ਟਰਾਈਡੈਂਟ ਸਟਾਲੀਅਨਜ਼ ਨੇ ਕੀਤਾ ਸ਼ਾਨਦਾਰ ਪ੍ਰਦਰਸ਼ਨ

ਟਰਾਈਡੈਂਟ ਸਟਾਲੀਅਨਜ਼ ਨੇ ਕੀਤਾ ਸ਼ਾਨਦਾਰ ਪ੍ਰਦਰਸ਼ਨ
ਦਿੱਲੀ : ਟਰਾਈਡੈਂਟ ਸਟਾਲੀਅਨਜ਼ ਨੇ ਪੰਜਾਬ ਕ੍ਰਿਕਟ ਐਸੋਸੀਏਸ਼ਨ (ਪੀਸੀਏ) ਸ਼ੇਰ-ਏ-ਪੰਜਾਬ ਟੀ-20 ਕੱਪ ਵਿੱਚ ਚੰਗੀ ਸ਼ੁਰੂਆਤ ਕੀਤੀ, ਪਰ ਇੱਕ ਰੋਮਾਂਚਕ ਮੈਚ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ।ਐਗਰੀ ਕਿੰਗਜ਼ ਨਾਈਟਸ ਨੇ ਉਨ੍ਹਾਂ ਖਿਲਾਫ 10 ਦੌੜਾਂ ਨਾਲ ਰੋਮਾਂਚਕ ਜਿੱਤ ਦਰਜ ਕੀਤੀ। ਐਗਰੀ ਕਿੰਗਜ਼ ਨਾਈਟਸ ਨੇ ਪਹਿਲੇ ਲੀਗ ਮੈਚ ਵਿੱਚ 212/8 ਦੌੜਾਂ ਬਣਾਈਆਂ, ਜਦੋਂਕਿ ਟ੍ਰਾਈਡੈਂਟ ਸਟਾਲੀਅਨਜ਼ ਨੇ ਸਕੋਰ ਬੋਰਡ `ਤੇ 202/9 ਦੌੜਾਂ ਬਣਾਈਆਂ। ਆਈਐਸ ਬਿੰਦਰਾ ਸਟੇਡੀਅਮ ਵਿੱਚ ਖੇਡੇ ਗਏ ਮੈਚ ਵਿੱਚ ਟ੍ਰਾਈਡੈਂਟ ਸਟਾਲੀਅਨਜ਼ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕੀਤੀ ਅਤੇ ਐਗਰੀ ਕਿੰਗਜ਼ ਨਾਈਟਸ ਨੂੰ ਬੱਲੇਬਾਜ਼ੀ ਲਈ ਭੇਜਿਆ। ਸਹਿਜ ਦੀਆਂ 35 ਦੌੜਾਂ ਅਤੇ ਮਯੰਕ ਦੀਆਂ 24 ਦੌੜਾਂ ਤੋਂ ਬਾਅਦ ਮਨਦੀਪ ਸਿੰਘ ਨੇ 60 ਦੌੜਾਂ ਦੀ ਪਾਰੀ ਖੇਡੀ। ਮਾਧਵ ਨੇ 31 ਦੌੜਾਂ ਅਤੇ ਆਰੀਅਨ ਭਾਟੀਆ ਨੇ 23 ਦੌੜਾਂ ਜੋੜ ਕੇ 20 ਓਵਰਾਂ ਵਿੱਚ ਸਕੋਰ 212/8 ਤੱਕ ਪਹੁੰਚਾਇਆ। ਟਰਾਈਡੈਂਟ ਦੇ ਗੁਰਨੂਰ ਬਰਾੜ ਨੇ 5 ਬੱਲੇਬਾਜ਼ਾਂ ਨੂੰ ਆਊਟ ਕੀਤਾ, ਜਦਕਿ ਬਲਤੇਜ ਅਤੇ ਸ਼ੁਭਮ ਰਾਣਾ ਨੇ 1-1 ਵਿਕਟ ਹਾਸਲ ਕੀਤੀ।
ਜਵਾਬ `ਚ ਕਪਤਾਨ ਪ੍ਰਭਸਿਮਰਨ ਸਿੰਘ ਨੇ ਟਰਾਈਡੈਂਟ ਸਟਾਲੀਅਨਜ਼ ਲਈ ਤੇਜ਼ ਸ਼ਾਟ ਲਗਾਏ ਪਰ ਉਹ 13 ਗੇਂਦਾਂ `ਤੇ 22 ਦੌੜਾਂ ਬਣਾ ਕੇ ਵਾਪਸ ਪਰਤ ਗਏ। ਵਿਹਾਨ ਮਲਹੋਤਰਾ ਨੇ ਵੀ 21 ਗੇਂਦਾਂ ਵਿੱਚ 28 ਦੌੜਾਂ ਜੋੜੀਆਂ।ਮਿਡਲ ਆਰਡਰ ਵਿਚ ਅਭੈ ਚੌਧਰੀ ਨੇ 29 ਗੇਂਦਾਂ `ਤੇ 48 ਦੌੜਾਂ ਅਤੇ ਸਾਹਿਲ ਸ਼ਰਮਾ ਨੇ 23 ਗੇਂਦਾਂ `ਤੇ 55 ਦੌੜਾਂ ਦੀ ਤੇਜ਼ ਪਾਰੀ ਖੇਡੀ। ਗੁਰਨੂਰ ਬਾਅਦ ਵਿੱਚ ਆਇਆ ਅਤੇ 15 ਦੌੜਾਂ ਬਣਾਈਆਂ, ਪਰ ਟੀਮ 202/9 `ਤੇ ਦਸ ਦੌੜਾਂ ਨਾਲ ਪਿੱਛੇ ਹੋ ਗਈ। ਅਸ਼ਵਨੀ ਕੁਮਾਰ ਨੇ 4 ਅਤੇ ਆਯੂਸ਼ ਗੋਇਲ ਨੇ 3 ਵਿਕਟਾਂ ਲਈਆਂ। ਸੁਮਿਤ ਅਤੇ ਮਾਧਵ ਸਿੰਘ ਨੂੰ 1-1 ਸਫਲਤਾ ਮਿਲੀ।
