ਨਵ-ਨਿਯੁਕਤ ਜ਼ਿਲ੍ਹਾ ਖੇਡ ਅਫਸਰ ਵੱਲੋਂ ਪੋਲੋ ਗਰਾਊਂਡ ਦਾ ਅਚਨਚੇਤ ਦੌਰਾ

ਨਵ-ਨਿਯੁਕਤ ਜ਼ਿਲ੍ਹਾ ਖੇਡ ਅਫਸਰ ਵੱਲੋਂ ਪੋਲੋ ਗਰਾਊਂਡ ਦਾ ਅਚਨਚੇਤ ਦੌਰਾ
– ਕਈ ਸਮੱਸਿਆਵਾਂ ਦਾ ਮੌਕੇ ’ਤੇ ਕੀਤਾ ਹੱਲ
– ਖਿਡਾਰੀਆਂ ਦੀਆਂ ਪਰੇਸ਼ਾਨੀਆਂ ਨੂੰ ਪਹਿਲ ਦੇ ਅਧਾਰ ’ਤੇ ਦੂਰ ਕੀਤਾ ਜਾਵੇਗਾ – ਰੁਪੇਸ਼ ਕੁਮਾਰ ਬੇਗੜਾ
ਪਟਿਆਲਾ।
ਪਟਿਆਲਾ ਦੇ ਨਵ-ਨਿਯੁਕਤ ਜ਼ਿਲ੍ਹਾ ਖੇਡ ਅਫਸਰ ਰੁਪੇਸ਼ ਕੁਮਾਰ ਬੇਗੜਾ ਨੇ ਪੋਲੋ ਗਰਾਊਂਡ ਪਟਿਆਲਾ ਦਾ ਅਚਨਚੇਤ ਦੌਰਾ ਕੀਤਾ। ਇਸ ਮੌਕੇ ਡੀਐਸਓ ਨੇ ਪੋਲੋ ਗਰਾਊਂਡ ਵਿਖੇ ਬਾਕਸਿੰਗ, ਹਾਕੀ, ਬਾਸਕਟਬਾਲ, ਖੋ-ਖੋ, ਟੈਨਿਸ ਅਤੇ ਫੁੱਟਬਾਲ ਸਮੇਤ ਹੋਰਨਾਂ ਖੇਡਾਂ ਦੀ ਪ੍ਰੈਕਟਿਸ ਕਰ ਰਹੇ ਖਿਡਾਰੀਆਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੂੰ ਕਿਸੇ ਵੀ ਤਰਾਂ ਦੀ ਪੇਸ਼ ਆ ਰਹੀ ਸਮੱਸਿਆ ਬਾਰੇ ਪੁੱਛਿਆ। ਜਿਸ ’ਤੇ ਕੁਝ ਖਿਡਾਰੀਆਂ ਨੇ ਜੋ ਸਮੱਸਿਆਵਾਂ ਦੱਸੀਆਂ, ਉਨ੍ਹਾਂ ਵਿੱਚੋਂ ਕੁਝ ਸਮੱਸਿਆਵਾਂ ਦਾ ਹੱਲ ਜ਼ਿਲ੍ਹਾ ਖੇਡ ਅਫਸਰ ਰੁਪੇਸ਼ ਕੁਮਾਰ ਵੱਲੋਂ ਮੌਕੇ ’ਤੇ ਹੀ ਕਰ ਦਿੱਤਾ ਗਿਆ ਜਦਕਿ ਕੁਝ ਸਮੱਸਿਆਵਾਂ ਦੇ ਹੱਲ ਲਈ ਸਬੰਧਿਤ ਅਧਿਕਾਰੀਆਂ ਨੂੰ ਤੁਰੰਤ ਹਦਾਇਤਾਂ ਜਾਰੀ ਕੀਤੀਆਂ ਗਈਆਂ।
ਇਸ ਮੌਕੇ ਡੀਐਸਓ ਰੁਪੇਸ਼ ਕੁਮਾਰ ਬੇਗੜਾ ਨੇ ਪੋਲੋ ਗਰਾਊਂਡ ਵਿਖੇ ਸੈਰ ਕਰਨ ਲਈ ਪੁੱਜੇ ਹੋਏ ਸੈਰ ਪ੍ਰੇਮੀਆਂ ਨਾਲ ਵੀ ਗੱਲਬਾਤ ਕਰਦਿਆਂ ਉਨ੍ਹਾਂ ਤੋਂ ਪੋਲੋ ਗਰਾਊਂਡ ਨੂੰ ਸੁਵਿਧਾ ਭਰਪੂਰ ਬਣਾਉਣ ਲਈ ਸੁਝਾਅ ਮੰਗੇ ਗਏ। ਜਿਸ ਦੌਰਾਨ ਕਈ ਸੈਰ ਪ੍ਰੇਮੀਆਂ ਨੇ ਉਨ੍ਹਾਂ ਨੂੰ ਆਪਣੇ ਵਡਮੁੱਲੇ ਸੁਝਾਅ ਦਿੱਤੇ। ਜਿਨ੍ਹਾਂ ਨੂੰ ਜ਼ਿਲ੍ਹਾ ਖੇਡ ਅਫਸਰ ਨੇ ਜਲਦ ਹੀ ਲਾਗੂ ਕਰਨ ਦਾ ਭਰੋਸਾ ਦਿਵਾਇਆ।
ਇਸ ਮਗਰੋਂ ਡੀਐਸਓ ਨੇ ਪਖਾਨਿਆਂ ਅੰਦਰ ਸਾਫ ਸਫਾਈ ਦਾ ਵੀ ਨਿਰੀਖਣ ਕੀਤਾ ਅਤੇ ਭਵਿੱਖ ਵਿੱਚ ਕਰਮਚਾਰੀਆਂ ਨੂੰ ਸਾਫ ਸਫਾਈ ਵੱਲ ਹੋਰ ਵੀ ਧਿਆਨ ਰੱਖਣ ਲਈ ਹਦਾਇਤ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਖਿਡਾਰੀਆਂ ਨੂੰ ਤਿਆਰੀ ਕਰਵਾਉਣ ਵਾਲੇ ਵੱਖ-ਵੱਖ ਕੋਚ ਸਾਹਿਬਾਨ ਨੂੰ ਆਪਣੀ ਡਿਊਟੀ ’ਤੇ ਸਮੇਂ ਸਿਰ ਹਾਜਰ ਹੋਣ ਅਤੇ ਰੈਗੂਲਰ ਆਊਣ ਦੀ ਹਦਾਇਤ ਕੀਤੀ।
ਇਸ ਮੌਕੇ ਡੀਐਸਓ ਰੁਪੇਸ਼ ਕੁਮਾਰ ਬੇਗੜਾ ਨੇ ਆਖਿਆ ਕਿ ਜਿਸ ਦਿਨ ਤੋਂ ਉਨ੍ਹਾਂ ਨੇ ਪਟਿਆਲਾ ਵਿਖੇ ਅਹੁਦਾ ਸੰਭਾਲਿਆ ਹੈ ਉਸੇ ਦਿਨ ਤੋਂ ਉਹ ਖਿਡਾਰੀਆਂ ਨੂੰ ਪੇਸ਼ ਆਉਂਦੀਆਂ ਵੱਖ-ਵੱਖ ਪ੍ਰਕਾਰ ਦੀਆਂ ਸਮੱਸਿਆਵਾਂ ਦੇ ਹੱਲ ਲਈ ਯਤਨਸ਼ੀਲ ਹਨ। ਉਨ੍ਹਾਂ ਆਖਿਆ ਕਿ ਜ਼ਿਲ੍ਹਾ ਪਟਿਆਲਾ ਅੰਦਰ ਬਹੁ ਗਿਣਤੀ ਵਿੱਚ ਨੌਜਵਾਨ ਖੇਡਾਂ ਨਾਲ ਜੁੜੇ ਹੋਏ ਹਨ ਅਤੇ ਸ਼ਿੱਦਤ ਨਾਲ ਤਿਆਰੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਮੁੱਚੇ ਜ਼ਿਲ੍ਹੇ ਅੰਦਰ ਜੇਕਰ ਕਿਸੇ ਵੀ ਖਿਡਾਰੀ ਜਾਂ ਕੋਚ ਸਾਹਿਬਾਨ ਨੂੰ ਕੋਈ ਪਰੇਸ਼ਾਨੀ ਆਉਂਦੀ ਹੈ ਤਾਂ ਉਹ ਬੇਝਿਜਕ ਸਿੱਧੇ ਜ਼ਿਲ੍ਹਾ ਖੇਡ ਦਫਤਰ ਵਿਖੇ ਪਹੁੰਚ ਕੇ ਮੇਰੇ ਨਾਲ ਰਾਬਤਾ ਕਰ ਸਕਦਾ ਹੈ।
