ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ, ਗੁਰੂ ਘਰ ਪ੍ਰਤੀ ਸੰਗਤਾਂ ’ਚ ਵਧ ਰਹੀ ਸ਼ਰਧਾ ਹਾਕਮਾਂ ਨੂੰ ਬਿਲਕੁਲ ਵੀ ਪ੍ਰਵਾਨ ਨਹੀਂ ਸੀ

ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ, ਗੁਰੂ ਘਰ ਪ੍ਰਤੀ ਸੰਗਤਾਂ ’ਚ ਵਧ ਰਹੀ ਸ਼ਰਧਾ ਹਾਕਮਾਂ ਨੂੰ ਬਿਲਕੁਲ ਵੀ ਪ੍ਰਵਾਨ ਨਹੀਂ ਸੀ
ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਦੁਨੀਆ ਦੇ ਧਰਮ ਇਤਿਹਾਸ ਅੰਦਰ ਇਕ ਇਨਕਲਾਬੀ ਮੋੜ ਸੀ। ਇਸ ਸ਼ਹਾਦਤ ਨੇ ਜਿੱਥੇ ਧਾਰਮਿਕ ਕੱਟੜਤਾ ਦੇ ਨਾਮ ’ਤੇ ਮਨੁੱਖੀ ਅੱਤਿਆਚਾਰ ਦੀ ਪ੍ਰਵਿਰਤੀ ਨੂੰ ਸਿਖਰਲੀ ਚੁਣੌਤੀ ਦਿੱਤੀ, ਉਥੇ ਹੀ ਮਾਨਵਤਾ ਨੂੰ ਜਬਰ ਦੇ ਮੁਕਾਬਲੇ ਲਈ ਭੈਅ ਮੁਕਤ ਵੀ ਕੀਤਾ। ਸਿੱਖ ਇਤਿਹਾਸ ਅੰਦਰ ਪੰਜਵੇਂ ਪਾਤਸ਼ਾਹ ਦੀ ਸ਼ਹਾਦਤ ਇਕ ਕ੍ਰਾਂਤੀਕਾਰੀ ਪੰਨੇ ਵਜੋਂ ਅੰਕਿਤ ਹੈ, ਜਿਸ ਦੀ ਪ੍ਰੇਰਣਾ ਅੱਜ ਵੀ ਹਰ ਸਿੱਖ ਲਈ ਰਾਹ-ਦਸੇਰਾ ਹੈ। ਗੁਰੂ ਸਾਹਿਬ ਦੀ ਇਸ ਸ਼ਹਾਦਤ ਨੇ ਸਿੱਖਾਂ ਨੂੰ ਜ਼ੁਲਮ ਨਾਲ ਟੱਕਰ ਲੈਣ, ਅਕਾਲ ਪੁਰਖ ਦਾ ਭਾਣਾ ਮੰਨਣ ਅਤੇ ਸਬਰ, ਸੰਤੋਖ, ਦਿ੍ਰੜ੍ਹਤਾ ਨਾਲ ਆਪਣੇ ਹੱਕਾਂ ਦੀ ਰੱਖਿਆ ਕਰ ਸਕਣ ਦਾ ਰਾਹ ਦਿਖਾ ਕੇ ਸਿੱਖੀ ਦੇ ਮਹਿਲ ਦੀਆਂ ਨੀਹਾਂ ਨੂੰ ਏਨਾ ਪੱਕਾ ਤੇ ਮਜ਼ਬੂਤ ਕਰ ਦਿੱਤਾ ਕਿ ਜ਼ੁਲਮ ਦੇ ਝੱਖੜ ਇਸ ਦਾ ਕੁਝ ਨਾ ਵਿਗਾੜ ਸਕੇ। ਇਸ ਪਾਵਨ ਸ਼ਹਾਦਤ ਨੇ ਸਿੱਖ ਮਰਜੀਵੜਿਆਂ ਨੂੰ ਹੱਕ ਸੱਚ ਖਾਤਰ ਕੁਰਬਾਨ ਹੋਣ ਦੀ ਅਜਿਹੀ ਜਾਚ ਸਿਖਾਈ ਕਿ ਉਨ੍ਹਾਂ ਨੇ ਸ਼ਹਾਦਤਾਂ ਦੀ ਇਕ ਲੰਮੀ ਲੜੀ ਸਿਰਜ ਦਿੱਤੀ। ਸ਼ਹਾਦਤਾਂ ਦੀ ਇਹ ਲੜੀ ਸਿੱਖ ਇਤਿਹਾਸ ਦਾ ਹਾਸਲ ਹੈ।
