ਬੰਦੀ ਸਿੰਘਾ ਦੀ ਰਿਹਾਈ ਲਈ ਨਹੀ ਸਗੋ ਆਪਣੇ ਆਪ ਲਈ ਚੋਣ ਲੜ ਰਿਹੈ ਅੰਮ੍ਰਿਤਪਾਲ : ਸੁਖਬੀਰ ਬਾਦਲ

ਦੁਆਰਾ: Punjab Bani ਪ੍ਰਕਾਸ਼ਿਤ :Thursday, 16 May, 2024, 03:14 PM

ਬੰਦੀ ਸਿੰਘਾ ਦੀ ਰਿਹਾਈ ਲਈ ਨਹੀ ਸਗੋ ਆਪਣੇ ਆਪ ਲਈ ਚੋਣ ਲੜ ਰਿਹੈ ਅੰਮ੍ਰਿਤਪਾਲ : ਸੁਖਬੀਰ ਬਾਦਲ
ਅੰਮ੍ਰਿਤਸਰ, 15 ਮਈ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਪਹਿਲੀ ਵਾਰ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਖ਼ਿਲਾਫ਼ ਬੋਲੇ। ਅੱਜ ਇੱਥੇ ਚੋਣ ਰੈਲੀ ਵਿੱਚ ਉਨ੍ਹਾਂ ਨੇ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਉਸ ਸਾਜ਼ਿਸ਼ ਨੂੰ ਸਮਝਣ ਜਿਸ ਤਹਿਤ ਭਾਈ ਅੰਮ੍ਰਿਤਪਾਲ ਸਿੰਘ ਨੂੰ ਖਡੂਰ ਸਾਹਿਬ ਹਲਕੇ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਮੈਦਾਨ ਵਿਚ ਉਤਾਰਿਆ ਗਿਆ। ਉਹ ਅੱਜ ਇਥੇ ਜੰਡਿਆਲਾ ਗੁਰੂ ਅਤੇ ਬਾਬਾ ਬਕਾਲਾ ਹਲਕਾ ਵਿਖੇ ਪਾਰਟੀ ਦੇ ਉਮੀਦਵਾਰ ਵਿਰਸਾ ਸਿੰਘ ਵਲਟੋਹਾ ਅਤੇ ਅੰਮ੍ਰਿਤਸਰ ਤੋਂ ਪਾਰਟੀ ਉਮੀਦਵਾਰ ਅਨਿਲ ਜੋਸ਼ੀ ਦੇ ਹੱਕ ਵਿਚ ਅਟਾਰੀ, ਅੰਮ੍ਰਿਤਸਰ ਪੱਛਮੀ ਤੇ ਅੰਮ੍ਰਿਤਸਰ ਦੱਖਣੀ ਵਿਚ ਚੋਣ ਰੈਲੀਆਂ ਕਰਨ ਆਏ ਸਨ। ਇਸ ਮੌਕੇ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਮੁਲਾਂਕਣ ਕਰਨ ਕਿ ਅੰਮ੍ਰਿਤਪਾਲ ਕੌਣ ਹੈ। ਉਨ੍ਹਾਂ ਕਿਹਾ ਕਿ ਅੰਮ੍ਰਿਤਪਾਲ ਨੇ ਪਹਿਲਾਂ ਇਹ ਸਟੈਂਡ ਲਿਆ ਸੀ ਕਿ ਉਹ ਰਾਜਨੀਤੀ ਵਿੱਚ ਨਹੀਂ ਆਉਣਾ ਚਾਹੁੰਦਾ ਤੇ ਸਿਰਫ ‘ਅੰਮ੍ਰਿਤ ਪ੍ਰਚਾਰ’ ਹੀ ਕਰਨਾ ਚਾਹੁੰਦਾ ਹੈ ਤੇ ਨਸ਼ਿਆਂ ਖ਼ਿਲਾਫ਼ ਲੜਾਈ ਲੜਨਾ ਚਾਹੁੰਦਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਅੰਮ੍ਰਿਤਪਾਲ ਸਿਰਫ ਆਪਣੇ ਆਪ ਨੂੰ ਛੁਡਵਾਉਣ ਲਈ ਚੋਣ ਲੜ ਰਿਹਾ ਹੈ ਨਾ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਲੜ ਰਿਹਾ ਹੈ।