ਨਫ਼ਰਤ ਦੀ ਰਾਜਨੀਤੀ ਭਾਜਪਾ ਨੂੰ ਬੰਦ ਕਰਨੀ ਚਾਹੀਦੀ ਹੈ : ਵਿੱਤ ਮੰਤਰੀ ਹਰਪਾਲ ਚੀਮਾ

ਨਫ਼ਰਤ ਦੀ ਰਾਜਨੀਤੀ ਭਾਜਪਾ ਨੂੰ ਬੰਦ ਕਰਨੀ ਚਾਹੀਦੀ ਹੈ : ਵਿੱਤ ਮੰਤਰੀ ਹਰਪਾਲ ਚੀਮਾ
ਚੰਡੀਗੜ੍ਹ : ਸਮੁੱਚੇ ਦੇਸ਼ ਵਿਚ ਫਿਰਕੇ ਦੇ ਲੋਕਾਂ ਵਿੱਚ ਆਪਸੀ ਨਫ਼ਰਤ ਪੈਦਾ ਕਰਨ ਤੇ ਉਤਾਰੂ ਭਾਰਤੀ ਜਨਤਾ ਪਾਰਟੀ ਨੂੰ ਕਰੜੇ ਹੱਥੀਂ ਲੈਂਦਿਆਂ ਆਮ ਆਦਮੀ ਪਾਰਟੀ ਦੇ ਪੰਜਾਬ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਜੋ ਭਾਜਪਾ ਦੇ ਆਗੂ ਨਫ਼ਰਤ ਦੀ ਰਾਜਨੀਤੀ ਕਰ ਰਹੇ ਹਨ ਬਹੁਤ ਹੀ ਮਾੜੀ ਗੱਲ ਹੈ, ਅਜਿਹਾ ਕਰਨ ਨਾਲ ਭਾਰਤ ਦੇਸ਼ ਦੇ ਵਿਰੋਧੀਆਂ ਨੂੰ ਆਪਣੇ ਨਾਕਾਮ ਮਨਸੂਬਿਆਂ ਨੂੰ ਅੰਜਾਮ ਦੇਣ ਵਿਚ ਮਦਦ ਮਿਲਦੀ ਹੈ। ਵਿੱਤ ਮੰਤਰੀ ਪੰਜਾਬ ਹਰਪਾਲ ਸਿੰਘ ਚੀਮਾ ਨੇ ਚੰਡੀਗੜ੍ਹ ਏਅਰਪੋਰਟ ’ਤੇ ਹੋਈ ਇੱਕ ਘਟਨਾ ਨੂੰ ਲੈ ਕੇ ਸਾਰੇ ਦੇਸ਼ ਵਿੱਚ ਪੰਜਾਬ ਦੇ ਲੋਕਾਂ ਨੂੰ ਅੱਤਵਾਦੀ ਜਾਂ ਵੱਖਵਾਦੀ ਕਹਿ ਕੇ ਪ੍ਰਚਾਰਿਆ ਜਾ ਰਿਹਾ। ਜਿਸ ਨਾਲ ਪੰਜਾਬੀਆਂ ਪ੍ਰਤੀ ਕੁੱਜੜ ਕੱਟੜ ਪੰਥੀ ਲੋਕਾਂ ਦਾ ਨਜ਼ਰੀਆ ਬਦਲਦਾ ਜਾ ਰਿਹਾ। ਚਾਹੇ ਉਹ ਹਰਿਆਣੇ ਦੀ ਘਟਨਾ ਹੋਵੇ ਜਿੱਥੇ ਇੱਕ ਪੰਜਾਬੀ ਨੂੰ ਖਾਲਿਸਤਾਨੀ ਜਾਂ ਵੱਖਵਾਦੀ ਕਹਿ ਕੇ ਕੁੱਟਿਆ ਗਿਆ ਅਤੇ ਹਿਮਾਚਲ ਦੇ ਵਿੱਚ ਇੱਕ ਐਨਆਰਆਈ ਨੂੰ ਵੀ ਇਸੇ ਘਟਨਾ ਦਾ ਸ਼ਿਕਾਰ ਹੋਣਾ ਪਿਆ। ਉਨ੍ਹਾਂ ਕਿਹਾ ਕਿ ਭਾਜਪਾ ਨੂੰ ਇਹ ਨਫ਼ਰਤ ਦੀ ਰਾਜਨੀਤੀ ਕਰਨੀ ਬੰਦ ਕਰ ਦੇਣੀ ਚਾਹੀਦੀ ਹੈ। ਇਸ ਨਾਲ ਦੇਸ਼ ਦੇ ਲੋਕਾਂ ਦਾ ਆਪਸੀ ਭਾਈਚਾਰਾ ਅਤੇ ਮਿਲਵਰਤਣ ਵਿੱਚ ਖਟਾਸ ਆ ਰਹੀ ਹੈ ਇੱਕ ਛੋਟੀ ਜਿਹੀ ਘਟਨਾ ਨੂੰ ਲੈ ਕੇ ਪੂਰੇ ਇੱਕ ਫਿਰਕੇ ਨੂੰ ਬਦਨਾਮ ਕਰਨਾ ਚੰਗੀ ਸੋਚ ਨਹੀਂ ਹੈ। ਇਸ ਕਰ ਕੇ ਭਾਜਪਾ ਸਾਡੇ ਦੇਸ਼ ਨੂੰ ਫਿਰਕਿਆਂ ਵਿੱਚ ਵੰਡਣਾ ਬੰਦ ਕਰੇ। ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰੀ ਕੋਠੀ ਖੁਸ ਜਾਣ ਦੇ ਦਿੱਤੇ ਗਏ ਬਿਆਨ ਤੋਂ ਬਾਅਦ ਚੀਮਾ ਨੇ ਕਿਹਾ ਜਾਖੜ ਮੁੱਖ ਮੰਤਰੀ ਬਣਨ ਦੇ ਸੁਪਨੇ ਲੈਣੇ ਬੰਦ ਕਰ ਦੇਵੇ, ਉਨ੍ਹਾਂ ਨੂੰ ਇਹ ਕੁਰਸੀ ਕਦੇ ਨਹੀਂ ਮਿਲੇਗੀ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਕੁਰਸੀ ਨੂੰ ਕੋਈ ਖਤਰਾ ਨਹੀਂ ਹੈ। ਜਾਖੜ ਸਾਹਿਬ ਆਪਣੀ ਕੁਰਸੀ ਬਚਾ ਕੇ ਰੱਖੋ ਪਤਾ ਨਹੀਂ ਕਦੋਂ ਕਿਹੜੀ ਪਾਰਟੀ ਵੱਲੋਂ ਕੁਰਸੀ ਆਫਰ ਆ ਜਾਵੇ ਤਾਂ ਤੁਸੀਂ ਉਧਰ ਚਲੇ ਜਾਓਗੇ।
