ਭਾਜਪਾ ਨੇ ਕਿਸਾਨਾਂ ਦੇ ਜਖਮਾਂ ਤੇ ਛਿੜਕਿਆ ਲੂਣ : ਸਤਨਾਮ ਬਹਿਰੂ
ਭਾਜਪਾ ਨੇ ਕਿਸਾਨਾਂ ਦੇ ਜਖਮਾਂ ਤੇ ਛਿੜਕਿਆ ਲੂਣ : ਸਤਨਾਮ ਬਹਿਰੂ
ਪਟਿਆਲਾ 16 ਅਪ੍ਰੈਲ ਦੇਸ਼ ਵਿੱਚ ਹੋ ਰਹੀਆਂ ਪਾਰਲੀਮੈਂਟ ਚੋਣਾਂ ਦੌਰਾਨ ਕੇਂਦਰੀ ਅਤੇ ਖੇਤਰੀ ਪਾਰਟੀਆਂ ਵੱਲੋਂ ਵੋਟਰਾਂ ਨੂੰ ਭਰਮਾਉਣ ਲਈ ਤਰ੍ਹਾਂ—ਤਰ੍ਹਾਂ ਦੇ ਆਪਣੇ ਚੋਣ—ਮਨੋਰਥ ਪੱਤਰਾਂ ਰਾਹੀਂ ਵਾਅਦੇ ਅਤੇ ਸਬਜਬਾਗ ਵਿਖਾਏ ਜਾ ਰਹੇ ਹਨ। ਭਾਰਤੀ ਜਨਤਾ ਪਾਰਟੀ ਨੇ ਆਪਣੇ ਚੋਣ ਸੰਕਲਪ ਰਾਹੀਂ ਦੇਸ਼ ਦੇ ਵੋਟਰਾਂ ਵਾਸਤੇ ਵਾਅਦੇ ਕੀਤੇ ਹਨ ਉਸ ਉੱਤੇ ਪ੍ਰਤੀਕਰਮ ਦਿੰਦਿਆ ਇੰਡੀਅਨ ਫਾਰਮਰਜ਼ ਐਸੋਸੀਏਸ਼ਨ ਦੇ ਕੌਮੀ ਪ੍ਰਧਾਨ ਸਤਨਾਮ ਸਿੰਘ ਬਹਿਰੂ ਨੇ ਕਿਹਾ ਕਿ ਪਿਛਲੇ 10 ਸਾਲਾਂ ਦੌਰਾਨ ਦੇਸ਼ ਦੇ ਲੋਕਾਂ, ਕਿਸਾਨਾਂ ਅਤੇ ਮਜਦੂਰਾਂ ਨਾਲ ਵੱਡੀਆਂ ਵਾਅਦਾ ਖਿਲਾਫੀਆਂ ਕੀਤੀਆਂ ਹਨ ਅਤੇ ਹੁਣ ਆਏ ਬੇ.ਜੇ.ਪੀ. ਦੇ ਚੋਣ ਮਨੋਰਥ ਪੱਤਰ ਨੇ ਦੇਸ਼ ਦੇ ਕਿਸਾਨਾਂ ਦੇ ਜਖਮਾਂ ਤੇ ਲੂਣ ਛਿੜਕਣ ਤੋਂ ਵੱਧ ਕੁੱਝ ਨਹੀਂ ਕੀਤਾ। ਜਦੋਂ ਕਿ ਦੇਸ਼ ਦੇ ਕਿਸਾਨ ਦਿੱਲੀ ਵਿਖੇ ਸਾਲ ਤੋਂ ਵੱਧ ਚੱਲੇ ਕਿਸਾਨ ਅੰਦੋਲਨ ਦੌਰਾਨ ਮੌਜੂਦਾ ਕੇਂਦਰ ਸਰਕਾਰ ਨੇ ਕਿਸਾਨਾਂ ਦੀਆਂ ਪ੍ਰਮੁੱਖ ਮੰਗਾਂ ਤੇ ਲਿਖਤੀ ਸਮਝੌਤੇ ਕੀਤੇ ਸਨ ਅਤੇ ਕਿਸਾਨ ਕੇਂਦਰ ਸਰਕਾਰ ਨੂੰ 13 ਫਰਵਰੀ ਨੂੰ ਦਿੱਲੀ ਚਲੋਂ ਨਾਅਰੇ ਤਹਿਤ ਮੰਨੀਆਂ ਹੋਈਆਂ ਲਿਖਤੀ ਮੰਗਾਂ ਦੇਸ਼ ਦੇ ਹੁਕਮਰਾਨਾਂ ਨੂੰ ਯਾਦ ਕਰਵਾਉਣ ਜਾ ਰਹੇ ਸਨ ਕੇਂਦਰ ਅਤੇ ਹਰਿਆਣਾ ਸਰਕਾਰ ਨੇ ਵੱਡੀਆਂ ਰੁਕਾਵਟਾਂ ਖੜੀਆਂ ਕਰਕੇ 400 ਤੋਂ ਵੱਧ ਸ਼ਾਂਤਮਈ ਕਿਸਾਨਾਂ ਉੱਤੇ ਗੋਲੀਆਂ ਦੀਆਂ ਬੁਛਾੜਾਂ ਅਤੇ ਅਥਰੂ ਗੈਸ ਦੇ ਅੰਧਾ ਧੁੰਦ ਵਰਤੋ ਕਰਕੇ ਮਨੁੱਖੀ ਹੱਕਾਂ ਦਾ ਘਾਣ ਕੀਤਾ ਹੈ।
ਸ੍ਰ. ਬਹਿਰੂ ਨੇ ਚੋਣ ਦੌਰਾਨ ਰਾਜਨੀਤਕ ਪਾਰਟੀਆਂ ਵਲੋਂ ਆਪਣੇ ਆਪਣੇ ਝੂਠੇ ਚੋਣ ਵਾਅਦਿਆਂ ਰਾਹੀਂ ਪਿਛਲੇ 40—50 ਸਾਲਾਂ ਤੋਂ ਵੋਟਰਾਂ ਦੇ ਅੱਖੀ ਘੱਟਾ ਪਾਇਆ ਜਾ ਰਿਹਾ ਹੈ। ਇਸ ਲਈ ਦੇਸ਼ ਦੇ ਕਰੋੜਾਂ ਲੋਕਾਂ ਦੀ ਮੰਗ ਹੈ ਕਿ ਭਾਰਤ ਦਾ ਚੋਣ ਕਮਿਸ਼ਨ ਚੋਣ ਮਨੋਰਥ ਪੱਤਰਾਂ ਨੂੰ ਕਾਨੂੰਨੀ ਘੇਰੇ ਵਿੱਚ ਲਿਆ ਕੇ ਲੋਕਾਂ ਨਾਲ ਵੱਜਦੀ ਰਾਜਨੀਤਕ ਠੱਗੀ ਬੰਦ ਕਰਾਵੇ ਜੇਕਰ ਕੋਈ ਰਾਜਨੀਤਕ ਪਾਰਟੀ ਆਪਣੇ ਵਾਅਦੇ ਤੇ ਖਰਾ ਨਹੀਂ ਉਤਰਦੀ ਤਾਂ ਉਸ ਪਾਰਟੀ ਦੀ ਮਾਨਤਾ ਰੱਦ ਕੀਤੀ ਜਾਵੇ।