ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਨੇ ਪੜਕੇ ਸੁਣਾਇਆ ਪਤੀ ਦਾ ਸੰਦੇਸ਼

ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਨੇ ਪੜਕੇ ਸੁਣਾਇਆ ਪਤੀ ਦਾ ਸੰਦੇਸ਼
ਨਵੀਂ ਦਿੱਲੀ, 23 ਮਾਰਚ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਨੇ ਅੱਜ ਆਮ ਆਦਮੀ ਪਾਰਟੀ ਵਰਕਰਾਂ ਅਤੇ ਦਿੱਲੀ ਦੇ ਲੋਕਾਂ ਨੂੰ ਆਪਣੇ ਜੇਲ੍ਹ ‘ਚ ਬੰਦ ਪਤੀ ਦਾ ਸੰਦੇਸ਼ ਪੜ੍ਹ ਕੇ ਸੁਣਾਇਆ। ਉਨ੍ਹਾਂ ਮੁੱਖ ਮੰਤਰੀ ਦੇ ਹਵਾਲੇ ਨਾਲ ਕਿਹਾ ਕਿ ਕੋਈ ਵੀ ਜੇਲ੍ਹ ਮੈਨੂੰ ਅੰਦਰ ਨਹੀਂ ਰੱਖ ਸਕਦੀ ਅਤੇ ਮੈਂ ਬਾਹਰ ਆ ਕੇ ਆਪਣੇ ਵਾਅਦੇ ਪੂਰੇ ਕਰਾਂਗਾ। ਗ੍ਰਿਫਤਾਰੀ ਦੇ ਬਾਵਜੂਦ ਭਾਜਪਾ ਵਰਕਰਾਂ ਨਾਲ ਨਫਰਤ ਨਾ ਕੀਤੀ ਜਾਵੇ। ਕੇਜਰੀਵਾਲ ਨੇ ਆਪਣੇ ਸੁਨੇਹੇ ਵਿੱਚ ਕਿਹਾ,‘ਮੈਂ ਆਮ ਆਦਮੀ ਪਾਰਟੀ (ਆਪ) ਦੇ ਸਾਰੇ ਵਰਕਰਾਂ ਨੂੰ ਵੀ ਅਪੀਲ ਕਰਦਾ ਹਾਂ ਕਿ ਸਮਾਜ ਭਲਾਈ ਅਤੇ ਲੋਕ ਭਲਾਈ ਦੇ ਕੰਮ ਕਰਨ ਵਾਲੇ ਮੇਰੇ ਜੇਲ੍ਹ ਜਾਣ ਕਾਰਨ ਨਾ ਰੁਕਣ। ਭਾਜਪਾ ਵਰਕਰਾਂ ਨਾਲ ਨਫ਼ਰਤ ਨਾ ਕਰੋ। ਉਹ ਸਾਡੇ ਭੈਣ-ਭਰਾ ਹਨ। ਮੈਂ ਜਲਦੀ ਹੀ ਵਾਪਸ ਆਵਾਂਗਾ। ਮੇਰੇ ਪਿਆਰੇ ਦੇਸ਼ ਵਾਸੀਓ, ਮੈਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਭਾਵੇਂ ਮੈਂ ਜੇਲ੍ਹ ਦੇ ਅੰਦਰ ਹਾਂ ਜਾਂ ਨਹੀਂ, ਮੈਂ ਦੇਸ਼ ਦੀ ਸੇਵਾ ਕਰਦਾ ਰਹਾਂਗਾ।
