ਸੁਖਬੀਰ ਬਾਦਲ ਨੇ ਸ੍ਰੀ ਆਨੰਦਪੁਰ ਸਾਹਿਬ ਵਿਖੇ ਨਤਮਸਤਕ ਹੋ ਪੰਜਾਬ ਬਚਾਓ ਯਾਤਰਾ ਕੀਤੀ ਸਮਾਪਤ

ਸੁਖਬੀਰ ਬਾਦਲ ਨੇ ਸ੍ਰੀ ਆਨੰਦਪੁਰ ਸਾਹਿਬ ਵਿਖੇ ਨਤਮਸਤਕ ਹੋ ਪੰਜਾਬ ਬਚਾਓ ਯਾਤਰਾ ਕੀਤੀ ਸਮਾਪਤ
ਆਨੰਦਪੁਰ ਸਾਹਿਬ :ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਆਨੰਦਪੁਰ ਸਾਹਿਬ ਵਿੱਚ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋ ਕੇ ਆਪਣੀ ‘ਪੰਜਾਬ ਬਚਾਓ ਯਾਤਰਾ’ ਸਮਾਪਤ ਕੀਤੀ। ਇਸ ਮੌਕੇ ਉਨ੍ਹਾਂ ਕਿਹਾ ਕਿ ਇਹ ਯਾਤਰਾ 1 ਫਰਵਰੀ ਨੂੰ ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸ਼ੁਰੂ ਕੀਤੀ ਗਈ ਸੀ। ਇਸ ਦੌਰਾਨ 80 ਹਲਕਿਆਂ ਵਿੱਚ ਉਨ੍ਹਾਂ 3200 ਕਿੱਲੋਮੀਟਰ ਦਾ ਸਫਰ ਤੈਅ ਕੀਤਾ। ਇਸ ਮੌਕੇ ਸ੍ਰੀ ਬਾਦਲ ਵੱਲੋਂ ਆਨੰਦਪੁਰ ਸਾਹਿਬ ਤੋਂ ਅਕਾਲੀ ਉਮੀਦਵਾਰ ਪ੍ਰੇਮ ਸਿੰਘ ਚੰਦੂ ਮਾਜਰਾ ਦੇ ਹੱਕ ਵਿੱਚ ਪ੍ਰਚਾਰ ਵੀ ਕੀਤਾ ਗਿਆ। ਅਕਾਲੀ ਦਲ ਦੇ ਪ੍ਰਧਾਨ ਨੇ ਸਪੱਸ਼ਟ ਕੀਤਾ ਕਿ ਭਾਜਪਾ ਕੇਂਦਰ ਵਿੱਚ ਅਗਲੀ ਸਰਕਾਰ ਨਹੀਂ ਬਣਾ ਸਕੇਗੀ। ਉਨ੍ਹਾਂ ਕਿਹਾ ਕਿ ਖੇਤਰੀ ਪਾਰਟੀਆਂ ਅਗਲੀ ਸਰਕਾਰ ਬਣਾਉਣ ਵਿੱਚ ਅਹਿਮ ਭੂਮਿਕਾ ਅਦਾ ਕਰਨਗੀਆਂ ਤੇ ਲੋਕ ਲਹਿਰ ਖੇਤਰੀ ਪਾਰਟੀ ਦੇ ਹੱਕ ਵਿੱਚ ਹੈ। ਸ੍ਰੀ ਬਾਦਲ ਨੇ ਕਿਹਾ ਕਿ ਕੇਂਦਰੀ ਗ੍ਰਹਿ ਮੰਤਰੀ ਦੀ ਵੱਡੀ ਯੋਜਨਾ ਹੈ ਕਿ ਜਿਵੇਂ ਮੁੰਬਈ ਵਿੱਚ ਸ਼ਿਵ ਸੈਨਾ ਤੋੜੀ ਹੈ, ਉਸੇ ਤਰੀਕੇ ਨਾਲ ਉਹ ਪੰਜਾਬ ਵਿੱਚ ‘ਆਪ’ ਨੂੰ ਤੋੜਨਾ ਚਾਹੁੰਦੇ ਹਨ ਤੇ ਭਗਵੰਤ ਮਾਨ, ਅਰਵਿੰਦ ਕੇਜਰੀਵਾਲ ਦੀ ਪਾਰਟੀ ਨਾਲੋਂ ਨਾਤਾ ਤੋੜ ਕੇ ਭਾਜਪਾ ਨਾਲ ਰਲ ਕੇ ਸਰਕਾਰ ਬਣਾਉਣਗੇ।
