ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਕੀਤੀ ਮੀਟਿੰਗ
ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਕੀਤੀ ਮੀਟਿੰਗ
ਜਲੰਧਰ, 16 ਅਪਰੈਲ
ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਪਣੀ ਟਿਕਟ ਦੇ ਐਲਾਨ ਤੋਂ ਬਾਅਦ ਕਾਂਗਰਸ ਭਵਨ ਵਿੱਚ ਪਾਰਟੀ ਵਰਕਰਾਂ ਨਾਲ ਪਹਿਲੀ ਮੀਟਿੰਗ ਕੀਤੀ। ਮੀਟਿੰਗ ਦੌਰਾਨ ਉਨ੍ਹਾਂ ਆਮ ਆਦਮੀ ਪਾਰਟੀ ਅਤੇ ਭਾਜਪਾ ਦੇ ਉਮੀਦਵਾਰਾਂ ’ਤੇ ਸ਼ਬਦੀ ਵਾਰ ਕੀਤੇ। ਸਾਬਕਾ ਮੁੱਖ ਮੰਤਰੀ ਨੇ ਵਰਕਰਾਂ ਨਾਲ ਗੱਲਬਾਤ ਕਰਦਿਆਂ ਦਾਅਵਾ ਕੀਤਾ ਕਿ ਲੋਕ ਸਭਾ ਚੋਣਾਂ ਦੇ ਨਤੀਜਿਆਂ ਦੇ ਇੱਕ ਹਫਤੇ ਬਾਅਦ ਭਗਵੰਤ ਮਾਨ ਦੀ ਸਰਕਾਰ ਆਪਣੀ ਹਾਰ ਦੇਖ ਕੇ ਖੁਦ ਹੀ ਡਿੱਗ ਜਾਵੇਗੀ।
ਸਾਬਕਾ ਮੁੱਖ ਮੰਤਰੀ ਨੇ ਦਾਅਵਾ ਕੀਤਾ ਕਿ ਪੰਜਾਬ ਦੇ ਲੋਕ ਸੂਬੇ ਦੀ ‘ਆਪ’ ਸਰਕਾਰ ਤੋਂ ਤੰਗ ਆ ਚੁੱਕੇ ਹਨ ਅਤੇ ਉਹ ਭਾਜਪਾ ਦੇ ਵੀ ਸਖ਼ਤ ਖ਼ਿਲਾਫ਼ ਹਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਪਵਨ ਟੀਨੂੰ ਨੂੰ ਸਭ ਕੁਝ ਦਿੱਤਾ ਪਰ ਉਹ ਆਪਣੀ ਪਾਰਟੀ ਛੱਡ ਕੇ ‘ਆਪ’ ਦੇ ਉਮੀਦਵਾਰ ਬਣ ਬੈਠੇ ਹਨ। ਇਸੇ ਤਰ੍ਹਾਂ ਰਿੰਕੂ ਨੂੰ ਵੀ ਕਾਂਗਰਸ ਨੇ ਸਭ ਕੁਝ ਦਿੱਤਾ ਸੀ ਪਰ ਉਹ ਵੀ ਆਪਣੀ ਪਾਰਟੀ ਛੱਡ ਗਏ। ਅਜਿਹੇ ਹਾਲਾਤ ਵਿੱਚ ਲੋਕ ਇਨ੍ਹਾਂ ਦੋਵਾਂ ’ਤੇ ਕਿਵੇਂ ਭਰੋਸਾ ਕਰ ਸਕਦੇ ਹਨ। ਅਜਿਹੇ ਆਗੂਆਂ ਨੇ ਹੀ ਪੰਜਾਬ ਦੀ ਸਿਆਸਤ ਨੂੰ ਬਦਨਾਮ ਕੀਤਾ ਹੋਇਆ ਹੈ।