ਬੇਰੁਜ਼ਗਾਰ ਹੈਲਥ ਵਰਕਰਾਂ ਦਾ ਸੰਘਰਸ਼

ਦੁਆਰਾ: Punjab Bani ਪ੍ਰਕਾਸ਼ਿਤ :Thursday, 27 June, 2024, 05:08 PM

ਬੇਰੁਜ਼ਗਾਰ ਹੈਲਥ ਵਰਕਰਾਂ ਦਾ ਸੰਘਰਸ਼
30 ਨੂੰ ਸਿਹਤ ਮੰਤਰੀ ਦੀ ਕੋਠੀ ਦਾ ਘਿਰਾਓ
ਪਟਿਆਲਾ,27 ਜੂਨ() ਸਿਹਤ ਵਿਭਾਗ ਵਿੱਚ ਮਲਟੀ ਪਰਪਜ਼ ਹੈਲਥ ਵਰਕਰਾਂ ਦੀਆਂ ਸਾਰੀਆਂ ਖਾਲੀ ਅਸਾਮੀਆਂ ਭਰਨ ਦੀ ਮੰਗ ਕਰਦੇ ਬੇਰੁਜ਼ਗਾਰ ਮਲਟੀ ਪਰਪਜ਼ ਵਰਕਰਾਂ ਨੇ 30 ਜੂਨ ਨੂੰ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਦੀ ਕੋਠੀ ਦੀ ਸਥਾਨਕ ਕੋਠੀ ਦੇ ਘਿਰਾਓ ਦਾ ਐਲਾਨ ਕੀਤਾ ਹੈ।
ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਨੇ ਸਿਹਤ ਅਤੇ ਸਿੱਖਿਆ ਵਿਭਾਗ ਵਿੱਚ ਵਿਸ਼ੇਸ਼ ਸੁਧਾਰਾਂ ਦਾ ਦਾਅਵਾ ਕੀਤਾ ਸੀ।ਪ੍ਰੰਤੂ ਕਰੀਬ ਸਵਾ ਦੋ ਸਾਲ ਦੇ ਅਰਸੇ ਵਿਚ ਸਿਹਤ ਵਿਭਾਗ ਅੰਦਰ ਹੈਲਥ ਵਰਕਰ ਪੁਰਸ਼ ਦੀ ਇਕ ਵੀ ਅਸਾਮੀ ਨਹੀਂ ਭਰੀ। ਜਦਕਿ ਵਿਭਾਗ ਵਿੱਚ ਹਜ਼ਾਰਾਂ ਅਸਾਮੀਆਂ ਖਾਲੀ ਪਈਆਂ ਹਨ।ਉੱਧਰ ਹੈਲਥ ਵਰਕਰ ਦਾ ਕੋਰਸ ਸਾਲ 2012 ਤੋ ਬੰਦ ਪਿਆ ਹੈ ਅਤੇ ਪਹਿਲਾਂ ਕੋਰਸ ਪਾਸ ਕਰ ਚੁੱਕੇ ਹਜਾਰਾਂ ਸਿੱਖਾਂ ਬੇਰੁਜ਼ਗਾਰ ਲਗਾਤਾਰ ਓਵਰ ਏਜ਼ ਹੋ ਰਹੇ ਹਨ।ਉਹਨਾਂ ਦੱਸਿਆ ਕਿ ਬੇਰੁਜ਼ਗਾਰਾਂ ਨੇ 17 ਮਾਰਚ ਅਤੇ 21 ਅਪ੍ਰੈਲ ਨੂੰ ਸਿਹਤ ਮੰਤਰੀ ਦੀ ਕੋਠੀ ਦਾ ਘਿਰਾਓ ਕੀਤਾ ਸੀ।ਉਸ ਮੌਕੇ ਸਿਹਤ ਮੰਤਰੀ ਨੇ ਜਲਦੀ ਮੰਗਾਂ ਮੰਨਣ ਦਾ ਭਰੋਸਾ ਦਿੱਤਾ ਸੀ।ਪ੍ਰੰਤੂ ਅਜੇ ਤੱਕ ਕੋਈ ਵੀ ਮੀਟਿੰਗ ਨਹੀਂ ਕੀਤੀ ਅਤੇ ਨਾ ਹੀ ਕੋਈ ਇਸ਼ਤਿਹਾਰ ਜਾਰੀ ਕੀਤਾ ਹੈ।ਇਸ ਲਈ ਪੰਜਾਬ ਸਰਕਾਰ ਦੀ ਟਾਲ ਮਟੋਲ ਵਾਲੀ ਨੀਤੀ ਤੋ ਅੱਕੇ ਬੇਰੁਜ਼ਗਾਰ ਹੈਲਥ ਵਰਕਰ 30 ਜੂਨ ਨੂੰ ਸਵੇਰੇ 11 ਵਜੇ ਸਥਾਨਕ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਵਿਖੇ ਇਕੱਠੇ ਹੋਕੇ ਸਿਹਤ ਮੰਤਰੀ ਦੀ ਕੋਠੀ ਦਾ ਘਿਰਾਓ ਕਰਨਗੇ।
ਇਸ ਮੌਕੇ ਹਰਵਿੰਦਰ ਸਿੰਘ ਥੂਹੀ,ਹਰਕੀਰਤ ਸਿੰਘ, ਨਾਹਰ ਸਿੰਘ,ਨਵਦੀਪ ਰੋਮਾਣਾ,ਮਨਪ੍ਰੀਤ ਭੁੱਚੋ ,ਰਾਜ ਸੰਗਤੀਵਾਲ,ਰੁਪਿੰਦਰ ਸੁਨਾਮ ਆਦਿ ਹਾਜ਼ਰ ਸਨ।