ਵਿਧਾਇਕ ਨਰਿੰਦਰ ਕੌਰ ਭਰਾਜ ਨੇ 18 ਕਰੋੜ ਤੋਂ ਵਧੇਰੇ ਦੀ ਲਾਗਤ ਨਾਲ ਨਵੀਨੀਕਰਨ ਤੋਂ ਬਾਅਦ ਨਮਾਦਾਂ ਰਜਬਾਹੇ ਦਾ ਕੀਤਾ ਉਦਘਾਟਨ

ਦੁਆਰਾ: Punjab Bani ਪ੍ਰਕਾਸ਼ਿਤ :Friday, 28 June, 2024, 03:39 PM

ਵਿਧਾਇਕ ਨਰਿੰਦਰ ਕੌਰ ਭਰਾਜ ਨੇ 18 ਕਰੋੜ ਤੋਂ ਵਧੇਰੇ ਦੀ ਲਾਗਤ ਨਾਲ ਨਵੀਨੀਕਰਨ ਤੋਂ ਬਾਅਦ ਨਮਾਦਾਂ ਰਜਬਾਹੇ ਦਾ ਕੀਤਾ ਉਦਘਾਟਨ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਹਰ ਪੱਖ ਤੋਂ ਕਿਸਾਨਾਂ ਦੇ ਨਾਲ ਡੱਟ ਕੇ ਖੜ੍ਹੀ ਹੈ: ਵਿਧਾਇਕ ਨਰਿੰਦਰ ਕੌਰ ਭਰਾਜ

ਚੰਨੋ/ਭਵਾਨੀਗੜ੍ਹ, 28 ਜੂਨ:

ਹਲਕਾ ਸੰਗਰੂਰ ਤੋਂ ਵਿਧਾਇਕ ਨਰਿੰਦਰ ਕੌਰ ਭਰਾਜ ਨੇ ਅੱਜ ਸਥਾਨਕ ਪਿੰਡ ਚੰਨੋ ਵਿਖੇ ਲਗਭਗ 50 ਕਿਲੋਮੀਟਰ ਲੰਬਾਈ ਵਾਲੇ ਨਮਾਦਾਂ ਰਜਬਾਹੇ ਦੇ ਤਕਰੀਬਨ 18.11 ਕਰੋੜ ਰੁਪਏ ਦੀ ਲਾਗਤ ਨਾਲ ਹੋਏ ਨਵੀਨੀਕਰਨ ਦੇ ਕੰਮ ਤੋਂ ਬਾਅਦ ਪਾਣੀ ਛੱਡੇ ਜਾਣ ਦਾ ਉਦਘਾਟਨ ਕੀਤਾ। ਇਸ ਮੌਕੇ ਬੋਲਦਿਆਂ ਵਿਧਾਇਕ ਨਰਿੰਦਰ ਕੌਰ ਭਰਾਜ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਹਰ ਪੱਖ ਤੋਂ ਕਿਸਾਨਾਂ ਦੇ ਨਾਲ ਡੱਟ ਕੇ ਖੜ੍ਹੀ ਹੈ ਅਤੇ ਕਿਸਾਨਾਂ ਦੀ ਖੇਤੀਬਾੜੀ ਲਈ ਨਹਿਰੀ ਪਾਣੀ ਦੀ ਪਹਿਲੀ ਮੰਗ ਨੂੰ ਪੂਰੀ ਤਰਜੀਹ ਦਿੱਤੀ ਜਾ ਰਹੀ ਹੈ।

ਵਿਧਾਇਕ ਭਰਾਜ ਨੇ ਦੱਸਿਆ ਕਿ ਅੱਜ ਲੋਕਾਂ ਨੂੰ ਸਮਰਪਿਤ ਕੀਤਾ ਗਿਆ ਨਹਿਰੀ ਪਾਣੀ ਦਾ ਇਹ ਬਹੁਤ ਵੱਡਾ ਪ੍ਰੋਜੈਕਟ ਹੈ ਜਿਸ ਨਾਲ ਭਵਾਨੀਗੜ੍ਹ ਇਲਾਕੇ ਦੇ 20-22 ਪਿੰਡਾਂ ਦੇ ਨਾਲ-ਨਾਲ ਨਾਭਾ, ਸਮਾਣਾ ਅਤੇ ਦਿੜ੍ਹਬਾ ਦੇ ਲਗਭਗ 40 ਪਿੰਡਾਂ ਦੇ ਖੇਤਾਂ ਨੂੰ ਸਮੇਂ ਸਿਰ ਨਹਿਰੀ ਪਾਣੀ ਮਿਲੇਗਾ। ਉਨ੍ਹਾਂ ਕਿਹਾ ਕਿ ਮਾਨ ਸਰਕਾਰ ਦਾ ਮਕਸਦ ਹੈ ਕਿ ਵੱਧ ਤੋਂ ਵੱਧ ਰਕਬੇ ਨੂੰ ਨਹਿਰੀ ਪਾਣੀ ਨਾਲ ਸਿੰਜਿਆ ਜਾਵੇ ਤਾਂ ਜੋ ਧਰਤੀ ਹੇਠਲਾ ਪਾਣੀ ਅਤੇ ਬਿਜਲੀ ਨੂੰ ਵੱਡੇ ਪੱਧਰ ਤੇ ਬਚਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਨਹਿਰੀ ਪਾਣੀ, ਖੇਤੀਬਾੜੀ ਲਈ ਬੋਰਾਂ ਰਾਹੀਂ ਕੱਢੇ ਜਾਣ ਵਾਲੇ ਧਰਤੀ ਹੇਠਲੇ ਪਾਣੀ ਤੋਂ ਬਹੁਤ ਵਧੀਆ ਹੁੰਦਾ ਹੈ ਅਤੇ ਇਸ ਦੀ ਵਰਤੋਂ ਨਾਲ ਬਹੁਤੀਆਂ ਫ਼ਸਲਾਂ ਦਾ ਝਾੜ ਵੀ ਵਧਦਾ ਹੈ।

ਵਿਧਾਇਕ ਨੇ ਕਿਹਾ ਕਿ ਇਸਦੇ ਨਾਲ ਹੀ ਮਾਨ ਸਰਕਾਰ ਲੋਕਾਂ ਦੇ ਮਸਲੇ ਅਤੇ ਉਨ੍ਹਾਂ ਦੀਆਂ ਮੰਗਾਂ ਲੋਕਾਂ ਦੇ ਵਿੱਚ ਪਹੁੰਚ ਕੇ ਹੱਲ ਕਰਨ ਲਈ ਵਚਨਬੱਧ ਹੈ ਅਤੇ ਇਸੇ ਕਵਾਇਦ ਤਹਿਤ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਸਰਕਾਰ ਤੁਹਾਡੇ ਦੁਆਰ ਤਹਿਤ ਪਿੰਡ-ਪਿੰਡ ਜਾ ਸਕੇ ਸੁਵਿਧਾ ਕੈਂਪ ਲਗਾਏ ਜਾਣ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਹਿਰੀ ਪਾਣੀ ਹਰ ਖੇਤ ਤੱਕ ਪਹੁੰਚਾਉਣ ਦੇ ਨਾਲ-ਨਾਲ ਹੋਰ ਵੀ ਮਸਲੇ ਪਿੰਡਾਂ ਵਿੱਚ ਪਹੁੰਚ ਕੇ ਹੀ ਹੱਲ ਕੀਤੇ ਜਾਣਗੇ। ਇਸ ਮੌਕੇ ਉਪ ਮੰਡਲ ਮੈਜਿਸਟਰੇਟ ਭਵਾਨੀਗੜ੍ਹ ਵਿਨੀਤ ਕੁਮਾਰ, ਪਾਰਟੀ ਦੇ ਅਹੁਦੇਦਾਰ ਅਤੇ ਵਰਕਰ ਵੀ ਹਾਜਰ ਰਹੇ।



Scroll to Top