ਪੰਜਾਬੀ ਯੂਨੀਵਰਸਿਟੀ ਨੇ ਸਟੇਟ ਫੋਰੈਂਸਿਕ ਸਾਇੰਸ ਲੈਬਾਰਟਰੀ, ਜੈਪੁਰ ਨਾਲ਼ ਕੀਤਾ ਇਕਰਾਰਨਾਮਾ
ਪੰਜਾਬੀ ਯੂਨੀਵਰਸਿਟੀ ਨੇ ਸਟੇਟ ਫੋਰੈਂਸਿਕ ਸਾਇੰਸ ਲੈਬਾਰਟਰੀ, ਜੈਪੁਰ ਨਾਲ਼ ਕੀਤਾ ਇਕਰਾਰਨਾਮਾ
ਪਟਿਆਲਾ, 10 ਅਪ੍ਰੈਲ
ਪੰਜਾਬੀ ਯੂਨੀਵਰਸਿਟੀ ਦੇ ਫੋਰੈਂਸਿਕ ਸਾਇੰਸ ਵਿਭਾਗ ਵੱਲੋਂ ਸਟੇਟ ਫੋਰੈਂਸਿਕ ਸਾਇੰਸ ਲੈਬਾਰਟਰੀ, ਜੈਪੁਰ (ਰਾਜਸਥਾਨ) ਨਾਲ਼ ਇਕਰਾਰਨਾਮਾ ਕੀਤਾ ਗਿਆ ਹੈ। ਪੰਜਾਬੀ ਯੂਨੀਵਰਸਿਟੀ ਕੈਂਪਸ ਦੇ ਸਿੰਡੀਕੇਟ ਰੂਮ ਵਿੱਚ ਦੋਹਾਂ ਅਦਾਰਿਆਂ ਦੇ ਪ੍ਰਤੀਨਿਧੀਆਂ ਵੱਲੋਂ ਇਸ ਇਕਰਾਰਨਾਮੇ ਉੱਤੇ ਰਸਮੀ ਰੂਪ ਵਿੱਚ ਹਸਤਾਖ਼ਰ ਕੀਤੇ ਗਏ। ਪੰਜਾਬੀ ਯੂਨੀਵਰਸਿਟੀ ਵੱਲੋਂ ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੇ ਹਸਤਾਖ਼ਰ ਕੀਤੇ ਜਦੋਂ ਕਿ ਦੂਜੇ ਪਾਸੇ ਸਟੇਟ ਫੋਰੈਂਸਿਕ ਸਾਇੰਸ ਲੈਬਾਰਟਰੀ, ਜੈਪੁਰ ਵੱਲੋਂ ਉਚੇਚੇ ਤੌਰ ਉੱਤੇ ਪੰਜਾਬੀ ਯੂਨੀਵਰਸਿਟੀ ਕੈਂਪਸ ਪੁੱਜੇ ਡਾਇਰੈਕਟਰ ਡਾ. ਅਜੇ ਸ਼ਰਮਾ ਨੇ ਹਸਤਾਖ਼ਰ ਕੀਤੇ।
ਪ੍ਰੋ. ਅਰਵਿੰਦ ਨੇ ਇਸ ਸੰਬੰਧੀ ਆਪਣੇ ਵਿਚਾਰ ਪ੍ਰਗਟਾਉਂਦਿਆਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਫੋਰੈਂਸਿਕ ਸਾਇੰਸ ਦਾ ਖੇਤਰ ਹੋਰ ਵੀ ਵਧੇਰੇ ਲੋਕਪ੍ਰਿਯ ਹੋ ਰਿਹਾ ਹੈ। ਕਾਨੂੰਨ ਦੇ ਖੇਤਰ ਵਿੱਚ ਅਪਰਾਧਾਂ ਆਦਿ ਦੀ ਸ਼ਨਾਖਤ ਕਰਨ ਹਿਤ ਵਿਗਿਆਨਕ ਸਬੂਤਾਂ ਨੂੰ ਪ੍ਰਮਾਣਿਤ ਅਧਾਰ ਮੰਨਿਆ ਜਾਣ ਲੱਗਿਆ ਹੈ ਜਿਸ ਨਾਲ਼ ਬਹੁਤ ਸਾਰੇ ਗੁੰਝਲਦਾਰ ਕੇਸ ਹੱਲ ਹੋਏ ਹਨ। ਉਨ੍ਹਾਂ ਕਿਹਾ ਕਿ ਸਿਰਫ਼ ਕਾਨੂੰਨ ਦੇ ਖੇਤਰ ਵਿੱਚ ਹੀ ਨਹੀਂ ਬਲਕਿ ਪੁਰਾਤੱਤਵ ਵਿਭਾਗ ਜਿਹੇ ਬਹੁਤ ਸਾਰੇ ਅਜਿਹੇ ਖੇਤਰ ਹਨ ਜਿੱਥੇ ਫੋਰੈਂਸਿਕ ਸਾਇੰਸ ਦਾ ਵਿਸ਼ਾ ਪ੍ਰਸੰਗਿਕ ਹੁੰਦਾ ਜਾ ਰਿਹਾ ਹੈ। ਇਸ ਲਿਹਾਜ਼ ਨਾਲ਼ ਇਹ ਇਕਰਾਰਨਾਮਾ ਦੋਹੇਂ ਅਦਾਰਿਆਂ ਲਈ ਸਹਾਈ ਸਿੱਧ ਹੋਵੇਗਾ। ਪੰਜਾਬੀ ਯੂਨੀਵਰਸਿਟੀ ਦੇ ਵਿਦਿਆਰਥੀ ਇਸ ਇਕਰਾਰਨਾਮੇ ਤਹਿਤ ਸਟੇਟ ਸਾਇੰਸ ਲੈਬਾਰਟਰੀ ਜੈਪੁਰ ਨਾਲ਼ ਜੁੜ ਕੇ ਉੱਥੇ ਮੌਜੂਦ ਉਪਕਰਣਾਂ ਅਤੇ ਮਨੁੱਖੀ ਸਰੋਤਾਂ ਦੀ ਮਦਦ ਨਾਲ਼ ਖੋਜ ਅਤੇ ਅਕਾਦਮਿਕ ਖੇਤਰ ਵਿੱਚ ਨਵਾਂ ਕੰਮ ਕਰਨ ਦੇ ਯੋਗ ਹੋਣਗੇ। ਇਸੇ ਤਰ੍ਹਾਂ ਸਟੇਟ ਸਾਇੰਸ ਲੈਬਾਰਟਰੀ ਲਈ ਇਹ ਸਹੂਲਤ ਹੋਵੇਗੀ ਕਿ ਉਹ ਪੰਜਾਬੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਮਦਦ ਨਾਲ਼ ਆਪਣੇ ਕੰਮ ਕਾਜ ਦਾ ਦਾਇਰਾ ਹੋਰ ਵਧਾ ਸਕਣਗੇ। ਇਸ ਤਰ੍ਹਾਂ ਦੋਹਾਂ ਅਦਾਰਿਆਂ ਦੇ ਸਹਿਯੋਗ ਨਾਲ਼ ਫੋਰੈਂਸਿਕ ਸਾਇੰਸ ਦੇ ਖੇਤਰ ਵਿੱਚ ਨਿਵੇਕਲੇ ਕਾਰਜ ਹੋਣ ਦੀਆਂ ਸੰਭਾਵਨਾਵਾਂ ਪੈਦਾ ਹੋਣਗੀਆਂ।
ਡਾ. ਅਜੇ ਸ਼ਰਮਾ ਨੇ ਇਸ ਮੌਕੇ ਕਿਹਾ ਕਿ ਉਹ ਪੰਜਾਬੀ ਯੂਨੀਵਰਸਿਟੀ ਅਤੇ ਵਿਸ਼ੇਸ਼ ਤੌਰ ਉੱਤੇ ਇੱਥੇ ਕਾਰਜਸ਼ੀਲ ਦੇਸ ਦੇ ਦੂਜੇ ਸਭ ਤੋਂ ਪੁਰਾਣੇ ਫੋਰੈਂਸਿਕ ਸਾਇੰਸ ਵਿਭਾਗ ਨਾਲ਼ ਜੁੜ ਕੇ ਮਾਣ ਮਹਿਸੂਸ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਸਟੇਟ ਸਾਇੰਸ ਲੈਬਾਰਟਰੀ ਵੱਖ-ਵੱਖ ਕੇਸਾਂ ਅਪਰਾਧਿਕ ਕੇਸਾਂ ਨੂੰ ਸੁਲਝਾਉਣ ਵਿੱਚ ਆਪਣਾ ਯੋਗਦਾਨ ਦੇ ਰਹੀ ਹੈ। ਹੁਣ ਪੰਜਾਬੀ ਯੂਨੀਵਰਸਿਟੀ ਦੇ ਵਿਦਿਆਰਥੀ ਅਤੇ ਖੋਜ ਪ੍ਰਾਜੈਕਟ ਇਸ ਨਾਲ਼ ਜੁੜ ਸਕਣਗੇ ਜਿਸ ਨਾਲ਼ ਦੋਹਾਂ ਅਦਾਰਿਆਂ ਦੀ ਸਮਰਥਾ ਵਿੱਚ ਵਾਧਾ ਹੋਵੇਗਾ।
ਫੋਰੈਂਸਿਕ ਸਾਇੰਸ ਵਿਭਾਗ ਦੇ ਮੁਖੀ ਡਾ. ਮੁਕੇਸ਼ ਕੁਮਾਰ ਠੱਕਰ ਨੇ ਦੱਸਿਆ ਕਿ ਇਸ ਇਕਰਾਰਨਾਮੇ ਉਪਰੰਤ ਵਿਭਾਗ ਦੇ ਵਿਦਿਆਰਥੀ ਸਿਖਲਾਈ ਲੈਣ ਹਿਤ ਸਟੇਟ ਸਾਇੰਸ ਲੈਬਾਰਟਰੀ ਨਾਲ਼ ਇੰਟਰਨ ਵਜੋਂ ਜੁੜ ਸਕਣਗੇ। ਉੱਥੇ ਹੋ ਰਹੀਆਂ ਖੋਜਾਂ ਅਤੇ ਲੈਬਾਰਟਰੀ ਵੱਲੋਂ ਹੱਲ ਕੀਤੇ ਗਏ ਵੱਖ-ਵੱਖ ਕੇਸਾਂ ਤੱਕ ਸਿੱਧੀ ਪਹੁੰਚ ਬਣਾ ਸਕਣਗੇ। ਉਨ੍ਹਾਂ ਦੱਸਿਆ ਕਿ ਇਸ ਇਕਰਾਰਨਾਮੇ ਨੂੰ ਵਿਹਾਰਕ ਤੌਰ ਉੱਤੇ ਲਾਗੂ ਕਰਨ ਦੀ ਕਾਰਵਾਈ ਵੀ ਤੁਰੰਤ ਸ਼ੁਰੂ ਕੀਤੀ ਜਾ ਰਹੀ ਹੈ।