ਤੁਰਕੀ ਵਿੱਚ ਹੋਏ ਤੀਰਅੰਦਾਜ਼ੀ ਵਿਸ਼ਵ ਕੱਪ ਸਟੇਜ-3 'ਚ ਪੰਜਾਬੀ ਯੂਨੀਵਰਸਿਟੀ ਦੀ ਤੀਰਅੰਦਾਜ਼ ਪਰਨੀਤ ਕੌਰ ਨੇ ਜਿੱਤਿਆ ਸੋਨ ਤਗ਼ਮਾ

ਤੁਰਕੀ ਵਿੱਚ ਹੋਏ ਤੀਰਅੰਦਾਜ਼ੀ ਵਿਸ਼ਵ ਕੱਪ ਸਟੇਜ-3 ‘ਚ ਪੰਜਾਬੀ ਯੂਨੀਵਰਸਿਟੀ ਦੀ ਤੀਰਅੰਦਾਜ਼ ਪਰਨੀਤ ਕੌਰ ਨੇ ਜਿੱਤਿਆ ਸੋਨ ਤਗ਼ਮਾ
-ਭਾਰਤੀ ਟੀਮ ਨੇ ਫ਼ਾਈਨਲ ਵਿੱਚ ਇਸਟੋਨੀਆ ਦੀ ਟੀਮ ਨੂੰ ਹਰਾ ਕੇ ਤਗ਼ਮਾ ਕੀਤਾ ਹਾਸਿਲ
ਪਟਿਆਲਾ, 22 ਜੂਨ
ਤੁਰਕੀ ਵਿਖੇ ਹੋਏ ਤੀਰਅੰਦਾਜ਼ੀ ਦੇ ਵਿਸ਼ਵ ਕੱਪ ਸਟੇਜ-3 ਵਿੱਚ ਪੰਜਾਬੀ ਯੂਨੀਵਰਸਿਟੀ ਦੀ ਤੀਰਅੰਦਾਜ਼ ਪਰਨੀਤ ਕੌਰ ਦੀ ਸ਼ਮੂਲੀਅਤ ਵਾਲ਼ੀ ਭਾਰਤ ਦੀ ਕੰਪਾਊਂਡ ਵਿਮੈਨ ਟੀਮ ਨੇ ਇਸਟੋਨੀਆ ਦੀ ਟੀਮ ਨੂੰ ਹਰਾ ਕੇ ਸੋਨ ਤਗ਼ਮਾ ਜਿੱਤ ਲਿਆ ਹੈ। ਵਿਸ਼ਵ ਕੱਪ ਲੜੀ ਦੌਰਾਨ ਇਹ ਇਸ ਟੀਮ ਦਾ ਲਗਾਤਾਰ ਤੀਜਾ ਗੋਲਡ ਮੈਡਲ ਹੈ। ਇਸ ਟੀਮ ਨੇ ਇਸੇ ਸਾਲ ਸ਼ੰਘਾਈ ਵਿਖੇ ਹੋਏ ਵਿਸ਼ਵ ਕੱਪ ਸਟੇਜ-1 ਅਤੇ ਕੋਰੀਆ ਵਿਖੇ ਹੋਏ ਸਟੇਜ-2 ਵਿੱਚ ਵੀ ਸੋਨ ਤਗ਼ਮਾ ਜਿੱਤਿਆ ਸੀ।
ਵਾਈਸ ਚਾਂਸਲਰ ਸ੍ਰੀ ਕਮਲ ਕਿਸ਼ੋਰ ਯਾਦਵ ਵੱਲੋਂ ਪਰਨੀਤ ਕੌਰ ਅਤੇ ਉਸ ਦੇ ਕੋਚ ਸੁਰਿੰਦਰ ਸਿੰਘ ਰੰਧਾਵਾ ਨੂੰ ਇਸ ਪ੍ਰਾਪਤੀ ਉੱਤੇ ਵਿਸ਼ੇਸ਼ ਤੌਰ ‘ਤੇ ਵਧਾਈ ਦਿੱਤੀ ਗਈ।
ਖੇਡ ਵਿਭਾਗ ਦੀ ਡਾਇਰੈਕਟਰ ਡਾ. ਅਜੀਤਾ ਨੇ ਇਸ ਪ੍ਰਾਪਤੀ ਉੱਤੇ ਵਧਾਈ ਦਿੰਦਿਆਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਨੂੰ ਪਰਨੀਤ ਕੌਰ ਉੱਤੇ ਮਾਣ ਹੈ।
ਜ਼ਿਕਰਯੋਗ ਹੈ ਕਿ ਮਾਨਸਾ ਜ਼ਿਲ੍ਹੇ ਨਾਲ਼ ਸੰਬੰਧਤ ਪਰਨੀਤ ਕੌਰ ਤੀਰਅੰਦਾਜ਼ੀ ਦੇ ਖੇਤਰ ਵਿੱਚ ਵਿਸ਼ਵ ਪੱਧਰ ਉੱਤੇ ਨਾਮਣਾ ਖੱਟ ਰਹੀ ਹੈ। ਪਿਛਲੇ ਸਮੇਂ ਦੌਰਾਨ ਵੀ ਉਸ ਨੇ ਬਹੁਤ ਸਾਰੀਆਂ ਕੌਮਾਂਤਰੀ ਪ੍ਰਾਪਤੀਆਂ ਪੰਜਾਬੀ ਯੂਨੀਵਰਸਿਟੀ ਦੀ ਝੋਲ਼ੀ ਪਾਈਆਂ ਹਨ।
ਉਹ 25 ਦੇ ਕਰੀਬ ਅੰਤਰਰਾਸ਼ਟਰੀ ਤਗ਼ਮੇ ਜਿੱਤ ਚੁੱਕੀ ਹੈ। ਉਸ ਦੀਆਂ ਪ੍ਰਾਪਤੀਆਂ ਵਿੱਚ ਕੈਡਟ ਵਲਡ ਚੈਂਪੀਅਨਸ਼ਿਪ ਵਿੱਚ ਸੋਨ ਤਗ਼ਮਾ, ਯੂਥ ਵਲਡ ਚੈਂਪੀਅਨਸ਼ਿਪ ਵਿੱਚ ਸੋਨ ਤਗ਼ਮਾ, ਸੀਨੀਅਰ ਵਲਡ ਚੈਂਪੀਅਨਸ਼ਿਪ ਵਿੱਚ ਸੋਨ ਤਗ਼ਮਾ, 2022 ਦੀਆਂ ਏਸ਼ੀਅਨ ਖੇਡਾਂ ਵਿੱਚ ਸੋਨ ਤਗ਼ਮਾ, ਏਸ਼ੀਅਨ ਚੈਂਪੀਅਨਸ਼ਿਪ 2023 ਵਿੱਚ ਸੋਨ ਤਗ਼ਮਾ, ਏਸ਼ੀਆ ਕੱਪ ਵਿੱਚ ਸੋਨ ਤਗ਼ਮਾ,ਵਲਡ ਕੱਪ ਵਿੱਚ ਦੋ ਵਾਰ ਸੋਨ ਤਗ਼ਮਾ ਅਤੇ ਇਨ-ਡੋਰ ਵਲਡ ਸੀਰੀਜ਼ ਵਿੱਚ ਸੋਨ ਤਗ਼ਮਾ ਆਦਿ ਸ਼ਾਮਿਲ ਹਨ।
