫੈਲਾ ਕੇ ਆਪਣੀਆਂ ਜ਼ਿੰਦਗੀਆਂ ਦੇ ਨਾਲ-ਨਾਲ ਆਪਣੇ ਪਿਆਰਿਆਂ ਦੀਆਂ ਜਾਨਾਂ ਵੀ ਬਚਾਉਣੀਆਂ ਚਾਹੀਦੀਆਂ ਹਨ ਅਤੇ ਪੰਜਾਬ ਨੂੰ ਰੰਗਲਾ ਬਣਾਉਣ ਵਿੱਚ ਯੋਗਦਾਨ ਪਾਉਣਾ ਚਾਹੀਦਾ ਹੈ। ਡਿਪਟੀ ਮੈਡੀਕਲ ਕਮਿਸ਼ਨਰ ਡਾ. ਜ਼ਸਵਿੰਦਰ ਸਿੰਘ ਨੇ ਦੱਸਿਆ ਕਿ ਨਸ਼ਿਆਂ ਤੋਂ ਸਾਡੀ ਯੁਵਾ ਪੀੜ੍ਹੀ ਕਾਫੀ ਪ੍ਰਭਾਵਿਤ ਹੋ ਰਹੀ ਹੈ। ਉਹਨਾਂ ਕਿਹਾ ਕਿ ਨਸ਼ਾ ਇੱਕ ਮਿੱਠਾ ਜ਼ਹਿਰ ਹੈ ਜਿਸ ਨਾਲ ਸ਼ਰੀਰ ਵਿਚ ਕੁੱਝ ਸਮੇਂ ਲਈ ਤਾਂ ਚੁੱਸਤੀ ਆ ਜਾਂਦੀ ਹੈ ਪਰ ਇਹ ਹੌਲੀ-ਹੌਲੀ ਸ਼ਰੀਰ ਦੇ ਅੰਦਰੂਨੀ ਅੰਗਾਂ ਨੂੰ ਖਤਮ ਕਰ ਰਿਹਾ ਹੁੰਦਾ ਹੈ, ਨਸ਼ਿਆਂ ਦੇ ਕਾਰਣ ਕੈਂਸਰ,ਦਿਲ ਦੀ ਬਿਮਾਰੀ,ਦਿਮਾਗ ਦੀ ਨਾੜੀ ਦਾ ਫੱਟਣਾ, ਗੁਰਦੇ ਖਰਾਬ ਹੋਣਾ, ਏਡਜ਼, ਪੀਲੀਆ ਆਦਿ ਵਰਗੀਆਂ ਭਿਆਨਕ ਬਿਮਾਰੀਆਂ ਨਸ਼ਾ ਕਰਨ ਵਾਲਿਆਂ ਨੂੰ ਹੋ ਰਹੀਆਂ ਹਨ। ਉਹਨਾਂ ਕਿਹਾ ਕਿ ਨਸ਼ਾ ਜਿਥੇ ਸਾਡੀ ਬੁੱਧੀ ਦਾ ਨਾਸ਼ ਕਰਕੇ ਸਦਾਚਾਰਕ ਤੌਰ ਤੇ ਮੱਨੁਖ ਨੂੰ ਨੀਵਾਂ ਰੱਖਦੇ ਹਨ, ਉਥੇ ਸ਼ਰੀਰਿਕ ਤੌਰ ਤੇ ਵੀ ਕਾਫੀ ਨੁਕਸਾਨ ਪੰਹੁਚਾਉਂਦੇ ਹਨ। ਪ੍ਰੋਜੈਕਟ ਡਾਇਰੈਕਟਰ ਇੰ: ਸਕੇਤ ਹਸਪਤਾਲ ਪਰਮਿੰਦਰ ਕੌਰ ਮਨਚੰਦਾ ਨੇ ਨਸ਼ਿਆਂ ਦੀਆਂ ਵੱਖ ਵੱਖ ਕਿਸਮਾਂ,ਨਸ਼ਾ ਲੱਗਣ ਦੇ ਕਾਰਨ,ਵੱਖ-ਵੱਖ ਨਸ਼ੀਲੇ ਪਦਾਰਥਾਂ ਦੇ ਸ਼ਰੀਰ ਉਪਰ ਪੈਣ ਵਾਲੇ ਪ੍ਰਭਾਵਾਂ ਅਤੇ ਇਹਨਾਂ ਤੋ ਛੁਟਕਾਰੇ ਸਬੰਧੀ ਵਿਸਥਾਰ ਵਿਚ ਜਾਣਕਾਰੀ ਦਿੱਤੀ। ਉਹਨਾਂ ਕਿਹਾ ਕਿ ਜਿਹੜੇ ਵਿਅਕਤੀ ਨਸ਼ਿਆਂ ਦੀ ਵਰਤੋਂ ਦੇ ਆਦੀ ਹੋ ਚੁੱਕੇ ਹਨ , ਉਨ੍ਹਾਂ ਦਾ ਨਸ਼ਾ ਛੁਡਵਾਉਣ ਲਈ ਅਤੇ ਇਲਾਜ ਲਈ ਨੇੜੇ ਦੀ ਸਿਹਤ ਸੰਸਥਾ / ਓਟ ਸੈਂਟਰ ਜਾਂ ਡਰੱਗ ਡੀ ਅਡਿਕਸ਼ਨ ਸੈਂਟਰ ਵਿੱਚ ਜਾਣਾ ਚਾਹੀਦਾ ਹੈ। ਡੀ.ਐਸ.ਪੀ. ਟ੍ਰੈਫਿਕ ਪੁਲਿਸ ਕਰਨੈਲ ਸਿੰਘ ਵੱਲੋਂ ਨੌਜਵਾਨ ਪੀੜੀ ਨੂੰ ਖੇਡਾਂ ਨਾਲ ਜ਼ੋੜਨ ਤੇ ਜ਼ੋਰ ਦਿੱਤਾ ਗਿਆ ਅਤੇ ਨਸ਼ੇ ਦੀ ਦਲਦਲ ਵਿੱਚ ਫਸੇ ਵਿਅਕਤੀਆਂ ਨੂੰ ਮਜ਼ਬੂਤ ਸਵੈ ਇੱਛਾ ਸ਼ਕਤੀ ਨਾਲ ਨਸ਼ਾ ਛੱਡਣ ਲਈ ਪ੍ਰੇਰਿਤ ਕੀਤਾ। ਰਣਜੀਤ ਸਿੰਘ ਨਿੱਕੜਾ ਪ੍ਰਧਾਨ ਐਂਟੀ ਨਾਰਕੋਟਿਕਸ ਫੈਡਰੇਸ਼ਨ ਇੰਡੀਆ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਵਿਰੁੱਧ ਇਕੱਠੇ ਹੋ ਕੇ ਮਜ਼ਬੂਤੀ ਨਾਲ ਕਦਮ ਚੁੱਕਣੇ ਚਾਹੀਦੇ ਹਨ।ਮਾਤਾ ਕੁਸ਼ੱਲਿਆ ਹਸਪਤਾਲ ਦੇ ਮਾਨਸਿਕ ਰੋਗਾਂ ਦੇ ਮਾਹਿਰ ਡਾ. ਅਭੀਨਵ ਤੇ ਰਾਜਿੰਦਰਾ ਹਸਪਤਾਲ ਦੀ ਡਾ. ਗੁਰਪ੍ਰੀਤ ਕੌਰ ਵੱਲੋਂ ਵੀ ਵਿਚਾਰ ਪੇਸ਼ ਕੀਤੇ ਗਏ।ਸਬ ਇੰਸਪੈਕਟਰ ਭਗਵਾਨ ਸਿੰਘ ਲਾਡੀ ਪਹੇੜੀ ਇੰਚਾਰਜ ਸਿਟੀ ਟ੍ਰੈਫਿਕ ਪਟਿਆਲਾ ਵੱਲੋਂ ਨਸ਼ਿਆਂ ਵਿਰੁੱਧ ਜਾਗਰੂਕਤਾ ਸਬੰਧੀ ਕਵਿਤਾ ਪੇਸ਼ ਕੀਤੀ ਗਈ। ਇਸ ਮੌਕੇ ਸੀਨੀਅਰ ਮੈਡੀਕਲ ਅਫਸਰ ਡਾ. ਵਿਕਾਸ ਗੋਇਲ, ਜਿਲਾ ਮਾਸ ਮੀਡੀਆ ਅਫਸਰ ਕੁਲਬੀਰ ਕੌਰ, ਡਿਪਟੀ ਮਾਸ ਮੀਡੀਆ ਅਫਸਰ ਭਾਗ ਸਿੰਘ ਅਤੇ ਜਸਜੀਤ ਕੌਰ, ਇੰਸਪੈਕਟਰ ਜਿਲ੍ਹਾ ਸਾਂਝ ਕੇਂਦਰ ਝਿੱਰਮਲ ਸਿੰਘ, ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਰਾਜ ਯੁਵਾ ਪੁਰਸਕਾਰ ਵਿਜੇਤਾ ਪਰਮਿੰਦਰ ਭਲਵਾਨ ਮੈਂਬਰ ਨਸ਼ਾ ਮੁਕਤ ਭਾਰਤ ਅਭਿਆਨ, ਸਮਾਜਿਕ ਸੁਰੱਖਿਆ ਵਿਭਾਗ ਤੋਂ ਸਤਨਾਮ ਸਿੰਘ, ਸਮਾਜ ਸੇਵੀ ਸੰਸਥਾਵਾਂ ਤੋਂ ਉਪਕਾਰ ਸਿੰਘ, ਰਾਮੇਸ਼ ਧੀਮਾਨ, ਧਰਮਿੰਦਰ ਸਰਾਓ, ਕਾਕਾ ਸਿੰਘ, ਬਿੱਟੂ ਕੁਮਾਰ ਆਦਿ ਹਾਜ਼ਰ ਸਨ। ਪੋ੍ਰਗਰਾਮ ਦੇ ਅਖੀਰ ਵਿੱਚ ਨਸ਼ੇ ਨਾ ਕਰਨ, ਨਸ਼ੇ ਕਰਨ ਵਾਲਿਆਂ ਦੀ ਨਸ਼ਾ ਛੁਡਾਉਣ ਵਿੱਚ ਮੱਦਦ ਕਰਨ ਅਤੇ ਲੋਕਾਂ ਨੂੰ ਜਾਗਰੂਕ ਕਰਨ ਸਬੰਧੀ ਸਹੁੰ ਵੀ ਚੁੱਕਾਈ ਗਈ।
