ਆਦਮਪੁਰ ਹਵਾਈ ਅੱਡੇ ਤੋਂ ਸ੍ਰੀ ਹਜ਼ੂਰ ਸਾਹਿਬ ਨੰਦੇੜ ਲਈ ਰੋਜ਼ਾਨਾ ਉਡਾਨ ਸ਼ੁਰੂ

ਦੁਆਰਾ: Punjab Bani ਪ੍ਰਕਾਸ਼ਿਤ :Sunday, 31 March, 2024, 06:38 PM

ਆਦਮਪੁਰ ਹਵਾਈ ਅੱਡੇ ਤੋਂ ਸ੍ਰੀ ਹਜ਼ੂਰ ਸਾਹਿਬ ਨੰਦੇੜ ਲਈ ਰੋਜ਼ਾਨਾ ਉਡਾਨ ਸ਼ੁਰੂ

ਨਿਹੰਗ ਮੁਖੀ ਬਾਬਾ ਬਲਬੀਰ ਸਿੰਘ ਤੇ ਵਿਜੇ ਸਤਬੀਰ ਸਿੰਘ ਨੇ ਹਰੀ ਝੰਡੀ ਦਿਖਾਈ

ਅੰਮ੍ਰਿਤਸਰ:- 31 ਮਾਰਚ ( ) ਆਦਮਪੁਰ ਹਵਾਈ ਅੱਡੇ ਤੋਂ ਸਿੱਖ ਸੰਗਤਾਂ ਦੀ ਜ਼ੋਰਦਾਰ ਮੰਗ ਤੇ ਭਾਰਤ ਸਰਕਾਰ ਨੇ ਸਟਾਰ ਏਅਰਲਾਈਨ ਨੂੰ ਤਖ਼ਤ ਸ੍ਰੀ ਹਜ਼ੂਰ ਸਾਹਿਬ ਤੀਕ ਜਹਾਜ ਚਲਾਉਣ ਦੀ ਹਰੀ ਝੰਡੀ ਦੇ ਦਿੱਤੀ ਹੈ। ਅੱਜ ਸਟਾਰ ਏਅਰਲਾਈਨ ਦੀ ਪਹਿਲੀ ਉਡਾਨ ਆਦਮਪੁਰ ਹਵਾਈ ਅੱਡੇ ਤੋਂ ਵਾਇਆ ਦਿੱਲੀ, ਹਜ਼ੂਰ ਸਾਹਿਬ ਨਾਂਦੇੜ ਲਈ ਨਿਹੰਗ ਸਿੰਘਾਂ ਦੀ ਮੁੱਖ ਜਥੇਬੰਦੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਚਲਦਾਵਹੀਰ ਦੇ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਅਤੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਗੁ: ਬੋਰਡ ਦੇ ਚੇਅਰਮੈਨ ਸ. ਵਿਜੈ ਸਤਿਬੀਰ ਸਿੰਘ ਨੇ ਅਰਦਾਸ ਕਰਨ ਉਪਰੰਤ ਜੈਕਾਰਿਆਂ ਨਾਲ ਰਵਾਨਾ ਕੀਤੀ। ਬੁੱਢਾ ਦਲ ਦੇ ਸਕੱਤਰ ਸ. ਦਿਲਜੀਤ ਸਿੰਘ ਬੇਦੀ ਵੱਲੋਂ ਜਾਰੀ ਇੱਕ ਪ੍ਰੈਸ ਬਿਆਨ ਬਾਬਾ ਬਲਬੀਰ ਸਿੰਘ ਨੇ ਕਿਹਾ ਸਟਾਰ ਏਅਰਲਾਈਨ ਦੀ ਇਹ ਉਡਾਨ ਰੋਜ਼ਾਨਾ ਆਦਮਪੁਰ ਤੋਂ ਦਿੱਲੀ ਰਾਹੀਂ, ਸ੍ਰੀ ਹਜ਼ੂਰ ਸਾਹਿਬ ਨੰਦੇੜ ਪੁਜੇਗੀ। ਅੱਜ ਦੇ ਸ਼ੁਭ ਮਹੂਰਤ ਸਮੇਂ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਤੋਂ ਇਲਾਵਾ, ਤਖ਼ਤ ਸੱਚਖੰਡ ਗੁ: ਬੋਰਡ ਦੇ ਪ੍ਰਧਾਨ ਸ. ਜਸਵੰਤ ਸਿੰਘ ਬੋਬੀ, ਏਅਰਪੋਰਟ ਤੇ ਹਵਾਈ ਅੱਡੇ ਦੇ ਪ੍ਰਸ਼ਾਸਨਕ ਅਧਿਕਾਰੀ ਤੇ ਹੋਰ ਪ੍ਰਤਿਸ਼ਟ ਸਖ਼ਸ਼ੀਅਤਾਂ ਹਾਜ਼ਰ ਸਨ। ਇਸ ਮੌਕੇ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦਾ ਧੰਨਵਾਦ ਕਰਦਿਆਂ ਕਿਹਾ ਹਜ਼ੂਰ ਸਾਹਿਬ ਨੰਦੇੜ ਲਈ ਉਡਾਨ ਸ਼ੁਰੂ ਕਰਨੀ ਪ੍ਰਸ਼ੰਸਾਜਨਕ ਹੈ ਪਰ ਉਨ੍ਹਾਂ ਨਾਲ ਹੀ ਕਿਹਾ ਕਿ ਇਹ ਉਡਾਨ ਕੇਵਲ ਚੋਣਾ ਤੀਕ ਸੀਮਤ ਨਾ ਹੋਵੇ ਸਗੋਂ ਅੰਮ੍ਰਿਤਸਰ, ਚੰਡੀਗੜ੍ਹ ਤੋਂ ਵੀ ਸ੍ਰੀ ਹਜ਼ੂਰ ਸਾਹਿਬ ਲਈ ਸਿੱਧੀਆਂ ਫਲਾਇਟਾਂ ਸ਼ੁਰੂ ਕੀਤੀਆਂ ਜਾਣ। ਉਨ੍ਹਾਂ ਕਿਹਾ ਕਿ ਕਰੋਨਾ ਤੋਂ ਬਾਅਦ ਮੈਂ ਦੋ ਪੱਤਰ ਪ੍ਰਧਾਨ ਮੰਤਰੀ ਅਤੇ ਸਬੰਧਤ ਮਹਿਕਮੇ ਨੂੰ ਲਿਖੇ ਸਨ। ਪ੍ਰਧਾਨ ਮੰਤਰੀ ਅਤੇ ਸਿਵਲ ਐਵੀਏਸ਼ਨ ਦੇ ਕੇਂਦਰੀ ਮੰਤਰੀ ਜਨਰਲ ਡਾ. ਵੀ.ਕੇ ਸਿੰਘ ਨੂੰ ਪੱਤਰ ਲਿਖ ਕੇ ਅੰਮ੍ਰਿਤਸਰ, ਆਦਮਪੁਰ, ਚੰਡੀਗੜ, ਆਦਿ ਸ਼ਹਿਰਾਂ ਤੋਂ ਸ੍ਰੀ ਹਜ਼ੂਰ ਸਾਹਿਬ ਲਈ ਹਵਾਈ ਉਡਾਨਾਂ ਚਾਲੂ ਕਰਨ ਦੀ ਮੰਗ ਕੀਤੀ ਸੀ। ਹਵਾਈ ਉਡਾਨਾਂ ਨਾ ਹੋਣ ਕਾਰਨ ਹਜ਼ੂਰ ਸਾਹਿਬ ਜਾਣ ਵਾਲੇ ਯਾਤਰੂਆਂ ਨੂੰ ਭਾਰੀ ਦਿਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਨਿਹੰਗ ਮੁਖੀ ਵੱਲੋਂ ਲਿਖੇ ਪੱਤਰ ਵਿੱਚ ਲਿਖਿਆ ਗਿਆ ਹੈ ਕਿ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਅਤੇ ਅਬਿਚਲ ਨਗਰ ਸ੍ਰੀ ਹਜ਼ੂਰ ਸਾਹਿਬ ਸਿੱਖ ਕੌਮ ਦੇ ਕੇਂਦਰੀ ਅਸਥਾਨ ਹਨ ਤੇ ਇਨ੍ਹਾਂ ਦਾ ਆਪਸ ਵਿੱਚ ਗੂੜੇ ਇਤਿਹਾਸਕ ਸਬੰਧ ਹਨ। ਭਾਰਤ ਦੇ ਵੱਖ-ਵੱਖ ਹਿਸਿਆਂ ਤੋਂ ਲੱਖਾਂ ਲੋਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਪੁਜਦੇ ਹਨ, ਇਹ ਸ਼ਹਿਰ ਵਿਉਪਾਰ ਦਾ ਕੇਂਦਰ ਵੀ ਹੈ।ਇਸ ਸ਼ਹਿਰ ਦੀ ਇਤਿਹਾਸਕ ਭੁਗੋਲਿਕ ਅਤੇ ਧਾਰਮਕਿ ਮਹਾਨਤਾ ਨਵੇਕਲੀ ਤੇ ਫ਼ਖਰਯੋਗ ਹੈ। ਏਵੇ ਹੀ ਹਰ ਸਿੱਖ ਸ੍ਰੀ ਹਜ਼ੂਰ ਸਾਹਿਬ ਦੇ ਦਰਸ਼ਨਾਂ ਦੀ ਇੱਛਾ ਰੱਖਦਾ ਹੈ, ਵਿਉਪਾਰੀ ਬੱਸਾਂ, ਟਰੇਨਾਂ, ਕਾਰਾਂ ਰਾਹੀਂ ਲਗਦੇ ਲੰਮੇ ਸਮੇਂ ਤੋਂ ਪਰੇਸ਼ਾਨ ਹਨ। ਇਸ ਲਈ ਬੰਦ ਉਡਾਣਾਂ ਤੁਰੰਤ ਮੁੜ ਚਾਲੂ ਕੀਤੀਆਂ ਜਾਣ ਤਾਂ ਜੋ ਹਰ ਸਿੱਖ ਆਪਣੇ ਗੁਰਅਸਥਾਨਾਂ ਦੇ ਦਰਸ਼ਨ ਕਰ ਸਕਣ।