ਸੰਤ ਸਮਾਜ ਵੱਲੋਂ ਕੈਨੇਡਾ ’ਚ ਤਾਨੀਆ ਸੋਢੀ ਨੂੰ ਟਰੂਡੋ ਦੀ ਪਾਰਟੀ ਵੱਲੋਂ ਵਿਧਾਨ ਸਭਾ ਚੋਣਾਂ ਲਈ ਟਿਕਟ ਮਿਲਣ ’ਤੇ ਪਿਤਾ ਜਗਦੀਪ ਸੋਢੀ ਦਾ ਸਨਮਾਨ

ਸੰਤ ਸਮਾਜ ਵੱਲੋਂ ਕੈਨੇਡਾ ’ਚ ਤਾਨੀਆ ਸੋਢੀ ਨੂੰ ਟਰੂਡੋ ਦੀ ਪਾਰਟੀ ਵੱਲੋਂ ਵਿਧਾਨ ਸਭਾ ਚੋਣਾਂ ਲਈ ਟਿਕਟ ਮਿਲਣ ’ਤੇ ਪਿਤਾ ਜਗਦੀਪ ਸੋਢੀ ਦਾ ਸਨਮਾਨ
ਪਟਿਆਲਾ, 20 ਜੂਨ: ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਪਾਰਟੀ ਵੱਲੋਂ ਮੋਨਕਟਾਨ ਉੱਤਰ ਪੱਛਮੀ ਵਿਧਾਨ ਸਭਾ ਸੀਟ ਤੋਂ ਉਮੀਦਵਾਰ ਐਲਾਨੇ ਗਏ ਤਾਨੀਆ ਸੋਢੀ ਦੇ ਪਿਤਾ ਤੇ ਪੰਜਾਬ ਭਾਜਪਾ ਦੇ ਜਨਰਲ ਸਕੱਤਰ ਜਗਦੀਪ ਸਿੰਘ ਸੋਢੀ ਦਾ ਸੰਤ ਸਮਾਜ ਵੱਲੋਂ ਸਨਮਾਨ ਕੀਤਾ ਗਿਆ।
ਸੰਤ ਬਾਬਾ ਮਨਮੋਹਨ ਸਿੰਘ ਬਾਰਨ ਵਾਲਿਆਂ ਦੀ ਅਗਵਾਈ ਹੇਠ ਪਟਿਆਲਾ ਮੀਡੀਆ ਕਲੱਬ ਵਿਚ ਇਕੱਤਰ ਹੋਏ ਸੰਤ ਸਮਾਜ ਦੇ ਮੈਂਬਰ ਸੰਤਾਂ ਮਹਾਂਪੁਰਖਾਂ ਨੇ ਤਾਨੀਆ ਸੋਢੀ ਨੂੰ ਟਿਕਟ ਮਿਲਣ ਦੀ ਖੁਸ਼ੀ ਸਾਂਝੀ ਕਰਦਿਆਂ ਦੱਸਿਆ ਕਿ ਤਾਨੀਆ ਨੂੰ ਕੈਨੇਡਾ ਗਈ ਨੂੰ ਹਾਲੇ ਸਿਰਫ 4 ਸਾਲ ਹੀ ਹੋਏ ਹਨ। ਉਹਨਾਂ ਕਿਹਾ ਕਿ ਕੈਨੇਡਾ ਦੀ ਰਾਜਨੀਤੀ ਵਿਚ ਇਹ ਵਿਵਸਥਾ ਹੈ ਕਿ ਪਾਰਟੀ ਉਮੀਦਵਾਰ ਬਣਨ ਲਈ ਪਹਿਲਾਂ ਪਾਰਟੀ ਵਿਚ ਹੀ ਚੋਣ ਲੜਨੀ ਪੈਂਦੀ ਹੈ। ਉਹਨਾਂ ਦੱਸਿਆ ਕਿ ਪਾਰਟੀ ਦੀ ਇਸ ਅੰਦਰੂਨੀ ਚੋਣ ਵਿਚ ਤਾਨੀਆ ਸੋਢੀ ਨੂੰ 157 ਵੋਟਾਂ ਮਿਲੀਆਂ ਜਦੋਂ ਕਿ ਉਸਦੀ ਵਿਰੋਧੀ ਉਮੀਦਵਾਰ ਨੂੰ ਸਿਰਫ 6 ਵੋਟਾਂ ਹੀ ਮਿਲੀਆਂ ਹਨ।
ਉਹਨਾਂ ਦੱਸਿਆ ਕਿ ਇਸ ਵਿਧਾਨ ਸਭਾ ਹਲਕੇ ਵਿਚ ਤਕਰੀਬਨ 11 ਹਜ਼ਾਰ ਘਰ ਹਨ ਤੇ ਤਕਰੀਬਨ 25 ਹਜ਼ਾਰ ਦੀ ਆਬਾਦੀ ਹੈ ਜਿਸ ਵਿਚੋਂ 3 ਤੋਂ 4 ਹਜ਼ਾਰ ਲੋਕ ਪੰਜਾਬੀ ਹਨ।
ਸੰਤਾਂ ਮਹਾਂਪੁਰਖਾਂ ਨੇ ਇਸ ਗੱਲ ’ਤੇ ਖੁਸ਼ੀ ਪ੍ਰਗਟ ਕੀਤੀ ਕਿ ਪੰਜਾਬੀਆਂ ਨੇ ਵਿਦੇਸ਼ ਦੀ ਧਰਤੀ ’ਤੇ ਵੀ ਝੰਡੇ ਗੱਡ ਰੱਖੇ ਹਨ। ਉਹਨਾਂ ਕਿਹਾ ਕਿ ਅਕਾਲ ਪੁਰਖ ਦੀ ਬਖਸ਼ਿਸ਼ ਨਾਲ ਤਾਨੀਆ ਸੋਢੀ ਵੱਡੇ ਫਰਕ ਨਾਲ ਜਿੱਤ ਹਾਸਲ ਕਰੇਗੀ ਅਤੇ ਆਪਣੇ ਦੇਸ਼ ਦੇ ਨਾਲ-ਨਾਲ ਪੰਜਾਬੀਆਂ ਦੀ ਸੇਵਾ ਕਰੇਗੀ।
ਇਸ ਸਨਮਾਨ ਲਈ ਸਮੁੱਚੇ ਸੰਤ ਸਮਾਜ ਦਾ ਧੰਨਵਾਦ ਕਰਦਿਆਂ ਜਗਦੀਪ ਸਿੰਘ ਸੋਢੀ ਨੇ ਕਿਹਾ ਕਿ ਉਹ ਸਮੁੱਚੇ ਸੰਤਾਂ ਮਹਾਂਪੁਰਖਾਂ ਦੇ ਰਿਣੀ ਹਨ ਜਿਹਨਾਂ ਨੇ ਉਹਨਾਂ ਦੀ ਧੀ ਦੀ ਪ੍ਰਾਪਤੀ ਲਈ ਉਹਨਾਂ ਦਾ ਸਨਮਾਨ ਕੀਤਾ ਹੈ। ਉਹਨਾਂ ਕਿਹਾ ਕਿ ਉਹਨਾਂ ਨੂੰ ਅੱਜ ਇਸ ਗੱਲ ਦੀ ਖੁਸ਼ੀ ਹੈ ਕਿ ਉਹਨਾਂ ਦੀ ਧੀ ਤਾਨੀਆ ਸੋਢੀ ਦੀ ਪ੍ਰਾਪਤੀ ’ਤੇ ਅੱਜ ਸਮੁੱਚਾ ਪੰਜਾਬੀ ਸਮਾਜ ਮਾਣ ਮਹਿਸੂਸ ਕਰ ਰਿਹਾ ਹੈ।
ਇਸ ਮੌਕੇ ਬਾਬਾ ਮਨਮੋਹਨ ਸਿੰਘ ਬਾਰਨ ਵਾਲੇ ,ਬਾਬਾ ਅਰਜਨ ਸਿੰਘ ਰੱਬ ਜੀ ਆਲਮਪੁਰ,ਬਾਬਾ ਅਮਰੀਕ ਸਿੰਘ ਬੋਹੜਪੁਰ ਜਨਹੇੜੀਆਂ,ਬਾਬਾ ਗੁਰਪ੍ਰੀਤ ਸਿੰਘ ਕਾਲਵਾ ਸੁਨਿਆਰਹੇੜੀ,ਸੁਆਮੀ ਰਗੇਸ਼ਵਰ ਨੰਦ ਅੰਬਾਲਾ,ਬਾਬਾ ਪ੍ਰੀਤਮ ਸਿੰਘ ਰਾਜਪੁਰਾ,ਬਾਬਾ ਸੁਖਦੇਵ ਸਿੰਘ ਨਾਨਕਸਰ ਅਮਨ ਨਗਰ,ਬਾਬਾ ਸੁਖਵਿੰਦਰ ਸਿੰਘ ਸ਼ੰਕਰਪੁਰ,ਬਾਬਾ ਜਰਨੈਲ ਸਿੰਘ ਅੰਗੀਠਾ ਸਾਹਿਬ, ਬਾਬਾ ਜਸਕਰਨ ਸਿੰਘ ਬੋਹੜਪੁਰ ਜਨੇੜੀਆਂ,ਸੁਖਬੀਰ ਸਿੰਘ ਬਲਵੇੜਾ ਰਣਜੀਤ ਸਿੰਘ ਰਾਣਾ ਲਲੀਨਾ ਸਨੌਰ, ਜਗਦੀਪ ਸਿੰਘ ਆਦਿ ਹਾਜ਼ਰ ਸਨ
