ਨਾਜਾਇਜ਼ ਸਬੰਧਾਂ ’ਚ ਅੜਿੱਕਾ ਬਣਨ ਤੇ ਪਤਨੀ ਦਾ ਕਰ ਦਿੱਤਾ ਕਤਲ

ਦੁਆਰਾ: Punjab Bani ਪ੍ਰਕਾਸ਼ਿਤ :Wednesday, 05 June, 2024, 07:39 PM

ਨਾਜਾਇਜ਼ ਸਬੰਧਾਂ ’ਚ ਅੜਿੱਕਾ ਬਣਨ ਤੇ ਪਤਨੀ ਦਾ ਕਰ ਦਿੱਤਾ ਕਤਲ
ਪਤੀ ਸਮੇਤ ਦੋ ਜਣਿਆਂ ਖਿਲਾਫ਼ ਕੀਤਾ ਕੇਸ ਦਰਜ
ਕੋਟਕਪੂਰਾ, ਜੂਨ () : ਕੋਟਕਪੁਰਾ ਦੇ ਪਿੰਡ ਮੱਤਾ ਵਿਖੇ ਵਿਆਹੁਤਾ ਦੀ ਲਾਸ਼ ਮਿਲਣ ਦਾ ਮਾਮਲਾ ਕਤਲ ਦਾ ਨਿਕਲਿਆ ਹੈ। ਬੀਤੇ ਕੱਲ ਪੁਲਿਸ ਨੇ ਵਿਆਹੁਤਾ ਪਰਮਜੀਤ ਕੌਰ ਦੀ ਲਾਸ਼ ਹਸਪਤਾਲ ਦੀ ਮੋਰਚਰੀ ਵਿੱਚ ਰੱਖ ਕੇ ਆਖਿਆ ਸੀ ਕਿ ਪੋਸਟ ਮਾਰਟਮ ਦੀ ਰਿਪੋਰਟ ਆਉਣ ਉਪਰੰਤ ਹੀ ਅਸਲੀਅਤ ਸਾਹਮਣੇ ਆਵੇਗੀ। ਪਰ ਮ੍ਰਿਤਕਾ ਦੇ ਭਰਾ ਗੁਰਤੇਜ ਸਿੰਘ ਪੁੱਤਰ ਮੋਦਨ ਸਿੰਘ ਵਾਸੀ ਗੋਬਿੰਦਸਰ ਬਸਤੀ ਫਰੀਦਕੋਟ ਦੇ ਪੁਲਿਸ ਨੂੰ ਦਿੱਤੇ ਬਿਆਨ ਵਿੱਚ ਅਹਿਮ ਪ੍ਰਗਟਾਵੇ ਹੋਏ ਹਨ। ਇਸ ਕਰ ਕੇ ਪੁਲਿਸ ਨੇ ਮ੍ਰਿਤਕਾ ਦੇ ਪਤੀ ਸਮੇਤ ਦੋ ਜਣਿਆਂ ਖਿਲਾਫ ਮਾਮਲਾ ਦਰਜ ਕੀਤਾ ਹੈ। ਸ਼ਿਕਾਇਤਕਰਤਾ ਮੁਤਾਬਿਕ ਉਸ ਦੀ ਭੈਣ ਪਰਮਜੀਤ ਕੌਰ ਦਾ ਵਿਆਹ ਬਲਵੰਤ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਪਿੰਡ ਮੱਤਾ ਨਾਲ ਹੋਇਆ ਸੀ ਪਰ ਬਲਵੰਤ ਸਿੰਘ ਦੇ ਕਥਿਤ ਤੌਰ ’ਤੇ ਆਪਣੀ ਭਰਜਾਈ ਨਾਲ ਨਾਜਾਇਜ਼ ਸਬੰਧ ਸਨ। ਇਸ ਕਰ ਕੇ ਬਲਵੰਤ ਸਿੰਘ ਅਕਸਰ ਪਰਮਜੀਤ ਨਾਲ ਝਗੜਾ ਕਰਦਾ ਰਹਿੰਦਾ ਸੀ। ਇਸ ਸਬੰਧੀ ਕਈ ਵਾਰ ਪੰਚਾਇਤ ਇਕੱਠੀ ਹੋਈ ਅਤੇ ਦੋਵਾਂ ਦਾ ਰਾਜ਼ੀਨਾਮਾ ਵੀ ਕਰਵਾਇਆ ਗਿਆ ਪਰ ਬੀਤੀ ਦੋ ਜੂਨ ਨੂੰ ਫੋਨ ਰਾਹੀਂ ਉਸ ਨੂੰ ਪਤਾ ਲੱਗਾ ਕਿ ਪਰਮਜੀਤ ਕੌਰ ਦੀ ਮੌਤ ਹੋ ਗਈ ਹੈ। ਜਦੋਂ ਉਸ ਨੇ ਆਪਣੀ ਭੈਣ ਦੇ ਸਹੁਰੇ ਘਰ ਪਿੰਡ ਮੱਤਾ ਵਿਖੇ ਆ ਕੇ ਪੜਤਾਲ ਕੀਤੀ ਤਾਂ ਪਤਾ ਲੱਗਾ ਕਿ ਇਹ ਕਤਲ ਬਲਵੰਤ ਸਿੰਘ ਨੇ ਹੀ ਕੀਤਾ ਹੈ। ਥਾਣਾ ਮੁਖੀ ਇੰਸ ਗੁਰਮੇਹਰ ਸਿੰਘ ਸਿੱਧੂ ਮੁਤਾਬਿਕ ਸ਼ਿਕਾਇਤ ਕਰਤਾ ਦੇ ਬਿਆਨਾ ਦੇ ਆਧਾਰ ’ਤੇ ਬਲਵੰਤ ਸਿੰਘ ਅਤੇ ਉਸ ਦੀ ਭਰਜਾਈ ਖਿਲਾਫ਼ ਦਰਜ ਕਰ ਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।