ਸਕੂਲੀ ਵਿਦਿਆਰਥੀਆਂ ਨੇ ਚਲਾਈਆਂ ਤਲਵਾਰਾਂ, ਸੁੱਟੇ ਪੈਟਰੋਲ ਬੰਬ, ਮਾਮਲਾ ਦਰਜ

ਸਕੂਲੀ ਵਿਦਿਆਰਥੀਆਂ ਨੇ ਚਲਾਈਆਂ ਤਲਵਾਰਾਂ, ਸੁੱਟੇ ਪੈਟਰੋਲ ਬੰਬ, ਮਾਮਲਾ ਦਰਜ
ਪਟਿਆਲਾ : ਸਕੂਲ ਵਿਚ ਵਿਦਿਆਰਥੀਆਂ ਦਾ ਹੋਇਆ ਝਗੜਾ ਤਲਵਾਰਾਂ ਤੇ ਪੈਟਰੋਲ ਬੰਬ ਤੱਕ ਪੁੱਜ ਗਿਆ। ਇਕ ਧਿਰ ਵੱਲੋਂ ਘਰ ਵਿਚ ਪੈਟਰੋਲ ਬੰਬ ਸੁੱਟ ਕੇ ਅੱਗ ਵੀ ਲਗਾ ਦਿੱਤੀ ਗਈ। ਪੁਲਿਸ ਨੇ ਛੇ ਤੋਂ ਵੱਧ ਨੌਜਵਾਨਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਗੋਬਿੰਦ ਬਾਗ ਵਾਸੀ ਕਰਣ ਕਨੌਜੀਆ ਨੇ ਦੱਸਿਆ ਕਿ ਅੱਠ ਅਪ੍ਰੈਲ ਦੀ ਦੁਪਹਿਰ ਕਈ ਲੜਕੇ ਹਥਿਆਰਾਂ ਨਾਲ ਲੈਸ ਹੋ ਕੇ ਉਸ ਦੇ ਘਰ ਪੁੱਜੇ। ਗੇਟ ਬੰਦ ਹੋਣ ਕਾਰਨ ਹਮਲਾਵਰ ਗੇਟ ’ਤੇ ਤਲਵਾਰਾਂ ਮਾਰ ਕੇ ਫ਼ਰਾਰ ਹੋ ਗਏ। ਅਗਲੀ ਸਵੇਰ ਫੇਰ ਹਮਲਾਵਰ ਗਲੀ ’ਚ ਆਏ ਜਿਨ੍ਹਾਂ ਵਿਚੋਂ ਕਰਣ ਤੇ ਵਰੁਣ ਨੇ ਇਕ ਪੈਟਰੋਲ ਬੰਬ ਨੂੰ ਅੱਗ ਲਗਾ ਕੇ ਉਨ੍ਹਾਂ ਦੇ ਘਰ ਵਿਚ ਸੁੱਟਣ ਦੀ ਕੋਸ਼ਿਸ਼ ਕੀਤੀ ਪਰ ਬੰਬ ਗਲੀ ਵਿਚ ਡਿੱਗ ਗਿਆ। ਇਸ ਤੋਂ ਬਾਅਦ ਇਕ ਹੋਰ ਬੰਬ ਘਰ ਵਿਚ ਸੁੱਟਿਆ ਜਿਸ ਕਾਰਨ ਅੰਦਰ ਪਿਆ ਟੇਬਲ ਤੇ ਕੱਪੜਿਆਂ ਨੂੰ ਅੱਗ ਲੱਗ ਗਈ। ਰੌਲਾ ਪਾਉਣ ’ਤੇ ਹਮਲਾਵਰ ਫ਼ਰਾਰ ਹੋ ਗਏ। ਪੁਲਿਸ ਨੇ ਨਕੁਲ, ਕਰਣ, ਲਕਸ਼ , ਵਰੁਣ ਅਠਵਾਲ, ਸਿਧਾਰਥ, ਗੋਪੂ ਅਤੇ ਤਿੰਨ ਹੋਰ ਅਣਪਛਾਤਿਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।
