ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਜੂਨ ’84 ਘੱਲੂਘਾਰੇ ਦੀ 40ਵੀਂ ਵਰੇਗਢ ਮੌਕੇ ਅਰਦਾਸ ਸਮਾਗਮ

ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਜੂਨ ’84 ਘੱਲੂਘਾਰੇ ਦੀ 40ਵੀਂ ਵਰੇਗਢ ਮੌਕੇ ਅਰਦਾਸ ਸਮਾਗਮ
ਜੂਨ ’84 ਘੱਲੂਘਾਰੇ ਦੀ ਸਾਲਾਨਾ 40ਵੀਂ ਵਰੇਗੰਢ ਮੌਕੇ ਸ਼ਹੀਦ ਸਿੰਘਾਂ, ਸਿੰਘਣੀਆਂ ਨੂੰ ਸ਼ਰਧਾ ਸਤਿਕਾਰ ਭੇਂਟ
ਕੇਂਦਰ ਵਿਚ ਰਹਿਣ ਵਾਲੀਆਂ ਸਰਕਾਰਾਂ ਘਟਨਾ ਦੀ ਕਦੇ ਵੀ ਮੁਆਫ਼ੀ ਨਾ ਮੰਗੀ : ਪ੍ਰੋ. ਬਡੂੰਗਰ
ਭਾਰਤ ਦੀ ਹਕੂਮਤ ਵੱਲੋਂ ਸਿੱਖ ਕੌਮ ਨੂੰ ਦਿੱਤਾ ਜੂਨ ’84 ਵੱਡਾ ਦੁਖਾਂਤ, ਨਾ ਭੁੱਲਣਯੋਗ : ਸ਼ੋ੍ਰਮਣੀ ਕਮੇਟੀ ਮੈਂਬਰ
ਪਟਿਆਲਾ 6 ਜੂਨ () : ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਵਿਖੇ ਜੂਨ ’84 ਦੀ 40ਵੀਂ ਵਰੇਗੰਢ ਮੌਕੇ ਅਰਦਾਸ ਸਮਾਗਮ ਕਰਵਾਇਆ ਗਿਆ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਦੀਵਾਨ ਹਾਲ ਵਿਖੇ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਅਤੇ ਘੱਲੂਘਾਰਾ ਦਿਵਸ ਮੌਕੇ ਸ਼ਹੀਦ ਹੋਏ ਸਿੰਘਾਂ ਸਿੰਘਣੀਆਂ ਨੂੰ ਸ਼ਰਧਾ ਸਤਿਕਾਰ ਭੇਂਟ ਕਰਨ ਲਈ ਕਰਵਾਏ ਅਰਦਾਸ ਸਮਾਗਮ ਵਿਚ ਢਾਡੀ ਕਵੀਸ਼ਰੀ ਭਾਈ ਗੁਰਪਿਆਰ ਸਿੰਘ ਜੌਹਰ ਨੇ ਇਤਿਹਾਸਕ ਵਾਰਾਂ ਰਾਹੀਂ ਸੰਗਤਾਂ ਨਾਲ ਸਾਂਝ ਪਾਈ। ਅਰਦਾਸ ਸਮਾਗਮ ਵਿਚ ਹੈਡ ਗ੍ਰੰਥੀ ਗਿਆਨੀ ਫੂਲਾ ਸਿੰਘ ਨੇ 1984 ਦੇ ਸ਼ਹੀਦਾਂ ਨੂੰ ਸ਼ਰਧਾ ਸਤਿਕਾਰ ਭੇਂਟ ਕੀਤਾ ਗਿਆ। ਇਸ ਦੌਰਾਨ ਉਚੇਚੇ ਤੌਰ ’ਤੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ, ਅਤਿ੍ਰੰਗ ਕਮੇਟੀ ਮੈਂਬਰ ਜਥੇਦਾਰ ਜਸਮੇਰ ਸਿੰਘ ਲਾਛੜੂ, ਜਥੇਦਾਰ ਜਰਨੈਲ ਸਿੰਘ ਕਰਤਾਰਪੁਰ, ਜਥੇਦਾਰ ਸਤਵਿੰਦਰ ਸਿੰਘ ਟੌਹੜਾ ਸਮੇਤ ਸ਼ੋ੍ਰਮਣੀ ਅਕਾਲੀ ਦਲ ਦੇ ਆਗੂ ਸਾਹਿਬ ਵੀ ਪੁੱਜੇ ਹੋਏ ਸਨ।
ਅਰਦਾਸ ਸਮਾਗਮ ਦੌਰਾਨ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਜੂਨ 1984 ਦੌਰਾਨ ਸਿੱਖਾਂ ਦੇ ਮੁਕੱਦਸ ਅਸਥਾਨ ਸ੍ਰੀ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕਰਕੇ ਸਿੱਖ ਕੌਮ ਨੂੰ ਅਜਿਹਾ ਜ਼ਖ਼ਮ ਅਤੇ ਦਰਦ ਦਿੱਤਾ, ਜੋ ਅੱਜ ਵੀ ਨਾਸੂਰ ਬਣਿਆ, ਜਿਸ ਨੂੰ ਕਦੇ ਵੀ ਅਣਡਿੱਠ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਅਫਸੋਸ ਹੈ ਕਿ ਸਿੱਖਾਂ ਦੇ ਮੁਕੱਦਸ ਅਸਥਾਨ ਨੂੰ ਢਹਿ ਢੇਰੀ ਕਰਨ ਵਾਲੀ ਸਰਕਾਰ ਸਮੇਤ ਸਮੇਂ ਸਮੇਂ ਦੀਆਂ ਕੇਂਦਰ ਵਿਚ ਰਹਿਣ ਵਾਲੀਆਂ ਸਰਕਾਰਾਂ ਨੇ ਇਸ ਘਟਨਾ ਦੀ ਕਦੇ ਵੀ ਮੁਆਫ਼ੀ ਨਾ ਮੰਗੀ ਗਈ, ਜਿਸ ਤੋਂ ਸਪੱਸ਼ਟ ਹੈ ਕਿ ਸੱਤਾ ਦੇ ਹੰਕਾਰ ਵਿਚ ਰਹਿਣ ਵਾਲੀਆਂ ਸਰਕਾਰਾਂ ਸਿੱਖ ਕੌਮ ਨੂੰ ਆਪਣੇ ਹੀ ਦੇਸ਼ ਵਿਚ ਬੇਗਾਨਗੀ ਦਾ ਅਹਿਸਾਸ ਕਰਵਾਉਣ ’ਤੇ ਲੱਗੀਆਂ ਹਨ। ਪ੍ਰੋ. ਬਡੂੰਗਰ ਨੇ ਕਿਹਾ ਕਿ ਕੇਂਦਰੀ ਹਕੂਮਤੀ ਸਰਕਾਰ ਦੇ ਇਸ਼ਾਰੇ ’ਤੇ ਭਾਰਤੀ ਫੌਜਾਂ ਵੱਲੋਂ ਕੀਤਾ ਗਿਆ ਹਮਲਾ ਸਿੱਖਾਂ ਦੀ ਨਸਲਕੁਸ਼ੀ ਕਰਨ ਵਾਲਾ ਕਦਮ ਸੀ। ਇਸ ਮੌਕੇ ਅੰਤਿ੍ਰੰਗ ਕਮੇਟੀ ਮੈਂਬਰ ਜਥੇਦਾਰ ਜਸਮੇਰ ਸਿੰਘ ਲਾਛਡੂ, ਜਥੇਦਾਰ ਜਰਨੈਲ ਸਿੰਘ ਕਰਤਾਰਪੁਰ ਅਤੇ ਜਥੇਦਾਰ ਸਤਵਿੰਦਰ ਸਿੰਘ ਟੌਹੜਾ ਨੇ ਵੀ ਜੂਨ 1984 ਘੱਲੂਘਾਰੇ ਦੀ ਸਾਲਾਨਾ ਵਰੇਗੰਢ ਮੌਕੇ ਕਿਹਾ ਕਿ ਧਰਮ ਦੀ ਰੱਖਿਆ ਕਰਦਿਆਂ ਸੰਘਰਸ਼ੀ ਯੋਧਿਆਂ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ, ਭਾਈ ਸ਼ੁਬੇਗ ਸਿੰਘ ਅਤੇ ਭਾਈ ਅਮਰੀਕ ਸਿੰਘ ਸਮੇਤ ਅਨੇਕਾਂ ਹੀ ਸਿੰਘਾਂ ਨੇ ਭਾਰਤੀ ਫੌਜਾਂ ਨੂੰ ਮੂੰਹ ਤੋੜਵਾਂ ਜਵਾਬ ਦਿੰਦਿਆਂ ਸ਼ਹੀਦੀਆਂ ਪ੍ਰਾਪਤ ਕੀਤੀਆਂ ਅਤੇ ਸਬਕ ਸਿਖਾਇਆ ਕਿ ਸਿੱਖ ਕੌਮ ਕਦੇ ਵੀ ਅਜਿਹੇ ਹਮਲਿਆਂ ਨੂੰ ਬਰਦਾਸ਼ਤ ਨਹੀਂ ਕਰੇਗੀ। ਸ੍ਰੀ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕਰਨ ਲਈ ਭਾਰਤ ਸਰਕਾਰ ਵੱਲੋਂ ਕੀਤਾ ਗਿਆ ਹਮਲਾ ਸੋਚੀ ਸਮਝੀ ਸਾਜਿਸ਼ ਸੀ, ਜਿਸ ਨੂੰ ਕੌਮ ਕਦੇ ਵੀ ਭੁਲਾ ਨਹੀਂ ਸਕਦੀ। ਉਨ੍ਹਾਂ ਕਿਹਾ ਕਿ ਜੂਨ 1984 ਸਿੱਖ ਕੌਮ ਨੂੰ ਦਿੱਤਾ ਗਿਆ ਅਜਿਹਾ ਦਰਦ ਹੈ, ਜਿਸ ਦੀ ਚੀਸ ਰਹਿੰਦੀ ਦੁਨੀਆ ਤੱਕ ਪੈਂਦੀ ਰਹੇਗੀ। ਉਨ੍ਹਾਂ ਕਿਹਾ ਕਿ ਅਜਿਹੇ ਦੁਖਾਂਤ ਅਤੇ ਘਟਨਾਵਾਂ ਪ੍ਰਤੀ ਕੌਮ ਨੂੰ ਸੁਚੇਤ ਰਹਿਣ ਦੀ ਲੋੜ ਹੈ।
ਅਰਦਾਸ ਸਮਾਗਮ ਦੌਰਾਨ ਸ਼ੋ੍ਰਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਲਖਵੀਰ ਸਿੰਘ ਲੌਟ, ਜੋਗਿੰਦਰ ਸਿੰਘ ਪੰਛੀ, ਗੁਰਦੁਆਰਾ ਪ੍ਰਬੰਧਕ ਮੈਨੇਜਰ ਕਰਨੈਲ ਸਿੰਘ ਵਿਰਕ, ਮੀਤ ਮੈਨੇਜਰ ਜਰਨੈਲ ਸਿੰਘ ਮਕਰੌੜ ਸਾਹਿਬ, ਮਨਦੀਪ ਸਿੰਘ ਭਲਵਾਨ, ਸੁਪਰਵਈਜ਼ਰ ਜੋਗਾ ਸਿੰਘ, ਸਾਬਕਾ ਮੈਨੇਜਰ ਅਜਾਇਬ ਸਿੰਘ, ਕਮਲਜੀਤ ਸਿੰਘ ਜੋਗੀਪੁਰ, ਸਾਬਕਾ ਸਕੱਤਰ ਗੁਰਦਰਸ਼ਨ ਸਿੰਘ ਤੋਂ ਇਲਾਵਾ ਅਕਾਊਟੈਂਟ ਵਰਿੰਦਰ ਸਿੰਘ ਗੋਲਡੀ, ਸਰਬਜੀਤ ਸਿੰਘ, ਹਰਵਿੰਦਰ ਸਿੰਘ ਕਾਹਲਵਾਂ, ਭਾਈ ਹਜੂਰ ਸਿੰਘ ਅਤੇ ਸ਼ੋ੍ਰਮਣੀ ਕਮੇਟੀ ਅਧਿਕਾਰੀ, ਸਟਾਫ ਮੈਂਬਰ ਅਤੇ ਵੱਡੀ ਗਿਣਤੀ ਵਿਚ ਸੰਗਤਾਂ ਆਦਿ ਹਾਜ਼ਰ ਸਨ।
(ਡੱਬੀ)
ਗੁਰਦੁਆਰਾ ਸਾਹਿਬ ਮੱਸਿਆ ਦੇ ਦਿਹਾੜੇ ਮੌਕੇ ਕਰਵਾਇਆ ਅੰਮਿ੍ਰਤ ਸੰਚਾਰ
ਪੰਜ ਪਿਆਰਿਆਂ ਪਾਸੋਂ 42 ਪ੍ਰਾਣੀਆਂ ਨੇ ਲਈ ਖੰਡੇ ਬਾਟੇ ਦੀ ਪਾਹੁਲ
ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਵਿਖੇ ਮੱਸਿਆ ਦੇ ਪਵਿੱਤਰ ਦਿਹਾੜੇ ਮੌਕੇ ਦੀਵਾਨ ਹਾਲ ਵਿਖੇ ਅੰਮਿ੍ਰਤ ਸੰਚਾਰ ਕਰਵਾਇਆ ਗਿਆ। ਇਸ ਦੌਰਾਨ ਪੰਜ ਪਿਆਰਿਆਂ ਪਾਸੋਂ 42 ਦੇ ਕਰੀਬ ਪ੍ਰਾਣੀਆਂ ਨੇ ਖੰਡੇ ਬਾਟੇ ਦੀ ਪਾਹੁਲ ਪ੍ਰਾਪਤ ਕੀਤੀ। ਅੰਮਿ੍ਰਤ ਦੀ ਦਾਤ ਪ੍ਰਾਪਤ ਕਰਨ ਵਾਲਿਆਂ ਵਿਚ ਬੱਚਿਆਂ, ਮਹਿਲਾਵਾਂ, ਨੌਜਵਾਨਾਂ ਅਤੇ ਬਜ਼ੁਰਗ ਆਦਿ ਸ਼ਾਮਲ ਸਨ। ਪੰਜ ਪਿਆਰਿਆਂ ਨੇ ਅੰਮਿ੍ਰਤ ਦੀ ਦਾਤ ਹਾਸਲ ਕਰਨ ਵਾਲਿਆਂ ਨੂੰ ਗੁਰੂ ਆਸ਼ੇ ਅਨੁਸਾਰ ਜੀਵਨ ਬਤੀਤ ਕਰਨ ਦੀ ਪ੍ਰੇਰਨਾ ਦਿੱਤੀ।
