ਹਿਮਾਚਲ ਪ੍ਰਦੇਸ਼ ਅੰਦਰ ਹਾਦਸੇ ਦੌਰਾਨ ਪੰਜਾਬ ਦੇ ਨੌਜਵਾਨ ਤੇ ਬਜੁਰਗ ਦੀ ਮੌਤ, ਕਈ ਜ਼ਖਮੀ

ਦੁਆਰਾ: Punjab Bani ਪ੍ਰਕਾਸ਼ਿਤ :Tuesday, 26 March, 2024, 04:07 PM

ਹਿਮਾਚਲ ਪ੍ਰਦੇਸ਼ ਅੰਦਰ ਹਾਦਸੇ ਦੌਰਾਨ ਪੰਜਾਬ ਦੇ ਨੌਜਵਾਨ ਤੇ ਬਜੁਰਗ ਦੀ ਮੌਤ, ਕਈ ਜ਼ਖਮੀ
ਜੈਤੋ, 26 ਮਾਰਚ
ਨਜ਼ਦੀਕੀ ਪਿੰਡ ਰੋੜੀ ਕਪੂਰਾ ਦੇ ਦਲਿਤ ਨੌਜਵਾਨ ਦੀ ਊਨਾ (ਹਿਮਾਚਲ ਪ੍ਰਦੇਸ਼) ਜ਼ਿਲ੍ਹੇ ਦੇ ਅੰਬ ਸਬ ਡਵੀਜ਼ਨ ਦੇ ਮੇੜੀ ਕਸਬੇ ਵਿੱਚ ਹਾਦਸੇ ਦੌਰਾਨ ਮੌਤ ਹੋ ਗਈ। ਉਹ ਡੇਰਾ ਬਾਬਾ ਵਡਭਾਗ ਸਿੰਘ ਦੇ ਦਰਸ਼ਨਾਂ ਲਈ ਗਿਆ ਸੀ, ਜਦੋਂ ਉਹ ਪਵਿੱਤਰ ਝਰਨੇ ਵਿੱਚ ਇਸ਼ਨਾਨ ਕਰ ਰਿਹਾ ਸੀ ਤਾਂ ਇਸ ਦੌਰਾਨ ਢਿੱਗਾਂ ਡਿੱਗਣ ਕਾਰਨ ਉੱਪਰੋਂ ਵੱਡੇ ਪੱਥਰ ਡਿੱਗਣ ਕਾਰਨ ਉਸ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਗੁਰਪ੍ਰੀਤ ਸਿੰਘ ਉਰਫ਼ ਬਿੱਲਾ (25) ਪੁੱਤਰ ਕਾਬਲ ਸਿੰਘ ਵਾਸੀ ਰੋੜੀ ਕਪੂਰਾ ਵਜੋਂ ਹੋਈ। ਪੱਥਰਾਂ ਦੀ ਮਾਰ ਹੇਠ ਉਥੇ ਇਸ਼ਨਾਨ ਕਰ ਰਹੇ ਕਰੀਬ ਪੌਣੀ ਦਰਜਨ ਸ਼ਰਧਾਲੂ ਆਏ। ਜਲੰਧਰ ਜ਼ਿਲ੍ਹੇ ਨਾਲ ਸਬੰਧਤ ਇਕ ਸ਼ਰਧਾਲੂ ਦੀ ਵੀ ਘਟਨਾ ਦੌਰਾਨ ਮੌਤ ਹੋਈ ਹੈ। ਉਸ ਦੀ ਪਛਾਣ 60 ਸਾਲਾ ਬਲਬੀਰ ਚੰਦ ਪੁੱਤਰ ਵਤਨ ਰਾਮ ਵਾਸੀ ਫ਼ਰੀਦਪੁਰ (ਜਲੰਧਰ) ਵਜੋਂ ਦੱਸੀ ਜਾ ਰਹੀ ਹੈ। ਬਾਕੀ ਦੇ 7 ਜ਼ਖ਼ਮੀਆਂ ’ਚੋਂ ਰੋੜੀ ਕਪੂਰਾ ਪਿੰਡ ਦਾ ਹੀ 30 ਸਾਲਾ ਰਘਬੀਰ ਸਿੰਘ ਉਰਫ਼ ਗੱਲੂ ਪੁੱਤਰ ਬਿੱਲੂ ਸਿੰਘ ਵੀ ਹੈ। ਉਸ ਨੂੰ ਇਲਾਜ ਲਈ ਪਹਿਲਾਂ ਅੰਬ ਸ਼ਹਿਰ, ਫਿਰ ਊਨਾ ਅਤੇ ਉਸ ਤੋਂ ਬਾਅਦ ਪੀਜੀਆਈ ਚੰਡੀਗੜ੍ਹ ਭੇਜ ਦਿੱਤਾ ਗਿਆ।