ਪੰਜਾਬੀ ਯੂਨੀਵਰਸਿਟੀ ਦੇ ਐੱਨ. ਐੱਸ. ਐੱਸ. ਵਿਭਾਗ ਦੇ ਈਕੋ ਕਲੱਬ ਨੇ ਫਲੌਲੀ ਪਿੰਡ ਵਿੱਚ ਵਿਸ਼ਵ ਵਾਤਾਵਰਣ ਦਿਵਸ ਸੰਬੰਧੀ ਜਾਗਰੂਕਤਾ ਰੈਲੀ ਕੱਢੀ
ਪੰਜਾਬੀ ਯੂਨੀਵਰਸਿਟੀ ਦੇ ਐੱਨ. ਐੱਸ. ਐੱਸ. ਵਿਭਾਗ ਦੇ ਈਕੋ ਕਲੱਬ ਨੇ ਫਲੌਲੀ ਪਿੰਡ ਵਿੱਚ ਵਿਸ਼ਵ ਵਾਤਾਵਰਣ ਦਿਵਸ ਸੰਬੰਧੀ ਜਾਗਰੂਕਤਾ ਰੈਲੀ ਕੱਢੀ
ਪਟਿਆਲਾ, 7 ਜੂਨ
ਪੰਜਾਬੀ ਯੂਨੀਵਰਸਿਟੀ ਦੇ ਐੱਨ. ਐੱਸ. ਐੱਸ. ਵਿਭਾਗ ਦੇ ਈਕੋ ਕਲੱਬ ਵੱਲੋਂ ਅਰਬਨ ਫੁੱਟਬਾਲ ਕਲੱਬ ਚਿਨਾਰ ਬਾਗ ਪਟਿਆਲਾ ਦੇ ਸਹਿਯੋਗ ਨਾਲ਼ ਵਿਸ਼ਵ ਵਾਤਾਵਰਣ ਦਿਵਸ ਮਨਾਇਆ ਗਿਆ। ਇਸ ਤਹਿਤ ਪਿੰਡ ਫਲੌਲੀ ਵਿਖੇ ਜਾਗਰੂਕਤਾ ਰੈਲੀ ਕੱਢੀ ਗਈ ਜਿਸ ਵਿੱਚ ਯੂਨੀਵਰਸਿਟੀ ਦੇ ਈਕੋ ਕਲੱਬ ਦੇ ਨੋਡਲ ਅਫ਼ਸਰ ਅਤੇ ਐੱਨ. ਐੱਸ. ਐੱਸ. ਪ੍ਰੋਗਰਾਮ ਅਫਸਰ ਡਾ. ਲਖਵੀਰ, ਡਾ. ਸੰਦੀਪ, ਡਾ. ਸਿਮਰਨਜੀਤ ਅਤੇ ਡਾ. ਅਭਿਨਵ ਭੰਡਾਰੀ ਦੀ ਅਗਵਾਈ ਵਿੱਚ ਈਕੋ ਕਲੱਬ ਦੇ ਮੈਂਬਰਾਂ ਅਤੇ ਐੱਨ. ਐੱਸ. ਐੱਸ. ਵਲੰਟੀਅਰਾਂ ਤੋਂ ਇਲਾਵਾ ਅਰਬਨ ਕਲੱਬ ਦੇ ਲਗਭਗ 100 ਤੋਂ ਵੱਧ ਛੋਟੇ ਬੱਚਿਆਂ ਨੇ ਪਿੰਡ ਵਿਚ ਵਾਤਾਵਰਣ ਨੂੰ ਬਚਾਉਣ ਦਾ ਹੋਕਾ ਦਿੱਤਾ। ਇਸ ਰੈਲੀ ਵਿੱਚ ਛੋਟੇ ਬੱਚਿਆਂ ਨੂੰ ਸ਼ਾਮਲ ਕਰਨ ਦਾ ਮੰਤਵ ਛੋਟੀ ਉਮਰ ਤੋਂ ਹੀ ਬੱਚਿਆਂ ਨੂੰ ਜਾਗਰੂਕ ਕਰਨਾ ਸੀ ਤਾਂ ਜੋ ਉਹ ਵਾਤਾਵਰਣ ਦੀ ਸਾਂਭ ਸੰਭਾਲ ਲਈ ਸੰਵੇਦਨਸ਼ੀਲ ਹੋ ਸਕਣ ਅਤੇ ਇਸ ਨੂੰ ਜੀਵਨ ਸ਼ੈਲੀ ਦਾ ਹਿੱਸਾ ਬਣਾ ਸਕਣ। ਬੱਚਿਆਂ ਨੇ ਇਸ ਰੈਲੀ ਵਿੱਚ ਹਿੱਸਾ ਲੈਂਦੇ ਹੋਏ ਜਿੱਥੇ ਆਪਣੇ ਆਪ ਨੂੰ ਵਾਤਾਵਰਣ ਨਾਲ ਜੋੜਨ ਲਈ ਉਤਸ਼ਾਹ ਦਿਖਾਇਆ ਉੱਥੇ ਨਾਲ ਹੀ ਉਸੇ ਉਤਸ਼ਾਹ ਨਾਲ ਪਿੰਡ ਵਾਸੀਆਂ ਨੂੰ ਵੀ ਪ੍ਰੇਰਿਤ ਕੀਤਾ। ਇਸੇ ਵਿਸ਼ਵ ਵਾਤਾਵਰਣ ਦਿਵਸ ਦੀ ਲੜੀ ਤਹਿਤ ਯੂਨੀਵਰਸਿਟੀ ਦੇ ਈਕੋ ਕਲੱਬ ਨੋਡਲ ਅਫ਼ਸਰ ਅਤੇ ਪ੍ਰੋਗਰਾਮ ਅਫਸਰ ਸੰਦੀਪ ਸਿੰਘ ਵਲੋਂ ਸਵੇਰੇ ਪੰਜ ਕਿਲੋਮੀਟਰ ਦੌੜ ਲਗਾ ਕੇ ਰੁੱਖਾਂ ਦੀ ਮਹਤਤਾ ਦਾ ਸੁਨੇਹਾ ਲੋਕਾਂ ਤੱਕ ਪਹੁੰਚਾਇਆ ਗਿਆ । ਪ੍ਰੋਗਰਾਮ ਕੋਆਡੀਨੇਟਰ ਪ੍ਰੋ.ਮਮਤਾ ਸ਼ਰਮਾ ਨੇ ਇਸ ਰੈਲੀ ਰਾਹੀਂ ਬੱਚਿਆਂ ਤੱਕ ਵਾਤਾਵਰਣ ਪ੍ਰਤੀ ਸੁਹਿਰਦ ਰਹਿਣ ਦਾ ਸੁਨੇਹਾ ਦੇਣ ਲਈ ਸਾਰਿਆਂ ਦਾ ਧੰਨਵਾਦ ਕੀਤਾ।