ਬਾਬਾ ਬਲਬੀਰ ਸਿੰਘ ਵੱਲੋਂ ਸ਼ਾਰਟ ਸਰਕਟ ਵਰਗੀਆਂ ਘਟਨਾਵਾਂ ਦੇ ਬਚਾਓ ਲਈ ਨਿਹੰਗ ਸਿੰਘ ਛਾਉਣੀਆਂ ਦੇ ਪ੍ਰਬੰਧਕਾਂ ਨੂੰ ਆਦੇਸ਼ ਜਾਰੀ

ਬਾਬਾ ਬਲਬੀਰ ਸਿੰਘ ਵੱਲੋਂ ਸ਼ਾਰਟ ਸਰਕਟ ਵਰਗੀਆਂ ਘਟਨਾਵਾਂ ਦੇ ਬਚਾਓ ਲਈ ਨਿਹੰਗ ਸਿੰਘ ਛਾਉਣੀਆਂ ਦੇ ਪ੍ਰਬੰਧਕਾਂ ਨੂੰ ਆਦੇਸ਼ ਜਾਰੀ
ਅੰਮ੍ਰਿਤਸਰ:- 25 ਅਪ੍ਰੈਲ ( ) ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ 96 ਕਰੋੜੀ ਨੇ ਗਰਮ ਰੁੱਤ ਸਬੰਧੀ ਅਪਣਾ ਸ਼ੰਕਾ ਜ਼ਾਹਰ ਕਰਦਿਆਂ ਕਿਹਾ ਕਿ ਗਰਮੀ ਦੀ ਰੁੱਤ ਹੋਣ ਕਾਰਨ ਮੌਸਮ ਅਪਣੇ ਮਿਜਾਜ਼ ਵਿਗਾੜ ਰਿਹਾ ਹੈ। ਤਾਪਮਾਨ ਬਹੁਤ ਤੇਜ਼ੀ ਨਾਲ ਵੱਧ ਰਿਹਾ ਹੈ, ਤੇਜ਼ ਲੂ, ਗਰਮ ਗਵਾਵਾਂ, ਮੀਂਹ, ਹਨੇਰੀਆਂ ਅਤੇ ਝੱਖੜਾਂ ਕਾਰਨ ਬਿਜਲੀ ਦੀਆਂ ਤਾਰਾਂ ਨਾਲ ਅਣਕਿਆਸਿਆ ਨੁਕਸਾਨ ਹੋ ਜਾਂਦਾ ਹੈ, ਤੋਂ ਬਚਣ ਲਈ ਸਬੰਧਤ ਮਹਿਕਮਾ ਅਤੇ ਲੋਕ ਜਾਗਰੂਕ ਹੋਣ।
ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਚਲਦਾ ਵਹੀਰ ਚੱਕਰਵਰਤੀ ਨਿਹੰਗ ਸਿੰਘਾਂ ਦੇ ਮੁਖੀ ਸਿੰਘ ਸਾਹਿਬ ਸ਼੍ਰੋਮਣੀ ਸੇਵਾ ਰਤਨ, ਸ਼੍ਰੋਮਣੀ ਪੰਥ ਰਤਨ ਬਾਬਾ ਬਲਬੀਰ ਸਿੰਘ 96 ਕਰੋੜੀ ਨੇ ਇਕ ਵਿਸ਼ੇਸ਼ ਆਦੇਸ਼ ਜਾਰੀ ਕਰ ਕੇ ਸਮੂਹ ਨਿਹੰਗ ਸਿੰਘਾਂ ਦੀਆਂ ਛਾਉਣੀਆਂ ਦੇ ਸਮੂਹ ਸੇਵਾਦਾਰਾਂ ਨੂੰ ਜਿਥੇ ਗੁਰਦਆਰਾ ਸਾਹਿਬਾਨ ਵਿਚ ਗੁਰੂ ਸਾਹਿਬ ਦਾ ਪ੍ਰਕਾਸ਼ ਅਸਥਾਨ ਅਤੇ ਸੁਖਆਸਨ ਅਸਥਾਨ ਹੈ, ਵੱਲ ਸਭ ਪ੍ਰਬੰਧਕਾਂ ਨੂੰ ਵਿਸ਼ੇਸ਼ ਤੌਰ `ਤੇ ਚੌਕਸੀ ਨਾਲ ਧਿਆਨ ਦੇਣ ਲਈ ਕਿਹਾ ਗਿਆ ਹੈ। ਉਨ੍ਹਾਂ ਕਿਹਾ ਕਿ ਅਕਸਰ ਵਧੇ ਤਾਪਮਾਨ ਕਾਰਨ ਬਿਜਲੀ ਦੀਆਂ ਤਾਰਾਂ ਪਿਘਲ ਜਾਂਦੀਆਂ ਹਨ ਤੇ ਸ਼ਾਟ ਹੋ ਕੇ ਸਮੁੱਚੇ ਗੁਰੂ ਘਰ ਦਾ ਨੁਕਸਾਨ ਕਰ ਦਿੰਦੀਆਂ ਹਨ ਜਿਥੇ ਸਾਰੇ ਜ਼ਿੰਮੇਵਾਰ ਵਿਅਕਤੀ ਸਰਕਟ ਸਾਟ ਦਾ ਬਹਾਨਾ ਬਣਾ ਕੇ ਆਪਣੇ ਆਪ ਨੂੰ ਬਰੀ ਕਰ ਲੈਂਦੇ ਹਨ। ਉਨਾਂ ਕਿਹਾ ਕਿ ਵਾਇਰਿੰਗ ਤੇ ਸਵਿੱਚਾਂ ਦਾ ਮੁਆਇਨਾ ਕਰਦੇ ਕਰਵਾਉਂਦੇ ਰਹਿਣਾ ਚਾਹੀਦਾ ਹੈ। ਉਨ੍ਹਾਂ ਹੋਰ ਕਿਹਾ ਜਦੋਂ ਗੁਰੂ ਦਰਬਾਰ ਵਿੱਚ ਬਿਜਲੀ ਦੀ ਲੋੜ ਨਹੀਂ ਹੈ ਉਸ ਵੇਲੇ ਤਾਂ ਮੇਨ ਸਵਿੱਚ ਆਫ਼ ਕਰ ਕੇ ਰਖਣਾ ਚਾਹੀਦਾ ਹੈ। ਪਲਾਸਟਿਕ ਪੱਖੇ ਜ਼ਿਆਦਾ ਚਿਰ ਚਲਦੇ ਨਾ ਰੱਖੇ ਜਾਣ।
