ਵਿਰੋਧੀ ਧਿਰ ਸੱਚ ਦੀ ਨਹੀ ਸਗੋ ਸੱਤਾ ਦੀ ਪੂਜਾ ਕਰਦੀ ਹੈ : ਪ੍ਰਿਯੰਕਾ ਗਾਂਧੀ

ਦੁਆਰਾ: Punjab Bani ਪ੍ਰਕਾਸ਼ਿਤ :Thursday, 18 April, 2024, 12:23 PM

ਵਿਰੋਧੀ ਧਿਰ ਸੱਚ ਦੀ ਨਹੀ ਸਗੋ ਸੱਤਾ ਦੀ ਪੂਜਾ ਕਰਦੀ ਹੈ : ਪ੍ਰਿਯੰਕਾ ਗਾਂਧੀ
ਸਹਾਰਨਪੁਰ, 17 ਅਪਰੈਲ
ਭਾਜਪਾ ’ਤੇ ਵਰ੍ਹਦਿਆਂ ਕਾਂਗਰਸ ਆਗੂ ਪ੍ਰਿਯੰਕਾ ਗਾਂਧੀ ਵਾਡਰਾ ਨੇ ਕਿਹਾ ਕਿ ਹੁਕਮਰਾਨ ਧਿਰ ‘ਸੱਚ’ ਜਾਂ ‘ਮਾਂ ਸ਼ਕਤੀ’ ਦੀ ਨਹੀਂ ਸਗੋਂ ‘ਸੱਤਾ’ ਦੀ ਪੂਜਾ ਕਰਦੀ ਹੈ। ਉੱਤਰ ਪ੍ਰਦੇਸ਼ ਦੇ ਸਹਾਰਨਪੁਰ ’ਚ ਇਮਰਾਨ ਮਸੂਦ ਦੇ ਪੱਖ ’ਚ ਰੋਡ ਸ਼ੋਅ ਉਪਰੰਤ ਉਨ੍ਹਾਂ ਦਾਅਵਾ ਕੀਤਾ ਕਿ ਜੇਕਰ ਈਵੀਐੱਮ ’ਚ ਕੋਈ ਗੜਬੜੀ ਨਾ ਹੋਈ ਤਾਂ ਭਾਜਪਾ 180 ਤੋਂ ਵਧ ਸੀਟਾਂ ਨਹੀਂ ਜਿੱਤ ਸਕੇਗੀ। ਉਨ੍ਹਾਂ ਚੋਣ ਬਾਂਡਾਂ ਦੇ ਮੁੱਦੇ ’ਤੇ ਵੀ ਹੁਕਮਰਾਨ ਧਿਰ ਨੂੰ ਘੇਰਿਆ। ਮੁਸਲਮਾਨਾਂ ਦੀ ਵੱਡੀ ਆਬਾਦੀ ਵਾਲੇ ਇਲਾਕਿਆਂ ’ਚ ਰੋਡ ਸ਼ੋਅ ਕਰੀਬ ਦੋ ਕਿਲੋਮੀਟਰ ਲੰਬਾ ਸੀ। ਵੱਡੀ ਗਿਣਤੀ ਅਵਾਮ ਨੂੰ ਸੰਬੋਧਨ ਕਰਦਿਆਂ ਪ੍ਰਿਯੰਕਾ ਨੇ ਅਪੀਲ ਕੀਤੀ ਕਿ ਉਹ ਮਸੂਦ ਨੂੰ ਭਾਰੀ ਵੋਟਾਂ ਨਾਲ ਜਿਤਾਉਣ। ‘ਸੱਤਾ ’ਤੇ ਕਾਬਜ਼ ਲੋਕ ਸੱਚ ਜਾਂ ਮਾਂ ਸ਼ਕਤੀ ਦੀ ਨਹੀਂ ਸਗੋਂ ਸੱਤਾ ਦੀ ਪੂਜਾ ਕਰਦੇ ਹਨ। ਸੱਤਾ ਲਈ ਉਹ ਕਿਸੇ ਵੀ ਹੱਦ ਤੱਕ ਜਾ ਸਕਦੇ ਹਨ। ਉਹ ਸਰਕਾਰਾਂ ਡੇਗ ਸਕਦੇ ਹਨ, ਵਿਧਾਇਕਾਂ ਨੂੰ ਖ਼ਰੀਦ ਸਕਦੇ ਹਨ ਅਤੇ ਦੇਸ਼ ਦੀ ਸੰਪਤੀ ਅਮੀਰਾਂ ਨੂੰ ਸੌਂਪ ਸਕਦੇ ਹਨ।’ ਪ੍ਰਿਯੰਕਾ ਦਾ ਇਹ ਬਿਆਨ ਉਸ ਸਮੇਂ ਆਇਆ ਹੈ ਜਦੋਂ ਭਾਜਪਾ ਰਾਹੁਲ ਗਾਂਧੀ ਦੇ ‘ਸ਼ਕਤੀ ਖ਼ਿਲਾਫ਼ ਜੰਗ’ ਵਾਲੇ ਬਿਆਨ ’ਤੇ ਉਸ ਨੂੰ ਘੇਰ ਰਹੀ ਹੈ ਅਤੇ ਵਿਰੋਧੀ ਧਿਰ ’ਤੇ ਦੋਸ਼ ਲਾ ਰਹੀ ਹੈ ਕਿ ਉਹ ਹਿੰਦੂ ਦੇਵਤਿਆਂ ਦਾ ਅਪਮਾਨ ਕਰ ਰਹੀ ਹੈ।