ਪੰਜਾਬੀ ਯੂਨੀਵਰਸਿਟੀ ਵਿਖੇ ‘ਸੌਫ਼ਟ ਸਕਿਲਜ਼’ ਬਾਰੇ ਵਰਕਸ਼ਾਪ ਸ਼ੁਰੂ
ਪੰਜਾਬੀ ਯੂਨੀਵਰਸਿਟੀ ਵਿਖੇ ‘ਸੌਫ਼ਟ ਸਕਿਲਜ਼’ ਬਾਰੇ ਵਰਕਸ਼ਾਪ ਸ਼ੁਰੂ
ਪਟਿਆਲਾ, 15 ਅਪ੍ਰੈਲ
ਪੰਜਾਬੀ ਯੂਨੀਵਰਸਿਟੀ ਵਿਖੇ ਡੀਨ ਵਿਦਿਆਰਥੀ ਭਲਾਈ ਦਫ਼ਤਰ ਵੱਲੋਂ ਸੈਂਟਰ ਫ਼ਾਰ ਡਿਸਟੈਂਸ ਐਂਡ ਆਨਲਾਈਨ ਐਜੂਕੇਸ਼ਨ ਦੇ ਸਹਿਯੋਗ ਨਾਲ਼ ਕਰਵਾਈ ਜਾ ਰਹੀ ਪੰਜ ਰੋਜ਼ਾ ਵਰਕਸ਼ਾਪ ਸ਼ੁਰੂ ਹੋ ਗਈ ਹੈ। ‘ਸੌਫ਼ਟ ਸਕਿਲਜ਼ ਫ਼ੌਰ ਇੰਟਰਵਿਊ ਰੈਡੀਨੈੱਸ’ ਸਿਰਲੇਖ ਤਹਿਤ ਕਰਵਾਈ ਜਾ ਰਹੀ ਇਸ ਵਰਕਸ਼ਾਪ ਵਿੱਚ ਵਿਦਿਆਰਥੀਆਂ ਨੂੰ ਕਿਸੇ ਵੀ ਥਾਂ ਉੱਤੇ ਇੰਟਰਵਿਊ ਸਮੇਂ ਪ੍ਰਭਾਵਸ਼ਾਲੀ ਸੰਚਾਰ ਵਿਧੀਆਂ ਦੀ ਸਿਖਲਾਈ ਦਿੱਤੀ ਜਾਣੀ ਹੈ।
ਵਰਕਸ਼ਾਪ ਦਾ ਉਦਘਾਟਨ ਕਰਦਿਆਂ ਰਜਿਸਟਰਾਰ ਪ੍ਰੋ. ਨਵਜੋਤ ਕੌਰ ਨੇ ਕਿਹਾ ਕਿ ਸਿੱਖਿਆ ਸਿਰਫ਼ ਜਮਾਤ ਕਮਰਿਆਂ ਤੱਕ ਸੀਮਿਤ ਨਹੀਂ ਹੁੰਦੀ ਅਤੇ ਨਾ ਹੀ ਰੱਟੇ ਲਾ ਕੇ ਪ੍ਰੀਖਿਆਵਾਂ ਪਾਸ ਕਰ ਲੈਣਾ ਸਿੱਖਿਆ ਹੈ। ਇੱਕ ਮੁਕੰਮਲ ਇਨਸਾਨ ਦੇ ਨਿਰਮਾਣ ਲਈ ਪ੍ਰਭਾਵਾਸ਼ਾਲੀ ਸੰਚਾਰ ਦਾ ਹੁਨਰ ਹੋਣਾ ਬਹੁਤ ਅਹਿਮ ਹੈ। ਇਸ ਮਕਸਦ ਲਈ ਵਰਕਸ਼ਾਪ ਜਿਹੇ ਅਜਿਹੇ ਕਦਮ ਸਹਾਈ ਸਿੱਧ ਹੁੰਦੇ ਹਨ। ਉਨ੍ਹਾਂ ਕਿਹਾ ਕਿ ਇਹ ਜ਼ਰੂਰੀ ਨਹੀਂ ਹੁੰਦਾ ਕਿ ਸਾਰੇ ਹੁਨਰ ਅਸੀਂ ਜਨਮ ਤੋਂ ਹੀ ਆਪਣੇ ਨਾਲ਼ ਲੈ ਕੇ ਜੰਮੀਏ ਬਲਕਿ ਬਹੁਤ ਕੁੱਝ ਅਸੀਂ ਆਪਣੇ ਯਤਨਾਂ ਨਾਲ਼ ਸਿੱਖਣਾ ਵੀ ਹੁੰਦਾ ਹੈ। ਉਨ੍ਹਾਂ ਇਸ ਵਰਕਸ਼ਾਪ ਵਿੱਚ ਭਾਗ ਲੈ ਰਹੇ ਵਿਦਿਆਰਥੀਆਂ ਨੂੰ ਵਿਸ਼ੇਸ਼ ਤੌਰ ਉੱਤੇ ਵਧਾਈ ਦਿੱਤੀ।
ਡੀਨ ਵਿਦਿਆਰਥੀ ਭਲਾਈ ਪ੍ਰੋ. ਹਰਵਿੰਦਰ ਨੇ ਉਦਘਾਟਨੀ ਸੈਸ਼ਨ ਮੌਕੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਵਿਦਿਆਰਥੀਆਂ ਵਿੱਚ ਸਵੈ-ਵਿਸ਼ਵਾਸ਼ ਦਾ ਨਿਰਮਾਣ ਹੋਣਾ ਬਹੁਤ ਜ਼ਰੂਰੀ ਹੈ। ਅਜਿਹਾ ਹੋਣ ਨਾਲ਼ ਵਿਦਿਆਰਥੀਆਂ ਨੂੰ ਹਰੇਕ ਖੇਤਰ ਵਿੱਚ ਲਾਭ ਪ੍ਰਾਪਤ ਹੁੰਦਾ ਹੈ।
ਵਧੀਕ ਡੀਨ ਵਿਦਿਆਰਥੀ ਭਲਾਈ ਡਾ. ਡੀ.ਪੀ. ਸਿੰਘ ਨੇ ਆਪਣੇ ਸਵਾਗਤੀ ਸ਼ਬਦਾਂ ਦੌਰਾਨ ਪ੍ਰਭਾਵਸ਼ਾਲੀ ਸੰਚਾਰ ਦੇ ਹਵਾਲੇ ਨਾਲ਼ ਕਈ ਅਹਿਮ ਟਿੱਪਣੀਆਂ ਕੀਤੀਆਂ। ਪ੍ਰੋਵੋਸਟ (ਲੜਕੇ) ਡਾ. ਇੰਦਰਜੀਤ ਸਿੰਘ ਚਹਿਲ ਅਤੇ ਕੌਂਸਲਰ ਡਾ. ਰੂਬੀ ਗੁਪਤਾ ਵੱਲੋਂ ਵੀ ਆਪਣੇ ਵਿਚਾਰ ਪ੍ਰਗਟਾਏ ਗਏ। ਉਦਘਾਟਨੀ ਸੈਸ਼ਨ ਦਾ ਸੰਚਾਲਨ ਪ੍ਰੋਵੋਸਟ (ਲੜਕੀਆਂ) ਡਾ. ਨੈਨਾ ਸ਼ਰਮਾ ਵੱਲੋਂ ਕੀਤਾ ਗਿਆ। ਇਸ ਮੌਕੇ ਸਮੂਹ ਹੋਸਟਲਾਂ ਦੇ ਵਾਰਡਨ ਵਿਸ਼ੇਸ਼ ਤੌਰ ਉੱਤੇ ਹਾਜ਼ਰ ਰਹੇ।