ਮੋਦੀ ਕਾਲਜ ਦੇ ਐਨ.ਐਸ.ਐਸ ਯੂਨਿਟ ਵੱਲੋਂ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਖ਼ਿਲਾਫ਼ ਸੈਮੀਨਾਰ ਅਤੇ ਰੈਲੀ ਆਯੋਜਿਤ

ਮੋਦੀ ਕਾਲਜ ਦੇ ਐਨ.ਐਸ.ਐਸ ਯੂਨਿਟ ਵੱਲੋਂ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਖ਼ਿਲਾਫ਼ ਸੈਮੀਨਾਰ ਅਤੇ ਰੈਲੀ ਆਯੋਜਿਤ
ਪਟਿਆਲਾ: 05.04.2024
ਮੁਲਤਾਨੀ ਮੱਲ ਮੋਦੀ ਕਾਲਜ ਪਟਿਆਲਾ ਦੇ ਐਨ.ਐਸ.ਐਸ ਯੂਨਿਟ ਵੱਲੋਂ ਅੱਜ ਵਿਦਿਆਰਥੀਆਂ ਅਤੇ ਆਮ ਲੋਕਾਂ ਨੂੰ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਦੇ ਖਤਰਨਾਕ ਪ੍ਰਭਾਵਾਂ ਜਿਵੇਂ ਕਿ ਮਿੱਟੀ, ਪਾਣੀ ਅਤੇ ਹਵਾ ਦੀ ਗੁਣਵੱਤਾ ਵਿੱਚ ਗਿਰਾਵਟ, ਵਾਤਾਵਰਣ ਪ੍ਰਦੂਸ਼ਣ, ਜੈਵਿਕਤਾ ਵਿੱਚ ਨਿਘਾਰ ਬਾਰੇ ਜਾਗਰੂਕ ਕਰਨ ਲਈ ਇੱਕ ਰੈਲੀ ਅਤੇ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਮਨੁੱਖੀ ਜੀਵਨ ਦੇ ਨਾਲ-ਨਾਲ ਬਨਸਪਤੀ ਜੀਵਣ ਤੇ ਇਸ ਦੇ ਪ੍ਰਭਾਵਾਂ ਤੇ ਅਧਾਰਿਤ ਇਹ ਸਮਾਗਮ ਕਾਲਜ ਦੇ ਈਕੋ-ਕਲੱਬ ਅਤੇ ਰੈਡ-ਰਿਬਨ ਕਲੱਬ ਦੇ ਸਹਿਯੋਗ ਨਾਲ ਕਰਵਾਇਆ ਗਿਆ।
ਕਾਲਜ ਪ੍ਰਿੰਸੀਪਲ ਡਾ. ਨੀਰਜ ਗੋਇਲ ਨੇ ਇਸ ਮੌਕੇ ਤੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਿੰਗਲ ਯੂਜ਼ ਪਲਾਸਟਿਕ ਮਨੁੱਖੀ ਜੀਵਨ ਅਤੇ ਸਾਡੀ ਵਾਤਾਵਰਣ ਪ੍ਰਣਾਲੀ ਲਈ ਵਾਤਾਵਰਣ ਸੰਕਟ ਪੈਦਾ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਪਲਾਸਟਿਕ ਨਾਨ-ਬਾਇਓਡੀਗ੍ਰੇਡਬਲ ਹੈ ਅਤੇ ਇਸ ਨੂੰ ਘਲਣ-ਸੜਨ ਵਿੱਚ ਸੈਂਕੜੇ ਸਾਲ ਲੱਗ ਜਾਂਦੇ ਹਨ। ਇਸ ਤੋਂ ਬਿਨਾਂ ਇਹ ਮਿੱਟੀ, ਹਵਾ ਅਤੇ ਪਾਣੀ ਵਿੱਚ ਜ਼ਹਿਰੀਲੇ ਪਦਾਰਥਾਂ ਦੇ ਨਿਕਾਸ ਅਤੇ ਗੈਸਾਂ ਛੱਡਣ ਲਈ ਵੀ ਜ਼ਿੰਮੇਵਾਰ ਹੈ। ਉਨ੍ਹਾਂ ਨੇ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਨੂੰ ਰੋਕਣ ਲਈ ਢੁਕਵੀਆਂ ਨੀਤੀਆਂ ਬਣਾਉਣ ਅਤੇ ਕਾਨੂੰਨਾਂ ਨੂੰ ਲਾਗੂ ਕਰਨ ਲਈ ਸਰਕਾਰ ਦੁਆਰਾ ਦਖਲ ਦੇਣ ‘ਤੇ ਜ਼ੋਰ ਦਿੱਤਾ।
ਇਸ ਮੌਕੇ ਤੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਐਨ.ਐਸ.ਐਸ ਪ੍ਰੋਗਰਾਮ ਅਫ਼ਸਰ ਅਤੇ ਰੈੱਡ ਰਿਬਨ ਕਲੱਬ ਦੇ ਨੋਡਲ ਅਫ਼ਸਰ ਡਾ. ਰਾਜੀਵ ਸ਼ਰਮਾ ਨੇ ਦੱਸਿਆ ਕਿ ਸਾਨੂੰ ਸਿੰਗਲ ਯੂਜ਼ ਪਲਾਸਟਿਕ ਤੋਂ ਬਣੀਆਂ ਰੋਜ਼ਾਨਾ ਵਰਤੋਂ ਦੀਆਂ ਵਸਤਾਂ ਜਿਵੇਂ ਪਾਣੀ ਦੀਆਂ ਬੋਤਲਾਂ, ਪਲੇਟਾਂ, ਕੱਪਾਂ ਅਤੇ ਹੋਰ ਡਿਸਪੋਸੇਬਲਾਂ ਦੀ ਖ਼ਰੀਦ ਅਤੇ ਵਰਤੋਂ ਪ੍ਰਤੀ ਬਹੁਤ ਸੁਚੇਤ ਰਹਿਣਾ ਚਾਹੀਦਾ ਹੈ। ਇਹ ਨਾ ਸਿਰਫ਼ ਸਾਡੇ ਵਾਤਾਵਰਨ ਲਈ ਹਾਨੀਕਾਰਕ ਹਨ ਬਲਕਿ ਸਾਡੀ ਹਵਾ ਅਤੇ ਪਾਣੀ ਦੀ ਗੁਣਵੱਤਾ ਨੂੰ ਵੀ ਘਟਾਉਂਦੇ ਹਨ। ਪ੍ਰੋ.ਜਗਦੀਪ ਕੌਰ, ਐਨ.ਐਸ.ਐਸ ਅਫਸਰ ਨੇ ਵੀ ਵਿਦਿਆਰਥੀਆਂ ਨੂੰ ‘ਪਲਾਸਟਿਕ ਨੂੰ ਨਾਂਹ’ ਅਤੇ ‘ਈਕੋ ਫਰੈਂਡਲੀ ਉਤਪਾਦਾਂ ਨੂੰ ਹਾਂ’ ਕਹਿਣ ਲਈ ਪ੍ਰੇਰਿਤ ਕੀਤਾ।
ਈਕੋ-ਕਲੱਬ ਦੇ ਇੰਚਾਰਜ ਅਤੇ ਕਾਲਜ ਦੇ ਰਜਿਸਟਰਾਰ ਡਾ. ਅਸ਼ਵਨੀ ਸ਼ਰਮਾ ਨੇ ਕਿਹਾ ਕਿ ਜਿੰਮੇਵਾਰ ਨਾਗਰਿਕ ਹੋਣ ਦੇ ਨਾਤੇ ਸਾਨੂੰ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਘੱਟ ਤੋਂ ਘੱਟ ਕਰਨੀ ਚਾਹੀਦੀ ਹੈ ਅਤੇ ਇਸ ਦੀ ਖਪਤ ਦੇ ਵੱਧ ਤੋਂ ਵੱਧ ਕੁਦਰਤੀ ਅਤੇ ਵਾਤਾਵਰਣ ਬਾਰੇ ਸ਼ੰਵੇਦਨਸ਼ੀਲ ਤਰੀਕਿਆਂ ਵੱਲ ਜਾਣਾ ਚਾਹੀਦਾ ਹੈ।
ਇਸ ਸਮਾਗਮ ਦੌਰਾਨ ਡਾ. ਦੀਪਕ ਕੁਮਾਰ, ਡਾ. ਗਗਨਪ੍ਰੀਤ ਕੌਰ, ਡਾ.ਸੰਜੀਵ ਕੁਮਾਰ ਅਤੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਹਾਜ਼ਰ ਸਨ। ਇਸ ਮੌਕੇ ਵਿਦਿਆਰਥੀਆਂ ਨੇ ਸਿੰਗਲ ਯੂਜ਼ ਪਲਾਸਟਿਕ ਨਾ ਵਰਤਣ ਬਾਰੇ ਸਹੁੰ ਵੀ ਚੁੱਕੀ।
