ਪੀਆਰਟੀਸੀ ਦੀ ਬੱਸ ਖੜੇ ਟੀਪਰ ਨਾਲ ਟਕਰਾਈ, ਡਰਾਈਵਰ, ਕੰਡਕਟਰ ਸਣੇ 18 ਜ਼ਖਮੀ

ਪੀਆਰਟੀਸੀ ਦੀ ਬੱਸ ਖੜੇ ਟੀਪਰ ਨਾਲ ਟਕਰਾਈ, ਡਰਾਈਵਰ, ਕੰਡਕਟਰ ਸਣੇ 18 ਜ਼ਖਮੀ
– ਤਿੰਨ ਸਵਾਰੀਆਂ ਗੰਭੀਰ ਜ਼ਖਮੀ
ਪਟਿਆਲਾ, 21 ਅਪ੍ਰੈਲ : ਪਟਿਆਲਾ ਤੋ ਚੀਕਾ ਰੋਡ ਜੌੜੀਆਂ ਸੜਕਾਂ ਨੇੜੇ ਅੱਜ ਸਵੇਰ ਸਮੇਂ ਬੱਸ ਤੇ ਟਰਾਲੇ ਦੀ ਭਿਆਨਕ ਟੱਕਰ ਵਿੱਚ ਇੱਕ ਦਰਦਨਾਕ ਹਾਦਸਾ ਵਾਪਰਿਆ, ਜਿਸ ਵਿੱਚ ਬੱਸ ਦੇ ਡਰਾਇਵਰ ਕੰਡਕਟਰ ਸਮੇਤ ਤਕਰੀਬਨ 18 ਸਵਾਰੀਆਂ ਜਖਮੀ ਹੋ ਗਈਆਂ, ਜਿਨਾਂ ਵਿੱਚੋ ਤਿੰਨ ਗੰਭੀਰ ਦੱਸੇ ਜਾ ਰਹੇ ਹਨ, ਜਿਨਾਂ ਨੂੰ ਇਲਾਜ ਲਈ ਸਰਕਾਰੀ ਰਾਜਿੰਦਰਾ ਹਸਪਤਾਲ ਪਟਿਆਲਾ ਭਰਤੀ ਕਰਵਾ ਦਿੱਤਾ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾਂ ਸਨੌਰ ਪੁਲਿਸ ਤਫਤੀਸ਼ੀ ਅਫਸਰ ਬਲਜਿੰਦਰ ਸਿੰਘ ਨੇ ਦੱਸਿਆ ਕਿ ਸਵੇਰੇ ਤਕਰੀਬਨ 7 ਵਜੇ ਪੀ.ਆਰ.ਟੀ.ਸੀ ਦੀ ਬੱਸ ਨੰਬਰ ਪੀ.ਬੀ-11-ਸੀ.ਐਫ-0829 ਪਟਿਆਲਾ ਤੋ ਚੀਕਾ ਜਾ ਰਹੀ ਸੀ, ਜਦੋ ਇਹ ਬੱਸ ਜੌੜੀਆਂ ਸੜਕਾਂ ਚੌਂਕ ਟੱਪ ਕੇ ਥੋੜਾ ਅੱਗੇ ਪਹੁੰਚੀ ਤਾਂ ਅੱਗੇ ਤੋਂ ਆ ਰਹੀ ਕੋਈ ਸਵਿੱਵਟ ਗੱਡੀ ਨੂੰ ਬਚਾਉਣ ਲੱਗੇ, ਸੜਕ ਨਾਲ ਖੜੇ ਟੀਪਰ ਪੀਬੀ-11-1109 ਵਿੱਚ ਵੱਜ ਕੇ ਹਾਦਸਾਗ੍ਰਸਤ ਹੋ ਗਈ। ਇਸ ਹਾਦਸੇ ਕਾਰਨ ਬੱਸ ਅੰਦਰ ਸਵਾਰੀਆਂ ਦਾ ਚੀਕ ਚਿਹਾੜਾ ਮਚ ਗਿਆ ਅਤੇ ਬੱਸ ਤੇਜ ਹੋਣ ਕਾਰਣ ਬੱਸ ਦਾ ਅਗਲਾ ਹਿੱਸਾ ਬਿਲਕੁਲ ਖਤਮ ਹੋ ਗਿਆ। ਹਾਦਸੇ ਦਾ ਪਤਾ ਲੱਗਣ ‘ਤੇ ਸੜਕ ਸੁਰੱਖਿਆਂ ਫੋਰਸ ਦਾ ਦਸਤਾ ਮੌਕੇ ‘ਤੇ ਪਹੁੰਚ ਗਿਆ ਅਤੇ ਲੋਕਾਂ ਦੀ ਮਦਦ ਨਾਲ ਜਖਮੀਆਂ ਨੂੰ ਗੱਡੀ ਵਿੱਚ ਪਾ ਕੇ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ, ਜਿਸ ਵਿੱਚ ਬੱਸ ਦੇ ਡਰਾਇਵਰ ਬਲਜਿੰਦਰ ਸਿੰਘ ਵਾਸੀ ਨੂਰ ਪੁਰ ਸਮਾਣਾਂ ਅਤੇ ਕੰਡਕਟਰ ਸੁਰਿੰਦਰ ਸਿੰਘ ਪਿੰਡ ਚੁਨਾਗਰਾ ਪਾਤੜਾਂ ਸਮੇਤ ਤਕਰੀਬਨ 18 ਸਵਾਰੀਆਂ ਬੁਰੀ ਤਰਾਂ ਜਖਮੀ ਹੋ ਗਈਆਂ, ਜਿਸ ਵਿਚੋ ਕੰਡਕਟਰ ਸੁਰਿੰਦਰ ਸਿੰਘ ਦੀਆਂ ਦੋਵੋ ਲੱਤਾਂ ਟੁਟ ਗਈਆਂ ਦੱਸੀਆਂ ਜਾ ਰਹੀਆਂ ਹਨ ਅਤੇ ਤਿੰਨ ਹੋਰ ਸਵਾਰੀਆਂ ਗੰਭੀਰ ਹਨ।
ਸਥਾਨਕ ਲੋਕਾਂ ਦਾ ਕਹਿਣਾਂ ਹੈ ਕਿ ਇਥੇ ਸੀਮਿੰਟ ਸਟੋਰ ਅਤੇ ਰੇਤੇ ਬਜਰੀ ਦੇ ਢੇਰ ਹੋਣ ਕਾਰਨ ਤਕਰੀਬਨ ਹਰ ਵੇਲੇ ਟਰਾਲੇ ਅਤੇ ਵੱਡੀਆਂ ਸੀਮਿੰਟ ਦੀਆਂ ਭਰੀਆਂ ਗੱਡੀਆਂ ਖੜੀਆਂ ਰਹਿੰਦੀਆਂ ਹਨ, ਜਿਸ ਕਾਰਨ ਹਰ ਵੇਲੇ ਜਾਮ ਲੱਗਾ ਰਹਿੰਦਾ ਹੈ ਅਤੇ ਹਾਦਸੇ ਵਾਪਰਦੇ ਰਹਿੰਦੇ ਹਨ ਪਰ ਪੁਲਿਸ ਇਸ ਵੱਲ ਕੋਈ ਧਿਆਨ ਨਹੀ ਦਿੰਦੀ।
