ਸਿਹਤ ਮੰਤਰੀ ਡਾ. ਬਲਵੀਰ ਸਿੰਘ ਦਾ ਆਸ਼ਾ ਵਰਕਰਾਂ ਨੇ ਫੂਕਿਆ ਪੁਤਲਾ

ਸਿਹਤ ਮੰਤਰੀ ਡਾ. ਬਲਵੀਰ ਸਿੰਘ ਦਾ ਆਸ਼ਾ ਵਰਕਰਾਂ ਨੇ ਫੂਕਿਆ ਪੁਤਲਾ
ਸੰਗਰੂਰ : ਆਸ਼ਾ ਵਰਕਰਜ਼ ਫੈਸੀਲਿਟੇਟਰਜ਼ ਸਾਂਝਾ ਮੋਰਚਾ ਪੰਜਾਬ ਦੇ ਸੱਦੇ ’ਤੇ ਅੱਜ ਪੰਜਵੇਂ ਦਿਨ ਆਸ਼ਾ ਵਰਕਰਾਂ ਵੱਲੋਂ ਸ਼ਹਿਰ ਵਿੱਚ ਰੋਸ ਮਾਰਚ ਕਰਨ ਉਪਰੰਤ ਬਠਿੰਡਾ-ਚੰਡੀਗੜ੍ਹ ਕੌਮੀ ਮਾਰਗ ’ਤੇ ਸਿਹਤ ਮੰਤਰੀ ਡਾ ਬਲਵੀਰ ਸਿੰਘ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੀ ਸੂਬਾ ਆਗੂ ਰਾਣੋ ਖੇੜੀ ਗਿੱਲਾਂ, ਰੁਪਿੰਦਰ ਕੌਰ ਰਾਮਪੁਰਾ, ਕਮਲਜੀਤ ਕੌਰ ਭੱਟੀਵਾਲ ਖੁਰਦ, ਬੇਅੰਤ ਕੌਰ ਰੇਤਗੜ੍ਹ, ਜਸਮੇਲ ਕੌਰ ਮਾਝਾ, ਜਸਵਿੰਦਰ ਕੌਰ ਬਾਲਦ ਕਲਾਂ, ਕਰਮਜੀਤ ਕੌਰ ਭੱਟੀਵਾਲ ਕਲਾਂ ਅਤੇ ਸੋਹਨਜੀਤ ਕੌਰ ਬਲਿਆਲ ਨੇ ਕਿਹਾ ਕਿ ਨੈਸ਼ਨਲ ਰੂਰਲ ਹੈਲਥ ਮਿਸ਼ਨ ਤਹਿਤ ਦੇਸ਼ ਭਰ ਵਿਚ ਲੱਖਾਂ ਆਸ਼ਾ ਵਰਕਰ ਸੇਵਾਵਾਂ ਨਿਭਾ ਰਹੀਆਂ ਹਨ ਪਰ ਜਥੇਬੰਦੀ ਵੱਲੋਂ ਮੰਗ ਕਰਨ ਦੇ ਬਾਵਜੂਦ ਅਜੇ ਤੱਕ ਕੇਂਦਰ ਅਤੇ ਪੰਜਾਬ ਸਰਕਾਰ ਆਸ਼ਾ ਵਰਕਰਾਂ ਨੂੰ ਕਿਸੇ ਵੀ ਵਰਗ ਦਾ ਮੁਲਾਜ਼ਮ ਮੰਨਣ ਨੂੰ ਤਿਆਰ ਨਹੀਂ। ਉਨ੍ਹਾਂ ਕਿਹਾ ਕਿ ਹੁਣ ਅਚਾਨਕ ਡਾਇਰੈਕਟਰ ਨੈਸ਼ਨਲ ਰੂਰਲ ਹੈਲਥ ਮਿਸ਼ਨ ਪੰਜਾਬ ਨੇ ਪੱਤਰ ਰਾਹੀਂ 58 ਸਾਲ ਦੀਆਂ ਆਸ਼ਾ ਵਰਕਰਾਂ ਨੂੰ ਖ਼ਾਲੀ ਹੱਥ ਫ਼ਾਰਗ਼ ਕਰਨ ਦੀਆਂ ਤਾਨਾਸ਼ਾਹੀ ਹਦਾਇਤਾਂ ਜਾਰੀ ਕਰ ਦਿੱਤੀਆਂ ਹਨ। ਉਨ੍ਹਾਂ ਦੱਸਿਆ ਕਿ ਸਿਹਤ ਮੰਤਰੀ ਡਾ ਬਲਵੀਰ ਸਿੰਘ ਵੱਲੋਂ ਮੰਗਾਂ ਪ੍ਰਤੀ ਟਾਲਮਟੋਲ ਦੀ ਨੀਤੀ ਲਾਗੂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਜੇਕਰ 28 ਜੂਨ ਤੱਕ ਸਰਕਾਰ ਵੱਲੋਂ ਕੋਈ ਫੈਸਲਾ ਨਹੀਂ ਲਿਆ ਗਿਆ ਤਾਂ 29 ਜੂਨ ਨੂੰ ਜਲੰਧਰ ਵਿਚ ਪੰਜਾਬ ਪੱਧਰ ਦਾ ਪ੍ਰਦਰਸ਼ਨ ਕੀਤਾ ਜਾਵੇਗਾ।
