ਪੰਜਾਬੀ ਯੂਨੀਵਰਸਿਟੀ ਦੇ ਸੇਵਾ-ਮੁਕਤ ਹੋ ਰਹੇ 14 ਅਧਿਆਪਕਾਂ ਨੂੰ ਨਿੱਘੀ ਵਿਦਾਇਗੀ

ਦੁਆਰਾ: Punjab Bani ਪ੍ਰਕਾਸ਼ਿਤ :Thursday, 13 June, 2024, 05:51 PM

ਪੰਜਾਬੀ ਯੂਨੀਵਰਸਿਟੀ ਦੇ ਸੇਵਾ-ਮੁਕਤ ਹੋ ਰਹੇ 14 ਅਧਿਆਪਕਾਂ ਨੂੰ ਨਿੱਘੀ ਵਿਦਾਇਗੀ

ਪਟਿਆਲਾ, 13 ਜੂਨ
ਪੰਜਾਬੀ ਯੂਨੀਵਰਸਿਟੀ ਵਿਖੇ ਇਸ ਮਹੀਨੇ ਦੇ ਅੰਤ 30 ਜੂਨ ਨੂੰ 14 ਅਧਿਆਪਕ ਸੇਵਾ-ਨਵਿਰਤ ਹੋ ਰਹੇ ਹਨ। ਯੂਨੀਵਰਸਿਟੀ ਵੱਲੋਂ ਇਨ੍ਹਾਂ ਸਾਰੇ ਅਧਿਆਪਕਾਂ ਨੂੰ ਨਿੱਘੀ ਵਿਦਾਇਗੀ ਦਿੱਤੀ ਗਈ। ਗੌਰਤਲਬ ਹੈ ਕਿ ਯੂਨੀਵਰਸਿਟੀ ਅਧਿਆਪਨ ਅਮਲੇ ਨੂੰ ਕੱਲ੍ਹ ਤੋਂ ਸ਼ੁਰੂ ਹੋ ਕੇ ਮੱਧ ਜੁਲਾਈ ਤੱਕ ਛੁੱਟੀਆਂ ਹੋ ਰਹੀਆਂ ਹਨ, ਇਸ ਕਾਰਨ ਇਹ ਵਿਦਾਇਗੀ ਪਾਰਟੀ ਅਗਾਊਂ ਤੌਰ ਉੱਤੇ ਦਿੱਤੀ ਗਈ। ਸੈਨੇਟ ਹਾਲ ਵਿਖੇ ਇਸ ਸੰਬੰਧੀ ਰੱਖੀ ਗਈ ਬੈਠਕ ਦੀ ਪ੍ਰਧਾਨਗੀ ਡੀਨ ਖੋਜ ਡਾ. ਮਨਜੀਤ ਪਾਤੜ ਨੇ ਕੀਤੀ। ਉਨ੍ਹਾਂ ਸਾਰੇ ਅਧਿਆਪਕਾਂ ਨੂੰ ਸੇਵਾ-ਮੁਕਤੀ ਦੀ ਵਧਾਈ ਦਿੱਤੀ ਅਤੇ ਜ਼ਿੰਦਗੀ ਦੇ ਅਗਲੇ ਪੜਾਅ ਲਈ ਸ਼ੁਭਕਾਮਨਾਵਾਂ ਦਿੱਤੀਆਂ।
ਸੇਵਾ-ਮੁਕਤ ਹੋਣ ਵਾਲ਼ੇ ਅਧਿਆਪਕਾਂ ਵਿੱਚ ਯੂਨੀਵਰਸਿਟੀ ਦੇ ਮੁੱਖ ਕੈਂਪਸ ਵਿੱਚ ਕਾਰਜਸ਼ੀਲ ਅਧਿਆਪਕਾਂ ਤੋਂ ਇਲਾਵਾ ਰਿਜਨਲ ਸੈਂਟਰ ਅਤੇ ਯੂਨੀਵਰਸਿਟੀ ਕਾਲਜ ਦੇ ਅਧਿਆਪਕ ਵੀ ਸ਼ਾਮਿਲ ਸਨ। ਸੇਵਾ-ਮੁਕਤ ਹੋਏ ਅਧਿਆਪਕਾਂ ਵਿੱਚ ਯੂਨੀਵਰਸਿਟੀ ਮੁੱਖ ਕੈਂਪਸ ਦੇ ਦਰਸ਼ਨ ਸ਼ਾਸਤਰ ਵਿਭਾਗ ਤੋਂ ਡਾ. ਪਰਮਿੰਦਰ ਕੌਰ, ਭਾਸ਼ਾ ਵਿਗਿਆਨ ਅਤੇ ਕੋਸ਼ਕਾਰੀ ਵਿਭਾਗ ਤੋਂ ਡਾ. ਚਿਰਾਗ ਦੀਨ, ਭੂ-ਵਿਗਿਆਨ ਵਿਭਾਗ ਤੋਂ ਡਾ. ਬਲਜੀਤ ਕੌਰ, ਬਨਸਪਤੀ ਵਿਗਿਆਨ ਵਿਭਾਗ ਤੋਂ ਡਾ. ਦਵਿੰਦਰ ਪਾਲ ਸਿੰਘ, ਸੈਂਟਰ ਫ਼ਾਰ ਡਿਸਟੈਂਸ ਐਂਡ ਆਨਲਾਈਨ ਐਜੂਕੇਸ਼ਨ ਵਿਭਾਗ ਤੋਂ ਡਾ. ਹਰਵਿੰਦਰ ਕੌਰ, ਪੰਜਾਬੀ ਸਾਹਿਤ ਅਧਿਐਨ ਵਿਭਾਗ ਤੋਂ ਡਾ. ਰਾਜਿੰਦਰ ਕੁਮਾਰ, ਸੈਂਟਰ ਫ਼ਾਰ ਡਿਸਟੈਂਸ ਐਂਡ ਆਨਲਾਈਨ ਐਜੂਕੇਸ਼ਨ ਵਿਭਾਗ ਤੋਂ ਡਾ. ਲਖਵਿੰਦਰ ਸਿੰਘ, ਅੰਗਰੇਜ਼ੀ ਵਿਭਾਗ ਤੋਂ ਡਾ. ਰਾਜੇਸ਼ ਕੁਮਾਰ, ਪੰਜਾਬੀ ਵਿਭਾਗ ਤੋਂ ਡਾ. ਜਸਵਿੰਦਰ ਸਿੰਘ, ਸਿੱਖਿਆ ਅਤੇ ਸੁਮਦਾਇ ਵਿਭਾਗ ਤੋਂ ਡਾ. ਜਸਰਾਜ ਕੌਰ, ਸਕੂਲ ਆਫ਼ ਮੈਨੇਜਮੈਂਟ ਸਟੱਡੀਜ਼ ਵਿਭਾਗ ਤੋਂ ਡਾ. ਗੁਰਚਰਨ ਸਿੰਘ, ਕਾਮਰਸ ਵਿਭਾਗ ਤੋਂ ਡਾ. ਰਾਧਾ ਸ਼ਰਨ ਅਰੋੜਾ, ਰਿਜਨਲ ਸੈਂਟਰ ਬਠਿੰਡਾ ਤੋਂ ਡਾ. ਸੁਮਨ ਸ਼ਰਮਾ, ਯੂਨੀਵਰਸਿਟੀ ਕਾਲਜ, ਚੁੰਨੀ ਕਲਾਂ ਤੋਂ ਡਾ. ਸਰਬਜੀਤ ਕੌਰ ਸ਼ਾਮਿਲ ਸਨ।
ਸੇਵਾ-ਮੁਕਤ ਹੋਏ ਅਧਿਆਪਕਾਂ ਵੱਲੋਂ ਇਸ ਮੌਕੇ ਬੋਲਦਿਆਂ ਆਪਣੇ ਅਧਿਆਪਨ ਕਾਰਜ ਕਾਲ ਦੌਰਾਨ ਹੋਏ ਵੱਖ-ਵੱਖ ਤਜਰਬੇ ਸਾਂਝੇ ਕੀਤੇ ਗਏ। ਅਧਿਆਪਕਾਂ ਵੱਲੋਂ ਆਪਣੇ ਸੰਬੋਧਨ ਵਿੱਚ ਯੂਨੀਵਰਸਿਟੀ ਦੇ ਬਿਹਤਰ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।