ਆਮਦਨ ਕਰ ਵਿਭਾਗ ਨੇ ਕਾਂਗਰਸ ਨੂੰ 1823 ਕਰੋੜ ਦਾ ਨੋਟਿਸ ਕੀਤਾ ਜਾਰੀ

ਆਮਦਨ ਕਰ ਵਿਭਾਗ ਨੇ ਕਾਂਗਰਸ ਨੂੰ 1823 ਕਰੋੜ ਦਾ ਨੋਟਿਸ ਕੀਤਾ ਜਾਰੀ
ਨਵੀਂ ਦਿੱਲੀ, 29 ਮਾਰਚ
ਕਾਂਗਰਸ ਨੇ ਅੱਜ ਕਿਹਾ ਹੈ ਕਿ ਲੋਕ ਸਭਾ ਚੋਣਾਂ ਤੋਂ ਐਨ ਪਹਿਲਾਂ ਆਮਦਨ ਕਰ ਵਿਭਾਗ ਨੇ ਟੈਕਸ ਰਿਟਰਨਾਂ ‘ਚ ਕਥਿਤ ਗੜਬੜੀਆਂ ਲਈ 1823.08 ਕਰੋੜ ਰੁਪਏ ਦੇ ਭੁਗਤਾਨ ਲਈ ਉਸ ਨੂੰ ਨਵਾਂ ਨੋਟਿਸ ਜਾਰੀ ਕੀਤਾ ਹੈ। ਪਾਰਟੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਵੀ ਦਾਅਵਾ ਕੀਤਾ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਵਿਰੋਧੀ ਧਿਰ ‘ਤੇ ‘ਟੈਕਸ ਅਤਿਵਾਦ’ ਰਾਹੀਂ ਹਮਲਾ ਕੀਤਾ ਜਾ ਰਿਹਾ ਹੈ। ਪਾਰਟੀ ਦੇ ਖਜ਼ਾਨਚੀ ਅਜੈ ਮਾਕਨ ਨੇ ਦੋਸ਼ ਲਾਇਆ ਕਿ ਕਾਂਗਰਸ ਨੂੰ ਜਿਨ੍ਹਾਂ ਮਾਪਦੰਡਾਂ ਦੇ ਆਧਾਰ ‘ਤੇ ਨੋਟਿਸ ਜਾਰੀ ਕੀਤਾ ਗਿਆ ਹੈ, ਉਨ੍ਹਾਂ ਦੇ ਆਧਾਰ ’ਤੇ ਵੀ ਭਾਜਪਾ ਨੂੰ 4600 ਕਰੋੜ ਰੁਪਏ ਤੋਂ ਵੱਧ ਦੀ ਅਦਾਇਗੀ ਦਾ ਨੋਟਿਸ ਜਾਰੀ ਕੀਤਾ ਜਾਣਾ ਚਾਹੀਦਾ ਹੈ। ਸ੍ਰੀ ਮਾਕਨ ਨੇ ਪੱਤਰਕਾਰਾਂ ਨੂੰ ਕਿਹਾ, ‘ਕੱਲ੍ਹ ਸਾਨੂੰ ਆਮਦਨ ਕਰ ਵਿਭਾਗ ਤੋਂ 1823.08 ਕਰੋੜ ਰੁਪਏ ਦਾ ਭੁਗਤਾਨ ਕਰਨ ਦਾ ਨਵਾਂ ਨੋਟਿਸ ਮਿਲਿਆ ਹੈ। ਪਹਿਲਾਂ ਹੀ ਆਮਦਨ ਕਰ ਵਿਭਾਗ ਨੇ ਸਾਡੇ ਬੈਂਕ ਖਾਤੇ ਤੋਂ ਜ਼ਬਰਦਸਤੀ 135 ਕਰੋੜ ਰੁਪਏ ਕਢਵਾ ਲਏ ਹਨ।’ ਉਨ੍ਹਾਂ ਦਾਅਵਾ ਕੀਤਾ ਕਿ ਕਾਂਗਰਸ ਨੂੰ ਆਰਥਿਕ ਤੌਰ ’ਤੇ ਕਮਜ਼ੋਰ ਕੀਤਾ ਜਾ ਰਿਹਾ ਹੈ।
