ਵਾਈਸ ਚਾਂਸਲਰ ਦੀ ਅਗਵਾਈ ਵਿੱਚ ਸ਼ਹੀਦਾਂ ਨੂੰ ਸਮਰਪਿਤ ਸਾਈਕਲ ਰੈਲੀ ਕੱਢੀ

ਵਾਈਸ ਚਾਂਸਲਰ ਦੀ ਅਗਵਾਈ ਵਿੱਚ ਸ਼ਹੀਦਾਂ ਨੂੰ ਸਮਰਪਿਤ ਸਾਈਕਲ ਰੈਲੀ ਕੱਢੀ
ਸ਼ਹੀਦਾਂ ਦੀ ਬਦੌਲਤ ਹੀ ਅਸੀਂ ਆਜ਼ਾਦ ਫਿਜ਼ ’ਚ ਸਾਹ ਲੈ ਰਹੇ ਹਾਂ-ਪ੍ਰੋ. ਅਰਵਿੰਦ
ਪਟਿਆਲਾ, 22 ਮਾਰਚ
ਸ਼ਹੀਦ ਭਗਤ ਸਿੰਘ, ਰਾਜਗੁਰ ਅਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪੰਜਾਬੀ ਯੂਨੀਵਰਸਿਟੀ ਵਿਖੇ ਵਾਈਸ ਚਾਂਸਲਰ ਪ੍ਰੋ. ਅਰਵਿੰਦ ਦੀ ਅਗਵਾਈ ਵਿੱਚ ਇੱਕ ਸਾਈਕਲ ਰੈਲੀ ਕੱਢੀ ਗਈ। ਇਸ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ ਅਜ਼ਾਦੀ ਘੁਲਾਟੀਏ ਸ੍ਰ. ਤਾਰਾ ਸਿੰਘ ਵੱਲੋਂ ਰੈਲੀ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਇਹ ਸਾਈਕਲ ਰੈਲੀ ਯੂਨੀਵਰਸਿਟੀ ਦੇ ਸ਼ਹੀਦ ਭਗਤ ਸਿੰਘ ਹੋਸਟਲ ਤੋਂ ਸ਼ੁਰੂ ਹੋਈ ਇਹ ਰੈਲੀ ਵਾਈਸ-ਚਾਂਸਲਰ ਦਫ਼ਤਰ ਤੱਕ ਪੁੱਜੀ। ਇਸ ਦਾ ਆਯੋਜਨ ਐੱਨ.ਐੱਸ.ਐੱਸ. ਵਿਭਾਗ ਵੱਲੋਂ ਕੀਤਾ ਗਿਆ।
ਰੈਲੀ ਦੀ ਸ਼ੁਰੂਆਤ ਮੌਕੇ ਪ੍ਰੋ. ਅਰਵਿੰਦ ਨੇ ਇੱਕ ਵਧੀਆ ਸਮਾਜ ਦੀ ਸਿਰਜਣਾ ਕਰਨ ਵਾਲੇ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਵਿਚਾਰਾਂ ’ਤੇ ਚੱਲਣ ਦੀ ਵਿਦਿਆਰਥੀਆਂ ਨੂੰ ਅਪੀਲ ਕੀਤੀ ਹੈ ਜਿਨ੍ਹਾਂ ਦੀਆਂ ਕੁਰਬਾਨੀਆਂ ਦੀ ਬਦੌਲਤ ਅੱਜ ਅਸੀਂ ਫਿਜ਼ਾ ਵਿੱਚ ਸਾਹ ਰਹੇ ਹਾਂ। ਉਨ੍ਹਾਂ ਕਿਹਾ ਕਿ ਸਾਨੂੰ ਆਪਣੀ ਕੌਮ ਦੇ ਅਜਿਹੇ ਹੀਰਿਆਂ ਨੂੰ ਹਮੇਸ਼ਾ ਚੇਤੇ ਵਿੱਚ ਰੱਖਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਾਈਕਲ ਰੈਲੀਆਂ ਵਰਗੇ ਵੱਖ-ਵੱਖ ਢੰਗਾਂ ਨਾਲ ਉਨ੍ਹਾਂ ਨੂੰ ਯਾਦ ਕਰਨ ਦਾ ਆਪਣਾ ਇੱਕ ਵਿਸ਼ੇਸ਼ ਮਹੱਤਵ ਹੈ।
ਐੱਨ. ਐੱਸ. ਐੱਸ. ਕੋਆਰਡੀਨੇਟਰ ਪ੍ਰੋ. ਮਮਤਾ ਸ਼ਰਮਾ ਨੇ ਇਸ ਰੈਲੀ ਵਿੱਚ ਭਾਗ ਲੈਣ ਵਾਲਿਆਂ ਦਾ ਸਵਾਗਤ ਕੀਤਾ। ਇਸ ਮੌਕੇ ਉਨ੍ਹਾਂ ਅਜ਼ਾਦੀ ਘੁਲਾਟੀਏ ਸ੍ਰ. ਤਾਰਾ ਸਿੰਘ ਬਾਰੇ ਦੱਸਿਆ ਕਿ ਕਿਵੇਂ ਉਨ੍ਹਾਂ ਨੇ ਜੈਤੋ ਦੇ ਮੋਰਚੇ ਵਿੱਚ ਸ਼ਿਰਕਤ ਕਰਦਿਆਂ ਨਾਭਾ ਵਿਖੇ ਜੇਲ੍ਹ ਕੱਟੀ। ਜ਼ਿਕਰਯੋਗ ਹੈ ਕਿ ਤਾਰਾ ਸਿੰਘ ਪਟਿਆਲਾ ਨੇੜਲੇ ਇਲਾਕੇ ਸ਼ੰਭੂ ਕਲਾਂ ਦੇ ਰਹਿਣ ਵਾਲੇ ਹਨ ਜੋ ਕਿ ਆਪਣੇ ਪੁੱਤਰ ਸ੍ਰ. ਕਿੱਕਰ ਸਿੰਘ ਨਾਲ ਇਸ ਰੈਲੀ ਵਿੱਚ ਸ਼ਾਮਿਲ ਹੋਏ।
ਇਸ ਰੈਲੀ ਦੇ ਆਯੋਜਨ ਵਿੱਚ ਯੂਨੀਵਰਸਿਟੀ ਦੇ ਸਰੀਰਿਕ ਸਿੱਖਿਆ ਵਿਭਾਗ, ਖੇਡ ਵਿਭਾਗ ਅਤੇ ਯੂਨੀਵਰਸਿਟੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਵੱਲੋਂ ਵਿਸ਼ੇਸਤ ਤੌਰ ’ਤੇ ਸਹਿਯੋਗ ਦਿੱਤਾ ਗਿਆ।
ਰੈਲੀ ਵਿੱਚ ਐੱਨ. ਐੱਸ. ਐੱਸ. ਪ੍ਰੋਗਰਾਮ ਅਫ਼ਸਰ ਡਾ. ਲਖਵੀਰ ਸਿੰਘ, ਡਾ. ਸੰਦੀਪ ਸਿੰਘ, ਡਾ. ਸਿਮਰਨਜੀਤ ਸਿੰਘ ਸਿੱਧੂ, ਡਾ. ਅਭਿਨਵ ਭੰਡਾਰੀ, ਸਾਬਕਾ ਪ੍ਰੋਗਰਾਮ ਅਫ਼ਸਰ ਇੰਜ. ਚਰਨਜੀਵ ਸਰੋਆ ਅਤੇ ਯੂਨੀਵਰਸਿਟੀ ਮਾਡਲ ਸਕੂਲ ਤੋਂ ਸਤਵੀਰ ਸਿੰਘ ਦੀ ਅਗਵਾਈ ਵਿੱਚ ਵਲੰਟੀਅਰਾਂ ਨੇ ਭਾਗ ਲਿਆ।
