ਖੇਤ ’ਚ ਪੰਜਾਬੀ ਮਜ਼ਦੂਰ ਦੀ ਬਾਂਹ ਵੱਢੇ ਜਾਣ ਬਾਅਦ ਜ਼ਖ਼ਮੀ ਹੋਣ ਕਾਰਨ ਮੌਤ

ਖੇਤ ’ਚ ਪੰਜਾਬੀ ਮਜ਼ਦੂਰ ਦੀ ਬਾਂਹ ਵੱਢੇ ਜਾਣ ਬਾਅਦ ਜ਼ਖ਼ਮੀ ਹੋਣ ਕਾਰਨ ਮੌਤ
ਲੰਡਨ/ਰੋਮ, 21 ਜੂਨ : ਖੇਤੀ ਦੀ ਭਾਰੀ ਮਸ਼ੀਨ ਨਾਲ ਭਾਰਤੀ ਮਜ਼ਦੂਰ ਦੀ ਬਾਂਹ ਕੱਟਣ ਤੋਂ ਬਾਅਦ ਉਸ ਦਾ ਮਾਲਕ ਇਲਾਜ ਕਰਵਾਉਣ ਦੀ ਥਾਂ ਉਸ ਨੂੰ ਸੜਕ ਕੰਢੇ ਸੁੱਟ ਕੇ ਫ਼ਰਾਰ ਹੋ ਗਿਆ ਤੇ ਜਿਸ ਕਾਰਨ ਮਜ਼ਦੂਰ ਦੀ ਮੌਤ ਹੋ ਗਈ। ਰੋਮ ਦੇ ਨੇੜੇ ਸਬਜ਼ੀ ਦੇ ਖੇਤ ਵਿੱਚ ਕੰਮ ਕਰਦੇ ਸਮੇਂ ਸਤਨਾਮ ਸਿੰਘ ਦੀ ਬਾਂਹ ਭਾਰੀ ਮਸ਼ੀਨ ਨਾਲ ਵੰੱਢੀ ਗਈ। ਰੋਮ ਸਥਿਤ ਭਾਰਤੀ ਦੂਤਘਰ ਨੇ ਕਿਹਾ ਕਿ ਉਸ ਨੂੰ ਇਸ ਘਟਨਾ ਬਾਰੇ ਪਤਾ ਹੈ ਤੇ ਉਹ ਪਰਿਵਾਰ ਦੀ ਮਦਦ ਕਰ ਰਿਹਾ ਹੈ। ਸਤਨਾਮ ਸਿੰਘ ਪੰਜਾਬ ਦਾ ਵਸਨੀਕ ਸੀ ਤੇ ਪਰਿਵਾਰ ਨਾਲ ਇਟਲੀ ਵਿੱਚ ਰਹਿ ਰਿਹਾ ਸੀ। ਹਾਦਸੇ ਬਾਅਦ ਮਾਲਕ ਤੇ ਉਸ ਦੀ ਪਤਨੀ ਉਸ ਨੂੰ ਵੈਨ ਵਿੱਚ ਬਿਠਾ ਕੇ ਲੈ ਗਏ ਤੇ ਸਤਨਾਮ ਨੂੰ ਉਸ ਦੇ ਘਰ ਨਜ਼ਦੀਕ ਸੜਕ ’ਤੇ ਛੱਡ ਦਿੱਤਾ। ਇਹ ਦੇਖ ਕੇ ਜ਼ਖ਼ਮੀ ਦੀ ਪਤਨੀ ਨੇ ਚੀਕਾ ਮਾਰੀਆਂ ਤਾਂ ਸਤਨਾਮ ਦੇ ਘਰ ਦਾ ਮਾਲਕ ਬਾਹਰ ਆਇਆ। ਉਸ ਨੇ ਦੱਸਿਆ,‘ ਮੈਨੂੰ ਲੱਗਾ ਕਿ ਵੈਨ ਚਾਲਕ ਸਤਨਾਮ ਦੀ ਮਦਦ ਕਰ ਰਿਹਾ ਹੈ ਪਰ ਬਾਅਦ ਵਿੱਚ ਜਦੋਂ ਉਹ ਜ਼ਖ਼ਮੀ ਨੂੰ ਸੜਕ ’ਤੇ ਛੱਡ ਕੇ ਜਾਣ ਲੱਗੇ ਤਾਂ ਮੈਂ ਭੱਜ ਕੇ ਵੈਨ ਚਾਲਕ ਨੂੰ ਕਿਹਾ ਕਿ ਉਹ ਜ਼ਖ਼ਮੀ ਨੂੰ ਹਸਪਤਾਲ ਕਿਉਂ ਨਹੀਂ ਲੈ ਕੇ ਗਏ। ਖੇਤ ਮਾਲਕ ਨੇ ਜਵਾਬ ਦਿੱਤਾ ਕਿ ਸਤਨਾਮ ਪੱਕੇ ਕਰਮਚਾਰੀ ਵਜੋਂ ਰਜਿਸਟਰਡ ਨਹੀਂ ਹੈ ਤੇ ਵੱਢੀ ਬਾਂਹ ਫਲਾਂ ਦੇ ਡੱਬੇ ਵਿੱਚ ਸੀ। ਸਤਨਾਮ ਸਿੰਘ ਦਾ ਡੇਢ ਘੰਟੇ ਤੱਕ ਇਲਾਜ ਨਹੀਂ ਹੋਇਆ। ਉਸ ਨੂੰ ਰੋਮ ਦੇ ਹਸਪਤਾਲ ਵਿੱਚ ਏਅਰਲਿਫਟ ਕੀਤਾ ਗਿਆ ਪਰ ਉਸ ਦੀ ਮੌਤ ਹੋ ਗਈ।
