ਡੇਰਾ ਸੱਚਾ ਮੁਖੀ ਦੀ ਪਟੀਸ਼ਨ ’ਤੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵੱਲੋਂ ਪੰਜਾਬ ਤੇ ਸੀ. ਬੀ. ਆਈ. ਨੂੰ ਨੋਟਿਸ

ਡੇਰਾ ਸੱਚਾ ਮੁਖੀ ਦੀ ਪਟੀਸ਼ਨ ’ਤੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵੱਲੋਂ ਪੰਜਾਬ ਤੇ ਸੀ. ਬੀ. ਆਈ. ਨੂੰ ਨੋਟਿਸ
ਚੰਡੀਗੜ੍ਹ : ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਸਿੰਘ ਦੀ ਇਕ ਪਟੀਸ਼ਨ ’ਤੇ ਸੁਣਵਾਈ ਕਰਦਿਆਂ ਪੰਜਾਬ ਸਰਕਾਰ ਤੇ ਸੀਬੀਆਈ ਨੂੰ ਨਵੇਂ ਸਿਰਿਓਂ ਨੋਟਿਸ ਜਾਰੀ ਕਰ ਕੇ ਜਵਾਬ ਤਲਬ ਕੀਤਾ ਹੈ। ਹਾਈ ਕੋਰਟ ਨੂੰ ਦੱਸਿਆ ਗਿਆ ਕਿ ਹਾਈ ਕੋਰਟ ਨੇ ਪਹਿਲਾਂ ਜੋ ਨੋਟਿਸ ਜਾਰੀ ਕੀਤੇ ਸਨ, ਉਹ ਪ੍ਰੋਸੈੱਸ ਫੀਸ ਜਮ੍ਹਾਂ ਨਾ ਹੋਣ ਕਾਰਨ ਬਚਾਅ ਧਿਰ ਨੂੰ ਸੌਂਪੇ ਨਹੀਂ ਜਾ ਸਕੇ। ਇਸ ’ਤੇ ਹਾਈ ਕੋਰਟ ਨੇ ਦੁਬਾਰਾ ਨੋਟਿਸ ਜਾਰੀ ਕਰ ਕੇ ਸਾਰੀਆਂ ਧਿਰਾਂ ਨੂੰ ਅਗਲੀ ਸੁਣਵਾਈ ਤੋਂ ਪਹਿਲਾਂ ਜਵਾਬ ਦਾਇਰ ਕਰਨ ਦਾ ਆਦੇਸ਼ ਦਿੱਤਾ ਹੈ। ਡੇਰਾ ਮੁਖੀ ਨੇ ਆਪਣੀ ਪਟੀਸ਼ਨ ’ਚ ਬੇਅਦਬੀ ਮਾਮਲੇ ’ਚ ਅਕਤੂਬਰ 2015 ’ਚ ਬਠਿੰਡਾ ਦੇ ਦਿਆਲਪੁਰ ਅਤੇ ਨਵੰਬਰ 2015 ’ਚ ਮੋਗਾ ਦੇ ਸਮਾਲਸਰ ਵਿਚ ਦਰਜ ਇਨ੍ਹਾਂ ਦੋਵਾਂ ਐੱਫਆਈਆਰਜ਼ ਦੀ ਸੀਬੀਆਈ ਤਾਂ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਪਟੀਸ਼ਨ ਵਿਚ ਕਿਹਾ ਗਿਆ ਹੈ ਕਿ ਫਰਵਰੀ ’ਚ ਇਸ ਮਾਮਲੇ ਦੇ ਇਕ ਮੁਲਜ਼ਮ ਪ੍ਰਦੀਪ ਕਲੇਰ ਵੱਲੋਂ ਉਸ ਖ਼ਿਲਾਫ਼ ਮੈਜਿਸਟ੍ਰੇਟ ਸਾਹਮਣੇ ਦਿੱਤੇ ਬਿਆਨ ਦੇ ਆਧਾਰ ’ਤੇ ਪੰਜਾਬ ਸਰਕਾਰ ਹੁਣ ਉਨ੍ਹਾਂ ਖ਼ਿਲਾਫ਼ ਇਨ੍ਹਾਂ ਮਾਮਲਿਆਂ ’ਚ ਪ੍ਰੋਡਕਸ਼ਨ ਵਾਰੰਟ ਮੰਗ ਸਕਦੀ ਹੈ।
