ਪੰਜਾਬੀ ਯੂਨੀਵਰਸਿਟੀ ਦਾ 64ਵਾਂ ਸਥਾਪਨਾ ਦਿਵਸ 30 ਅਪ੍ਰੈਲ ਨੂੰ

ਦੁਆਰਾ: Punjab Bani ਪ੍ਰਕਾਸ਼ਿਤ :Friday, 12 April, 2024, 05:26 PM

ਪੰਜਾਬੀ ਯੂਨੀਵਰਸਿਟੀ ਦਾ 64ਵਾਂ ਸਥਾਪਨਾ ਦਿਵਸ 30 ਅਪ੍ਰੈਲ ਨੂੰ

ਵਾਈਸ ਚਾਂਸਲਰ ਵੱਲੋਂ ਸਥਾਪਨਾ ਦਿਵਸ ਵਿਆਪਕ ਪੱਧਰ ’ਤੇ ਮਨਾਉਣ ਦੇ ਨਿਰਦੇਸ਼

ਪਟਿਆਲਾ, 12 ਅਪ੍ਰੈਲ
ਪੰਜਾਬੀ ਯੂਨੀਵਰਸਿਟੀ ਦਾ 64ਵਾਂ ਸਥਾਪਨਾ ਦਿਵਸ 30 ਅਪ੍ਰੈਲ ਨੂੰ ਮਨਾਇਆ ਜਾ ਰਿਹਾ ਹੈ ਅਤੇ ਸੰਬੰਧ ਵਿੱਚ ਤਿਆਰੀਆਂ ਹੁਣ ਤੋਂ ਹੀ ਆਰੰਭ ਹੋ ਗਈਆਂ ਹਨ। ਉਪ-ਕੁਲਪਤੀ ਪ੍ਰੋ. ਅਰਵਿੰਦ ਦੀ ਪ੍ਰਧਾਨਗੀ ਹੇਠ ਅੱਜ ਹੋਈ ਇੱਕ ਉਚ ਪੱਧਰੀ ਮੀਟਿੰਗ ਦੌਰਾਨ ਯੂਨੀਵਰਸਿਟੀ ਦੇ ਸਥਾਪਨਾ ਦਿਵਸ ਦੀ ਰੂਪ-ਰੇਖਾ ਉਲੀਕੀ ਗਈ ਅਤੇ ਵਾਈਸ ਚਾਂਸਲਰ ਨੇ ਇਹ ਦਿਵਸ ਵਿਆਪਕ ਪੱਧਰ ’ਤੇ ਮਨਾਉਣ ਦੇ ਅਧਿਕਾਰੀਆਂ ਨੂੰ ਨਿਰਦੇਸ਼ ਜਾਰੀ ਕੀਤੇ।
ਪ੍ਰੋ. ਅਰਵਿੰਦ ਨੇ ਕਿਹਾ ਕਿ ਪਿੱਛਲੇ ਸਮੇਂ ਦੌਰਾਨ ਯੂਨੀਵਰਸਿਟੀ ਨੇ ਆਪਣੀਆਂ ਬਹੁਮੱਤ ਸਮੱਸਿਆਵਾਂ ’ਤੇ ਕਾਬੂ ਪਾ ਲਿਆ ਹੈ। ਇਸ ਕਰਕੇ ਸਥਾਪਨਾ ਦਿਵਸ ਨੂੰ ਪ੍ਰਭਾਵੀ ਢੰਗ ਨਾਲ ਨਾਲ ਮਨਾਉਣ ਲਈ ਸਾਡੇ ਕੋਲ ਅਨੇਕਾਂ ਕਾਰਨ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਆਪਣੇ ਸਾਲਾਨਾ ਵਿੱਤੀ ਬਜਟ ਵਿੱਚ ਯੂਨੀਵਰਸਿਟੀ ਦੀ ਮਹੀਨਾਵਾਰ ਗਰਾਂਟ ਵਿੱਚ ਵਾਧੇ ਦਾ ਪੱਕੇ ਤੌਰ ਉੱਤੇ ਉਪਬੰਧ ਕਰਨ ਕਰਕੇ ਯੂਨੀਵਰਸਿਟੀ ਦੀ ਹਾਲਤ ਸੁਖਾਲੀ ਹੋ ਗਈ। ਇਸ ਦੇ ਨਾਲ ਹੀ ਨੈਕ ਦਾ ਏ ਪਲੱਸ ਗਰੇਡ ਪ੍ਰਾਪਤ ਹੋਣਾ ਯੂਨੀਵਰਸਿਟੀ ਵੱਲੋਂ ਕੀਤੀ ਜਾ ਰਹੀ ਇਸ ਤਰੱਕੀ ਉੱਤੇ ਮੋਹਰ ਸਾਬਿਤ ਹੋਇਆ ਹੈ। ਅਜਿਹੀ ਸਥਿਤੀ ਵਿੱਚ ਯੂਨੀਵਰਸਿਟੀ ਦਾ ਸਥਾਪਨਾ ਦਿਵਸ ਮਨਾਉਣ ਦਾ ਉਤਸ਼ਾਹ ਵੀ ਆਪਣੇ ਆਪ ਵਧ ਜਾਂਦਾ ਹੈ।
ਵਾਈਸ ਚਾਂਸਲਰ ਦੇ ਨਿਰਦੇਸ਼ਾਂ ਦੇ ਹੇਠ ਸਥਾਪਨਾ ਦਿਵਸ ਨੂੰ ਪ੍ਰਭਾਵੀ ਢੰਗ ਨਾਲ ਮਨਾਉਣ ਲਈ ਵੱਖ-ਵੱਖ ਕਮੇਟੀਆਂ ਦਾ ਗਠਨ ਕੀਤਾ ਗਿਆ। ਮੀਟਿੰਗ ਵਿੱਚ ਡੀਨ ਅਕਾਦਮਿਕ ਮਾਮਲੇ ਪ੍ਰੋ. ਅਸ਼ੋਕ ਕੁਮਾਰ ਤਿਵਾੜੀ, ਰਜਿਸਟਰਾਰ ਪ੍ਰੋ. ਨਵਜੋਤ ਕੌਰ, ਉਪ-ਕੁਲਪਤੀ ਦੇ ਨਿੱਜੀ ਸਕੱਤਰ ਡਾ. ਨਾਗਰ ਸਿੰਘ, ਭਾਸ਼ਾ ਫ਼ੈਕਲਟੀ ਦੇ ਡੀਨ ਪ੍ਰੋ. ਰਾਜੇਸ਼ ਸ਼ਰਮਾ, ਪੰਜਾਬ ਦਾ ਵਣ-ਤ੍ਰਿਣ ਜੀਵ-ਜੰਤ ਸੰਤੁਲਨ ਮੁੜ ਬਹਾਲੀ ਕੇਂਦਰ (ਕਰੈਸਪ) ਦੇ ਡਾਇਰੈਕਟਰ ਪ੍ਰੋ ਹਿਮੇਂਦਰ ਭਾਰਤੀ, ਸੈਂਟਰ ਫ਼ਾਰ ਡਿਸਟੈਂਸ ਐਂਡ ਆਨਲਾਈਨ ਐਜੂਕਸ਼ਨ ਦੇ ਡਾਇਰੈਕਟਰ ਪ੍ਰੋ. ਹਰਵਿੰਦਰ ਕੌਰ ਅਤੇ ਭੋਂ-ਵਿਗਿਆਨ ਵਿਭਾਗ ਤੋਂ ਪ੍ਰੋ. ਯਾਦਵਿੰਦਰ ਸਿੰਘ ਹਾਜ਼ਰ ਰਹੇ।