ਖਰਚਾ ਅਬਜ਼ਰਵਰ ਅਮਿਤ ਸੰਜੇ ਗੁਰਵ ਵੱਲੋਂ ਵੱਖ-ਵੱਖ ਥਾਵਾਂ ‘ਤੇ ਸਟੈਟਿਕ ਸਰਵੇਲੈਂਸ ਟੀਮਾਂ ਦੀ ਕਾਰਜਪ੍ਰਣਾਲੀ ਦਾ ਜਾਇਜ਼ਾ

ਖਰਚਾ ਅਬਜ਼ਰਵਰ ਅਮਿਤ ਸੰਜੇ ਗੁਰਵ ਵੱਲੋਂ ਵੱਖ-ਵੱਖ ਥਾਵਾਂ ‘ਤੇ ਸਟੈਟਿਕ ਸਰਵੇਲੈਂਸ ਟੀਮਾਂ ਦੀ ਕਾਰਜਪ੍ਰਣਾਲੀ ਦਾ ਜਾਇਜ਼ਾ
ਖਰਚਾ ਅਬਜ਼ਰਵਰ ਵੱਲੋਂ ਮੂਣਕ ਸਥਿਤ ਡਿਸਟਿਲਰੀ ਦਾ ਵੀ ਅਚਨਚੇਤ ਨਿਰੀਖਣ, ਸਟਾਕ ਰਜਿਸਟਰ ਦੀ ਵੀ ਕੀਤੀ ਪੜਤਾਲ
ਲਹਿਰਾ/ਮੂਣਕ/ਸੰਗਰੂਰ, 22 ਮਈ:
ਭਾਰਤੀ ਚੋਣ ਕਮਿਸ਼ਨ ਵੱਲੋਂ ਤਾਇਨਾਤ ਖਰਚਾ ਅਬਜ਼ਰਵਰ ਅਮਿਤ ਸੰਜੇ ਗੁਰਵ (ਆਈ.ਆਰ.ਐਸ.) ਵੱਲੋਂ ਲੋਕ ਸਭਾ ਹਲਕਾ ਸੰਗਰੂਰ ਅਧੀਨ ਵੱਖ-ਵੱਖ ਵਿਧਾਨ ਸਭਾ ਸੈਗਮੈਂਟਾਂ ਵਿਚ ਲਗਾਏ ਗਏ ਸਟੈਟਿਕ ਸਰਵੇਲੇਂਸ (ਐਸ.ਐਸ.) ਟੀਮਾਂ ਦੀ ਕਾਰਜਪ੍ਰਣਾਲੀ ਦਾ ਨਿਰੀਖਣ ਕਰਨ ਦੀ ਪ੍ਰਕਿਰਿਆ ਜਾਰੀ ਹੈ। ਇਸ ਲੜੀ ਦੇ ਤਹਿਤ ਅੱਜ ਉਹਨਾਂ ਵੱਲੋਂ ਲਹਿਰਾ ਅਤੇ ਮੂਣਕ ਵਿਖੇ ਤਾਇਨਾਤ ਐਸ.ਐਸ. ਟੀਮਾਂ ਦਾ ਜਾਇਜ਼ਾ ਲਿਆ ਗਿਆ ਅਤੇ ਉੱਥੇ ਤਾਇਨਾਤ ਸਟਾਫ ਨੂੰ ਹਦਾਇਤ ਕੀਤੀ ਕਿ ਆਦਰਸ਼ ਚੋਣ ਜ਼ਾਬਤਾ ਲਾਗੂ ਰਹਿਣ ਤੱਕ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਯਕੀਨੀ ਬਣਾਈ ਜਾਵੇ। ਇਸਦੇ ਨਾਲ ਹੀ ਖਰਚਾ ਅਬਜ਼ਰਵਰ ਵੱਲੋਂ ਮੂਣਕ ਸਥਿਤ ਮੂਣਕ ਡਿਸਟਿਲਰਜ਼ ਅਤੇ ਬਾਟਲਿੰਗ ਪਲਾਂਟ ਦਾ ਵੀ ਅਚਨਚੇਤ ਨਿਰੀਖਣ ਕੀਤਾ ਗਿਆ।
ਉਨ੍ਹਾਂ ਐਸ.ਐਸ. ਟੀਮਾਂ ਵਿੱਚ ਤਾਇਨਾਤ ਅਮਲੇ ਨੂੰ ਹਦਾਇਤ ਕੀਤੀ ਕਿ ਭਾਰਤੀ ਚੋਣ ਕਮਿਸ਼ਨ ਵੱਲੋਂ ਪੈਸੇ, ਸ਼ਰਾਬ ਆਦਿ ਦੀ ਵੰਡ ਨੂੰ ਰੋਕਣ ਸਬੰਧੀ ਸਮੇਂ-ਸਮੇਂ ਤੇ ਜਾਰੀ ਕੀਤੀਆਂ ਹਦਾਇਤਾਂ ਦੀ ਇੰਨ ਬਿੰਨ ਪਾਲਣਾ ਨੂੰ ਯਕੀਨੀ ਬਣਾਇਆ ਜਾਵੇ।
ਖਰਚਾ ਅਬਜ਼ਰਵਰ ਵੱਲੋਂ ਮੂਣਕ ਸਥਿਤ ਡਿਸਟਿਲਰੀ ਦੇ ਨਿਰੀਖਣ ਦੌਰਾਨ ਪਲਾਂਟ ਵਿੱਚ ਉਪਲਬਧ ਸਟਾਕ ਦਾ ਜਾਇਜ਼ਾ ਲਿਆ ਅਤੇ ਰਜਿਸਟਰ ਵਿੱਚ ਕੀਤੀਆਂ ਜਾ ਰਹੀਆਂ ਐਂਟਰੀਆਂ ਦੀ ਚੈਕਿੰਗ ਕੀਤੀ ਗਈ। ਉਹਨਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਉਹ ਗੁਦਾਮਾਂ ਦੀ ਚੈਕਿੰਗ ਵੀ ਕਰਨਗੇ ਤਾਂ ਜੋ ਗੈਰ ਕਾਨੂੰਨੀ ਤੌਰ ‘ਤੇ ਹੋਣ ਵਾਲੀ ਸ਼ਰਾਬ ਦੀ ਤਸਕਰੀ ਜਾਂ ਭੰਡਾਰ ਨੂੰ ਪੂਰਨ ਤੌਰ ‘ਤੇ ਠੱਲ੍ਹ ਪਾਈ ਜਾ ਸਕੇ।
ਇਸ ਮੌਕੇ ਈਟੀਓ ਅਰਪਿੰਦਰ ਕੌਰ ਰੰਧਾਵਾ, ਐਕਸਾਈਜ਼ ਇੰਸਪੈਕਟਰ ਮਨਦੀਪ ਸਿੰਘ ਅਤੇ ਖਰਚਾ ਅਬਜਰਵਰ ਦੇ ਤਾਲਮੇਲ ਅਧਿਕਾਰੀ ਗਗਨਦੀਪ ਮਿੱਤਲ ਵੀ ਹਾਜ਼ਰ ਸਨ।
