ਬਾਬਾ ਤਰਸੇਮ ਸਿੰਘ ਹਤਿਆ ਮਾਮਲੇ ਵਿੱਚ ਚਾਰ ਵਿਅਕਤੀ ਗ੍ਰਿਫ਼ਤਾਰ

ਬਾਬਾ ਤਰਸੇਮ ਸਿੰਘ ਹਤਿਆ ਮਾਮਲੇ ਵਿੱਚ ਚਾਰ ਵਿਅਕਤੀ ਗ੍ਰਿਫ਼ਤਾਰ
ਦੇਹਰਾਦੂਨ, 5 ਅਪਰੈਲ
ਉੱਤਰਾਖੰਡ ਦੇ ਨਾਨਕਮੱਤਾ ’ਚ ਕਾਰ ਸੇਵਾ ਮੁਖੀ ਬਾਬਾ ਤਰਸੇਮ ਸਿੰਘ ਦੀ ਹੱਤਿਆ ਵਿੱਚ ਸ਼ਾਮਲ ਮੁਲਜ਼ਮਾਂ ਦੀ ਮਦਦ ਕਰਨ ਦੇ ਦੋਸ਼ ਵਿੱਚ ਪੁਲੀਸ ਨੇ ਚਾਰ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲੀਸ ਦੇ ਹੱਥ ਹਾਲੇ ਤੱਕ ਹਮਲਾਵਰ ਨਹੀਂ ਲੱਗੇ। ਪੁਲੀਸ ਨੇ ਕਤਲ ਦੇ ਮਾਮਲੇ ਵਿੱਚ ਲੋੜੀਂਦੇ ਦੋ ਭਗੌੜੇ ਦੋਸ਼ੀਆਂ (ਸ਼ੂਟਰਾਂ) ਦੀ ਇਨਾਮੀ ਰਾਸ਼ੀ 25,000 ਰੁਪਏ ਤੋਂ ਵਧਾ ਕੇ 50,000 ਰੁਪਏ ਕਰ ਦਿੱਤੀ ਹੈ। ਕਾਰ ਸੇਵਾ ਪ੍ਰਧਾਨ ਬਾਬਾ ਤਰਸੇਮ ਸਿੰਘ ਦੀ 28 ਮਾਰਚ ਨੂੰ ਦੋ ਬਾਈਕ ਸਵਾਰ ਹਮਲਾਵਰਾਂ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਸੀ। ਇਸ ਤੋਂ ਪਹਿਲਾਂ ਨਾਨਕਮੱਤਾ ਥਾਣੇ ਵਿੱਚ ਸਾਬਕਾ ਆਈਏਐੱਸ ਅਧਿਕਾਰੀ ਹਰਬੰਸ ਸਿੰਘ ਚੁੱਘ ਅਤੇ ਦੋ ਹੋਰਾਂ ਪ੍ਰੀਤਮ ਸਿੰਘ ਅਤੇ ਬਾਬਾ ਅਨੂਪ ਸਿੰਘ ਖ਼ਿਲਾਫ਼ ਕਥਿਤ ਕਤਲ ਦੇ ਦੋਸ਼ ਵਿੱਚ ਐਫਆਈਆਰ ਦਰਜ ਕੀਤੀ ਗਈ ਸੀ। ਕਾਰ ਸੇਵਾ ਦੇ ਸੇਵਾਦਾਰ ਜਸਬੀਰ ਸਿੰਘ ਨੇ ਦੋਸ਼ ਲਾਇਆ ਸੀ ਕਿ ਹਰਬੰਸ ਸਿੰਘ ਚੁੱਘ ਅਤੇ ਦੋ ਹੋਰਾਂ ਨੇ ਕਾਰ ਸੇਵਾ ਪ੍ਰਧਾਨ ਨੂੰ ਮਾਰਨ ਦੀ ਸਾਜ਼ਿਸ਼ ਰਚੀ ਸੀ।
