ਡੋਡਿਆਂ ਦੀ ਬਿਜਾਈ ਕਰਨ ਵਾਲਾ ਕੀਤਾ ਗ੍ਰਿਫ਼ਤਾਰ

ਦੁਆਰਾ: Punjab Bani ਪ੍ਰਕਾਸ਼ਿਤ :Sunday, 24 March, 2024, 06:20 PM

ਡੋਡਿਆਂ ਦੀ ਬਿਜਾਈ ਕਰਨ ਵਾਲਾ ਕੀਤਾ ਗ੍ਰਿਫ਼ਤਾਰ
ਬਟਾਲਾ : ਐਸਐਸਪੀ ਬਟਾਲਾ ਅਸ਼ਵਿਨੀ ਗੋਤੀਆਲ ਦੇ ਹੁਕਮਾਂ ਤਹਿਤ ਨਸ਼ਾ ਤਸਕਰਾਂ ਖਿਲਾਫ਼ ਵਿੱਢੀ ਮੁਹਿੰਮ ਤਹਿਤ ਪੋਸਤ ਡੋਡਿਆਂ ਦੀ ਬਜਾਈ ਕਰਨ ਵਾਲੇ ਵਿਅਕਤੀ ਨੂੰ ਥਾਣਾ ਸੇਖਵਾਂ ਦੀ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਵਲੋਂ 735 ਬੂਟੇ ਡੋਡੇ/ਸਟਰਾਅ ਸਮੇਤ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਜਾਣਕਾਰੀ ਦਿੰਦਿਆਂ ਡੀਐੱਸਪੀ ਨਾਰਕੋਟਿਕ ਸੈੱਲ ਬਟਾਲਾ ਲਵਦੀਪ ਸਿੰਘ ਗਿੱਲ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਕਿ ਲਖਬੀਰ ਸਿੰਘ ਪੁੱਤਰ ਸੂਬਾ ਸਿੰਘ ਵਾਸੀ ਠੱਕਰਸੰਧੂ ਨੇ ਆਪਣੇ ਪੋਲਟਰੀ ਫਾਰਮ ਦੀ ਬੈਕਸਾਈਡ ’ਤੇ ਖੇਤਾਂ ‘ਚ ਬੀਜੀ ਕਣਕ ਦੇ ਵਿਚਕਾਰ ਇਕ ਮਰਲਾ ਜਗ੍ਹਾ ’ਤੇ ਪੋਸਤ ਡੋਡੇ ਬੀਜੇ ਹੋਏ ਹਨ। ਉਨ੍ਹਾਂ ਦੱਸਿਆ ਕਿ ਜਿਸ ਦੇ ਤੁਰੰਤ ਬਾਅਦ ਉਨ੍ਹਾਂ ਦੀ ਅਗਵਾਈ ਹੇਠ ਥਾਣਾ ਸੇਖਵਾਂ ਦੇ ਐਸਐੱਚਓ ਜਸਜੀਤ ਸਿੰਘ, ਏਐੱਸਆਈ ਚਰਨਜੀਤ ਸਿੰਘ ਨੇ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪਹੁੰਚ ਕੇ ਉਕਤ ਵਿਅਕਤੀ ਕੋਲੋਂ ਬੀਜੇ ਹੋਏ ਬੂਟਿਆਂ ਦੀ ਨਿਸ਼ਾਨਦੇਹੀ ਕਰਵਾਉਣ ਤੋਂ ਬਾਅਦ ਉਸ ਕੋਲੋਂ ਕਟਾਈ ਕਰਵਾਈ।
ਉਨ੍ਹਾਂ ਦੱਸਿਆ ਕਿ 735 ਬੂਟੇ ਡੋਡੇ/ਸਟਰਾਅ ਦੇ ਬਰਾਮਦ ਹੋਏ ਜਿਨ੍ਹਾਂ ਨੂੰ ਕਬਜ਼ੇ ‘ਚ ਲੈਣ ਉਪਰੰਤ ਉਕਤ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਡੀਐੱਸਪੀ ਗਿੱਲ ਨੇ ਅੱਗੇ ਦੱਸਿਆ ਕਿ ਉਕਤ ਮਾਮਲੇ ਸਬੰਧੀ ਕਾਰਵਾਈ ਕਰਦਿਆਂ ਥਾਣਾ ਸੇਖਵਾਂ ਵਿਖੇ ਐੱਨਡੀਪੀਐੱਸ ਐਕਟ ਤਹਿਤ ਕਥਿਤ ਮੁਲਜ਼ਮ ਲਖਬੀਰ ਸਿੰਘ ਵਿਰੁੱਧ ਕੇਸ ਦਰਜ ਕਰ ਦਿੱਤਾ ਗਿਆ ਹੈ।