ਪੰਜਾਬੀ ਯੂਨੀਵਰਸਿਟੀ ਵਿੱਚ ਡਾ. ਮੋਹਨਜੀਤ ਨਮਿਤ ਸ਼ਰਧਾਂਜਲੀ ਸਮਾਗਮ ਕੀਤਾ ਗਿਆ

ਦੁਆਰਾ: Punjab Bani ਪ੍ਰਕਾਸ਼ਿਤ :Monday, 22 April, 2024, 07:32 PM

ਪੰਜਾਬੀ ਯੂਨੀਵਰਸਿਟੀ ਵਿੱਚ ਡਾ. ਮੋਹਨਜੀਤ ਨਮਿਤ ਸ਼ਰਧਾਂਜਲੀ ਸਮਾਗਮ ਕੀਤਾ ਗਿਆ

ਪਟਿਆਲਾ, 22 ਅਪ੍ਰੈਲ
ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵੱਲੋਂ ਪੰਜਾਬੀ ਦੇ ਸਿਰਮੌਰ ਸ਼ਾਇਰ ਸਾਹਿਤ ਅਕਾਦਮੀ ਪੁਰਸਕ੍ਰਿਤ ਡਾ. ਮੋਹਨਜੀਤ ਨਮਿਤ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ । ਸਮਾਗਮ ਵਿੱਚ ਸਭ ਤੋਂ ਪਹਿਲਾਂ ਮੌਨ ਰੱਖ ਕੇ ਵਿਛੜੀ ਆਤਮਾ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ।
ਇਸ ਉਪਰੰਤ ਵਾਈਸ ਚਾਂਸਲਰ ਪ੍ਰੋਫ਼ੈਸਰ ਅਰਵਿੰਦ ਨੇ ਆਪਣੇ ਸ਼ਰਧਾਂਜਲੀ ਸ਼ਬਦ ਸਾਂਝੇ ਕਰਦਿਆਂ ਕਿਹਾ ਕਿ ਪੰਜਾਬੀ ਬੋਲੀ ਨੂੰ ਅਜਿਹੇ ਦਾਨਸ਼ਵਰ ਸ਼ਾਇਰਾਂ ਦੇ ਉੱਤੇ ਹਮੇਸ਼ਾ ਮਾਣ ਰਹੇਗਾ ਜਿਨ੍ਹਾਂ ਕਰਕੇ ਪੰਜਾਬੀ ਭਾਸ਼ਾ ਆਪਣੀ ਵਿਕਾਸ ਯਾਤਰਾ ਨੂੰ ਮਾਣਮੱਤੀ ਬਣਾਉਂਦੀ ਹੈ। ਉਨ੍ਹਾਂ ਕਿਹਾ ਕਿ ਸ਼ਾਇਰ ਮੋਹਨਜੀਤ ਵੱਲੋਂ ਸਾਹਿਤ ਦੇ ਖੇਤਰ ਵਿੱਚ ਕੀਤੇ ਕਾਰਜਾਂ ਨੂੰ ਅੱਗੇ ਲੈ ਕੇ ਜਾਣਾ ਹੀ ਉਨ੍ਹਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ। ਉਨ੍ਹਾਂ ਕਿਹਾ ਕਿ ਭਾਸ਼ਾ ਦੀ ਸਰਲਤਾ ਹੀ ਉਨ੍ਹਾਂ ਦਾ ਅਮੀਰੀ ਗੁਣ ਹੈ। ਪੰਜਾਬੀ ਯੂਨੀਵਰਸਿਟੀ ਉਹਨਾਂ ਦੇ ਕੰਮ ਨੂੰ ਨਮਨ ਕਰਦੀ ਹੈ।
ਉੱਘੇ ਨਾਟਕਕਾਰ ਡਾ. ਸਤੀਸ਼ ਕੁਮਾਰ ਵਰਮਾ ਨੇ ਮੋਹਨਜੀਤ ਦੀ ਜ਼ਿੰਦਗੀ ਅਤੇ ਕਲਾ ਰਚਨਾ ਬਾਰੇ ਗੱਲਬਾਤ ਕਰਦਿਆਂ ਕਿਹਾ ਕਿ ਡਾ. ਮੋਹਨਜੀਤ ਇੱਕ ਵੱਖਰੀ ਸਿਨਫ਼ ਦਾ ਸ਼ਾਇਰ ਸੀ। ਉਸ ਨੇ ਨਵੀਆਂ ਕਾਵਿਕ ਜੁਗਤਾਂ ਨਾਲ ਪੰਜਾਬੀ ਸ਼ਾਇਰੀ ਨੂੰ ਵੱਖਰੀ ਦਿਸ਼ਾ ਦਿੱਤੀ। ।ਮੋਹਨਜੀਤ ਨੇ ਪੰਜਾਬੀ ਕਵਿਤਾ ਵਿੱਚ ਨਵਾਂ ਕਾਵਿਕ ਮੁਹਾਵਰਾ ਸਿਰਜਿਆ ਜਿਸ ਵਿੱਚ ਮਨੁੱਖ ਦੇ ਅੰਤਰ ਮਨ ਦੀਆਂ ਤੈਹਾਂ ਤੋਂ ਲੈ ਕੇ ਵਿਸ਼ਵ ਮਨੁੱਖ ਦੇ ਮਸਲੇ ਸ਼ਾਮਿਲ ਹਨ। ਮੋਹਨਜੀਤ ਨੂੰ ਜੇ ਕਵੀ ਦੇ ਤੌਰ ‘ਤੇ ਪਰਖਣਾ ਹੋਵੇ ਤਾਂ ਉਸ ਦੇ ਲਈ ਕੋਈ ਵੱਖਰੇ ਪੈਰਾਮੀਟਰ ਲੱਭਣੇ ਪੈਣਗੇ। ਉਹ ਪਰੰਪਰਿਕ ਪੈਰਾਮੀਟਰਾਂ ਦੇ ਉੱਤੇ ਆਉਣ ਵਾਲਾ ਕਵੀ ਨਹੀਂ ਹੈ। ਇਸ ਲਈ ਉਸਦੀ ਕਵਿਤਾ ਵਿੱਚ ਭਾਸ਼ਾ ਸੋਹਜ ਤੋਂ ਲੈ ਕੇ ਹੋਰ ਬਹੁਤ ਸਾਰੀਆਂ ਪਰਤਾਂ ਵੇਖਣ ਵਾਲੀਆਂ ਹਨ।
ਪੰਜਾਬੀ ਵਿਭਾਗ ਦੇ ਮੁਖੀ ਪ੍ਰੋ. ਗੁਰਮੁਖ ਸਿੰਘ ਨੇ ਧੰਨਵਾਦੀ ਸ਼ਬਦ ਸਾਂਝੇ ਕਰਦਿਆਂ ਕਿਹਾ ਕਿ ਮੋਹਨਜੀਤ ਇੱਕ ਚੰਗੇ ਕਵੀ ਅਤੇ ਬਹੁ-ਗੁਣੀ ਸ਼ਖ਼ਸੀਅਤ ਦੇ ਮਾਲਕ ਸਨ। ਉਨ੍ਹਾਂ ਦਾ ਕਿਰਦਾਰ ਹਮੇਸ਼ਾ ਪ੍ਰੇਰਨਾਦਾਇਕ ਰਹੇਗਾ।
ਇਸ ਮੌਕੇ ਵਿਭਾਗ ਦੇ ਵਿਦਿਆਰਥੀਆਂ, ਖੋਜਾਰਥੀਆਂ ਤੋਂ ਇਲਾਵਾ ਡਾ. ਰਾਜਵੰਤ ਕੌਰ ਪੰਜਾਬੀ, ਡਾ ਰਾਜਵਿੰਦਰ ਸਿੰਘ , ਡਾ ਗੁਰਜੰਟ ਸਿੰਘ ਹਾਜ਼ਰ ਸਨ। ਮੰਚ ਦਾ ਸੰਚਾਲਨ ਸਾਹਿਤ ਸਭਾ ਦੇ ਇੰਚਾਰਜ ਡਾ. ਗੁਰਸੇਵਕ ਸਿੰਘ ਲੰਬੀ ਨੇ ਕੀਤਾ।