ਪ੍ਰੋ. ਅਰਵਿੰਦ ਵੱਲੋਂ ਹਰ ਥਾਂ ਔਰਤਾਂ ਨੂੰ ਬਰਾਬਰ ਦੇ ਮੌਕੇ ਮੁਹੱਈਆ ਕਰਵਾਏ ਜਾਣ ਦੀ ਜ਼ਰੂਰਤ ’ਤੇ ਜ਼ੋਰ
ਪ੍ਰੋ. ਅਰਵਿੰਦ ਵੱਲੋਂ ਹਰ ਥਾਂ ਔਰਤਾਂ ਨੂੰ ਬਰਾਬਰ ਦੇ ਮੌਕੇ ਮੁਹੱਈਆ ਕਰਵਾਏ ਜਾਣ ਦੀ ਜ਼ਰੂਰਤ ’ਤੇ ਜ਼ੋਰ
ਔਰਤਾਂ ਬਾਰੇ 15ਵੀਂ ਕੌਮਾਂਤਰੀ ਕਾਨਫ਼ਰੰਸ ਵਿੱਚ ਉੱਘੀ ਨਾਰੀਵਾਦੀ ਇਤਿਹਾਸਕਾਰ ਉਰਵਸ਼ੀ ਬਟੂਲੀਆ ਅਤੇ ਸਾਇੰਸਦਾਨ ਪ੍ਰੋ. ਕਵਿਤਾ ਦੁਰਾਇ ਵੱਲੋਂ ਕੁੰਜੀਵੱਤ ਭਾਸ਼ਣ
ਪਟਿਆਲਾ, 23 ਅਪ੍ਰੈਲ
ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਅਰਵਿੰਦ ਵੱਲੋਂ ਹਰ ਥਾਂ ਔਰਤਾਂ ਨੂੰ ਬਰਾਬਰ ਦੇ ਮੌਕੇ ਮੁਹੱਈਆ ਕਰਵਾਏ ਜਾਣ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ ਹੈ।
ਅੱਜ ਪੰਜਾਬੀ ਯੂਨੀਵਰਸਿਟੀ ਦੇ ਨਾਰੀ ਅਧਿਐਨ ਕੇਂਦਰ ਵੱਲੋਂ ਕਰਵਾਈ ਗਈ 15ਵੀਂ ਕੌਮਾਂਤਰੀ ਕਾਨਫ਼ਰੰਸ ਦੇ ਉਦਘਾਟਨੀ ਸੈਸ਼ਨ ਦੀ ਪ੍ਰਧਾਨਗੀ ਕਰਦਿਆਂ ਉਨ੍ਹਾਂ ਕਿਹਾ ਕਿ ਲਿੰਗਕ ਬਰਾਬਰੀ ਅਤੇ ਲਿੰਗਕ ਪ੍ਰਤੀਨਿਧਤਾ ਦੇ ਮਾਮਲੇ ਵਿੱਚ ਪੰਜਾਬੀ ਯੂਨੀਵਸਿਟੀ ਨੇ ਸੰਵੇਦਨਸ਼ੀਲ ਅਤੇ ਦਰੁਸਤ ਪਹੁੰਚ ਅਪਣਾਈ ਹੋਈ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਪੰਜਾਬੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਵਿੱਚ ਤਕਰੀਬਨ 65 ਫ਼ੀਸਦੀ ਲੜਕੀਆਂ ਹਨ। ਉਨ੍ਹਾਂ ਦੱਸਿਆ ਕਿ ਅਥਾਰਟੀ ਵਿੱਚ ਰਜਿਸਟਰਾਰ, ਡੀਨ ਵਿਦਿਆਰਥੀ ਭਲਾਈ, ਡੀਨ ਕਾਲਜ ਵਿਕਾਸ ਕੌਂਸਲ, ਡਾਇਰੈਕਟਰ ਸਪੋਰਟਸ ਜਿਹੇ ਅਹਿਮ ਅਹੁਦੇ ਵੀ ਔਰਤਾਂ ਵੱਲੋਂ ਸੰਭਾਲੇ ਜਾ ਗਏ ਹਨ। ਲਿੰਗਕ ਬਰਾਬਰੀ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਲਿੰਗਕ ਪਛਾਣਾਂ ਨੂੰ ਆਪਸ ਵਿੱਚ ਨਿਖੇੜ ਕੇ ਵੇਖਣ ਦੀ ਪਹੁੰਚ ਹੀ ਗ਼ਲਤ ਹੈ। ਨਾਰੀ ਅਧਿਐਨ ਕੇਂਦਰ ਵੱਲੋਂ ਉਠਾਏ ਜਾ ਰਹੇ ਵੱਖ-ਵੱਖ ਕਦਮਾਂ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਇਸ ਕੇਂਦਰ ਵਿੱਚ ਖੋਜ ਦੇ ਖੇਤਰ ਨੂੰ ਹੋਰ ਵਧੇਰੇ ਪ੍ਰਫੁੱਲਿਤ ਕੀਤਾ ਜਾਵੇਗਾ।
ਉੱਘੀ ਇਤਿਹਾਸਕਾਰ ਅਤੇ ਨਾਰੀਵਾਦੀ ਚਿੰਤਕ ਪ੍ਰੋ. ਉਰਵਸ਼ੀ ਬਟਾਲੀਆ ਨੇ ‘ਗਿਆਨ ਪੈਦਾਵਾਰੀ ਵਿੱਚ ਲਿੰਗਕ ਦਖ਼ਲਅੰਦਾਜ਼ੀ’ ਦੇ ਵਿਸ਼ੇ ਉੱਤੇ ਗੱਲ ਕਰਦਿਆਂ ਕਿਹਾ ਕਿ ਸਾਨੂੰ ਸਮਾਜ ਵਿੱਚ ਪੈਦਾ ਹੋ ਰਹੇ ਗਿਆਨ ਦੀਆਂ ਧਾਰਨਾਵਾਂ ਬਾਰੇ ਸਵਾਲ ਜ਼ਰੂਰ ਖੜ੍ਹੇ ਕਰਨੇ ਚਾਹੀਦੇ ਹਨ। ਗਿਆਨ ਪੈਦਾ ਕਰਨ ਵਾਲੇ ਸਰੋਤਾਂ ਦੀ ਪੜਚੋਲ ਕਰਨੀ ਚਾਹੀਦੀ ਹੈ ਤਾਂ ਕਿ ਪੈਦਾ ਹੋ ਰਿਹਾ ਗਿਆਨ ਬਿਨਾ ਕਿਸੇ ਲਿੰਗਕ ਭੇਦ ਭਾਵ ਤੋਂ ਸਾਰੀਆਂ ਧਿਰਾਂ ਦੇ ਹਿਤ ਵਿੱਚ ਭੁਗਤ ਸਕੇ। ਹਿੰਦੁਸਤਾਨ ਦੇ ਬਟਵਾਰੇ ਸਮੇਂ ਪੀੜਤ ਔਰਤ ਦੀ ਦਸ਼ਾ ਬਾਰੇ ਆਪਣਾ ਕੰਮ ਕਰਦਿਆਂ ਵੱਖ-ਵੱਖ ਪੀੜਿਤਾਂ ਨਾਲ ਮਿਲਣ ਅਤੇ ਉਨ੍ਹਾਂ ਨਾਲ ਗੱਲ ਕਰਨ ਸਮੇਂ ਪੈਦਾ ਹੋਈਆਂ ਚੁਣੌਤੀਆਂ ਦਾ ਪ੍ਰੋ. ਉਰਵਸ਼ੀ ਬਟਾਲੀਆ ਅਨੁਭਵ ਸਾਂਝਾ ਕੀਤਾ। ਉਨ੍ਹਾਂ ਕਿਹਾ ਕਿ ਪੀੜਿਤ ਔਰਤਾਂ ਕੋਲ ਆਪਣੇ ਦਰਦ ਨੂੰ ਬਿਆਨ ਕਰਨ ਲਈ ਸ਼ਬਦਾਵਲੀ ਹੀ ਨਹੀਂ। ਉਨ੍ਹਾਂ ਕਿਹਾ ਕਿ ਔਰਤਾਂ ਨੂੰ ਉਨ੍ਹਾਂ ਦੇ ਆਪਣੇ ਸਮਾਜ ਵਿੱਚ ਆਪਣੇ ਲੋਕਾਂ ਹੱਥੋਂ ਵੱਖ-ਵੱਖ ਤਰ੍ਹਾਂ ਦੀ ਹਿੰਸਾ ਦਾ ਸ਼ਿਕਾਰ ਹੋਣਾ ਪੈਂਦਾ ਹੈ। ਮਰਦ ਪ੍ਰਧਾਨ ਸਮਾਜ ਇਸ ਲਈ ਜ਼ਿੰਮੇਵਾਰ ਹੈ।
ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਇੰਡੀਅਨ ਇੰਸਟੀਚੂਟ ਆਫ਼ ਸਾਇੰਸ ਐਜੂਕੇਸ਼ਨ ਐਂਡ ਰਿਸਰਚ (ਆਇਸਰ) ਮੋਹਾਲੀ ਤੋਂ ਵਿਗਿਆਨੀ ਪ੍ਰੋ. ਕਵਿਤਾ ਦੁਰਾਇ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਭਵਿੱਖ ਵਿੱਚ ਸਮਾਜ ਦੀ ਬਿਹਤਰੀ ਲਈ ਲਿੰਗਕ ਬਰਾਬਰੀ ਦੀ ਲੋੜ ਉੱਤੇ ਜ਼ੋਰ ਦਿੱਤਾ। ਉਨ੍ਹਾਂ ਆਪਣੇ ਨਿੱਜੀ ਅਕਾਦਮਿਕ ਕੈਰੀਅਰ ਦੇ ਹਵਾਲੇ ਨਾਲ ਲਿੰਗਕ ਬਰਾਬਰੀ ਦੇ ਮਾਮਲੇ ਵਿੱਚ ਵੱਖ-ਵੱਖ ਚੁਣੌਤੀਆਂ ਅਤੇ ਇਸ ਪੱਖੋਂ ਸਮਾਜ ਵਿੱਚ ਸੰਵੇਦਨਸ਼ੀਲ ਪਹੁੰਚ ਅਪਨਾਉਣ ਪੱਖੋਂ ਨੁਕਤੇ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਔਰਤਾਂ ਹੁਣ ਆਪਣੀ ਮਿਹਨਤ ਅਤੇ ਹੁਨਰ ਦੇ ਬਲਬੂਤੇ ਵੱਖ-ਵੱਖ ਖੇਤਰਾਂ ਵਿੱਚ ਮੱਲਾਂ ਮਾਰ ਰਹੀਆਂ ਹਨ ਜੋ ਕਿ ਸ਼ੁਭ ਸੰਕੇਤ ਹੈ।
ਯੂਨਾਈਟਿਡ ਨੇਸ਼ਨਜ਼ ਡੀ. ਐੱਸ. ਐੱਸ. ਤੋਂ ਏਸ਼ੀਆ ਪੈਸੀਫਿਕ ਮੁਖੀ ਐੱਮ. ਕੇ. ਹੈਵੇਗ ਵੱਲੋਂ ਇਸ ਕਾਨਫ਼ਰੰਸ ਲਈ ਰਿਕਾਰਡ ਕਰ ਕੇ ਭੇਜਿਆ ਸੁਨੇਹਾ ਵੀ ਉਦਘਾਟਨੀ ਸੈਸ਼ਨ ਵਿੱਚ ਚਲਾਇਆ ਗਿਆ ਜਿਸ ਵਿੱਚ ਉਨ੍ਹਾਂ ਪੰਜਾਬੀ ਯੂਨੀਵਰਸਿਟੀ ਦੇ ਇਸ ਕਦਮ ਨੂੰ ਸਲਾਹਿਆ ਅਤੇ ਸ਼ੁਭ ਕਾਮਨਾਵਾਂ ਦਿੱਤੀਆਂ।
ਨਾਰੀ ਅਧਿਐਨ ਕੇਂਦਰ ਦੇ ਡਾਇਰੈਕਟਰ ਪ੍ਰੋ. ਹਰਪ੍ਰੀਤ ਕੌਰ ਨੇ ਆਪਣੇ ਸਵਾਗਤੀ ਭਾਸ਼ਣ ਦੌਰਾਨ ਦੱਸਿਆ ਕਿ ਇਸ ਕਾਨਫ਼ਰੰਸ ਬਹੁਤ ਵੱਡਾ ਹੁੰਗਾਰਾ ਮਿਲਿਆ ਹੈ। ਉਨ੍ਹਾਂ ਦੱਸਿਆ ਕਿ ਸਮੁੱਚੇ ਦੇਸ਼ ਭਰ ਦੇ ਵੱਖ-ਵੱਖ ਹਿੱਸਿਆਂ ਵਿੱਚੋਂ 300 ਤੋਂ ਵੱਧ ਖੋਜ ਪੱਤਰ ਇਸ ਕਾਨਫ਼ਰੰਸ ਲਈ ਪੁੱਜੇ। ਉਦਘਾਟਨੀ ਸੈਸ਼ਨ ਵਿੱਚ ਤਿੰਨ ਸ਼ਖ਼ਸੀਅਤਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਨ੍ਹਾਂ ਵਿੱਚ ਜੱਜ ਕੁਲਵਿੰਦਰ ਕੌਰ, ਉਪਿੰਦਰਜੀਤ ਕੌਰ ਸੇਖੋਂ ਅਤੇ ਸੈਸ਼ਨਦੀਪ ਕੌਰ ਸ਼ਾਮਿਲ ਸਨ।