ਪ੍ਰਧਾਨ ਮੰਤਰੀ ਜੀਰਕਪੁਰ ਵਿੱਚ ਅੰਤਰਰਾਸ਼ਟਰੀ ਵਿੱਤੀ ਕੇਂਦਰ ਸਥਾਪਤ ਕਰਨਗੇ- ਪ੍ਰਨੀਤ ਕੌਰ
ਪ੍ਰਧਾਨ ਮੰਤਰੀ ਜੀਰਕਪੁਰ ਵਿੱਚ ਅੰਤਰਰਾਸ਼ਟਰੀ ਵਿੱਤੀ ਕੇਂਦਰ ਸਥਾਪਤ ਕਰਨਗੇ- ਪ੍ਰਨੀਤ ਕੌਰ
ਪਟਿਆਲਾ 27 ਮਈ
ਪਟਿਆਲਾ ਲੋਕ ਸਭਾ ਸੀਟ ਤੋਂ ਭਾਜਪਾ ਉਮੀਦਵਾਰ ਪ੍ਰਨੀਤ ਕੌਰ ਲਈ ਚੋਣ ਪ੍ਰਚਾਰ ਕਰਨ ਲਈ ਪਟਿਆਲਾ ਵਿੱਚ ਫਤਿਹ ਰੈਲੀ ਦੌਰਾਨ ਪੰਜਾਬ ਦੇ ਵਿਕਾਸ ਦਾ ਵਾਅਦਾ ਕਰਨ ਵਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜ਼ੀਰਕਪੁਰ ਵਿੱਚ ਅੰਤਰਰਾਸ਼ਟਰੀ ਵਿੱਤੀ ਕੇਂਦਰ ਦੀ ਸਥਾਪਨਾ ਕਰਕੇ ਵਿਕਸਤ ਪੰਜਾਬ ਦੀ ਨੀਂਹ ਰੱਖਣਗੇ। ਇਹ ਜਾਣਕਾਰੀ ਭਾਜਪਾ ਆਗੂ ਪ੍ਰਨੀਤ ਕੌਰ ਨੇ ਲਾਲੜੂ, ਡੇਰਾਬੱਸੀ ਅਤੇ ਜ਼ੀਰਕਪੁਰ ਵਿੱਚ ਵੱਡੀ ਗਿਣਤੀ ਵਿੱਚ ਕੀਤੀਆਂ ਚੋਣ ਰੈਲੀਆਂ ਵਿੱਚ ਸ਼ਾਮਲ ਹੋਏ ਲੋਕਾਂ ਨੂੰ ਸੰਬੋਧਨ ਕਰਦਿਆਂ ਦਿੱਤੀ।
ਇੰਟਰਨੈਸ਼ਨਲ ਫਾਈਨੈਂਸ਼ੀਅਲ ਸੈਂਟਰ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੰਦੇ ਹੋਏ ਭਾਜਪਾ ਆਗੂ ਪ੍ਰਨੀਤ ਕੌਰ ਨੇ ਦੱਸਿਆ ਕਿ ਇੰਟਰਨੈਸ਼ਨਲ ਫਾਈਨੈਂਸ਼ੀਅਲ ਸੈਂਟਰ ਘੱਟ ਲੈਣ-ਦੇਣ ਦੀ ਲਾਗਤ, ਰਜਿਸਟਰਾਂ ਤੱਕ ਆਸਾਨ ਪਹੁੰਚ, ਯੋਗ ਮੈਨ ਪਾਵਰ, ਸਿਆਸੀ ਸਥਿਰਤਾ ਅਤੇ ਗਤੀਸ਼ੀਲ ਕਾਰੋਬਾਰ ਇੱਕੋ ਥਾਂ ‘ਤੇ ਮੁਹੱਈਆ ਕਰਵਾਏਗਾ। ਉਨ੍ਹਾਂ ਕਿਹਾ ਕਿ ਇਹ ਕੇਂਦਰ ਭਾਰਤੀ ਅਰਥਵਿਵਸਥਾ ਦੀਆਂ ਲੋੜਾਂ ‘ਤੇ ਧਿਆਨ ਕੇਂਦਰਿਤ ਕਰਨ ਦੇ ਨਾਲ-ਨਾਲ ਪੂਰੇ ਖੇਤਰ ਅਤੇ ਵਿਸ਼ਵ ਅਰਥਚਾਰੇ ਲਈ ਅੰਤਰਰਾਸ਼ਟਰੀ ਵਿੱਤੀ ਪਲੇਟਫਾਰਮ ਵਜੋਂ ਕੰਮ ਕਰੇਗਾ। ਪ੍ਰਨੀਤ ਕੌਰ ਨੇ ਹੋਰ ਵੀ ਸਰਲ ਸ਼ਬਦਾਂ ਵਿੱਚ ਦੱਸਦਿਆਂ ਕਿਹਾ ਕਿ ਇੰਟਰਨੈਸ਼ਨਲ ਫਾਈਨੈਂਸ਼ੀਅਲ ਸੈਂਟਰ ਰਾਹੀਂ ਪੰਜਾਬ ਦੀਆਂ ਛੋਟੀਆਂ ਸਨਅਤਾਂ ਵੀ ਦੂਜੇ ਦੇਸ਼ਾਂ ਨਾਲ ਕਾਰੋਬਾਰ ਕਰ ਸਕਣਗੀਆਂ। ਇਸ ਕਾਰੋਬਾਰ ਨੂੰ ਵਧਣ-ਫੁੱਲਣ ਲਈ ਇੰਟਰਨੈਸ਼ਨਲ ਫਾਈਨੈਂਸ਼ੀਅਲ ਸੈਂਟਰ ਹਰ ਪਹਿਲੂ ਤੋਂ ਕਾਰੋਬਾਰੀ ਦੀ ਮਦਦ ਕਰੇਗਾ ਅਤੇ ਕਾਰੋਬਾਰੀ ਨੂੰ ਹਰ ਤਰ੍ਹਾਂ ਦੇ ਜੋਖਮ ਤੋਂ ਵੀ ਬਚਾਏਗਾ। ਪਟਿਆਲਾ ਜ਼ਿਲ੍ਹੇ ਵਿੱਚ ਇਸ ਵੇਲੇ ਸਭ ਤੋਂ ਵੱਧ ਉਦਯੋਗ ਰਾਜਪੁਰਾ ਅਤੇ ਨਾਭਾ ਵਿੱਚ ਵਿਕਸਤ ਹੋ ਚੁੱਕੇ ਹਨ ਅਤੇ ਜ਼ੀਰਕਪੁਰ ਦਾ ਅੰਤਰਰਾਸ਼ਟਰੀ ਵਿੱਤੀ ਕੇਂਦਰ ਇਨ੍ਹਾਂ ਨੂੰ ਅੰਤਰਰਾਸ਼ਟਰੀ ਪੱਧਰ ਤੱਕ ਲਿਜਾਣ ਵਿੱਚ ਅਹਿਮ ਭੂਮਿਕਾ ਨਿਭਾਏਗਾ।
ਚੋਣ ਜਨਸਭਾ ਦੌਰਾਨ ਭਾਜਪਾ ਆਗੂ ਪ੍ਰਨੀਤ ਕੌਰ ਨੇ ਕਿਹਾ ਕਿ 2014 ਵਿੱਚ ਭਾਰਤ ਦੇ ਲੋਕਾਂ ਨੇ ਨਰਿੰਦਰ ਮੋਦੀ ਨੂੰ ਇੱਕ ਉਮੀਦਾਂ ਨਾਲ ਵੋਟਾਂ ਪਾਈਆਂ, 2019 ਵਿੱਚ ਦੇਸ਼ ਨੇ ਮੋਦੀ ‘ਤੇ ਭਰੋਸਾ ਕਰਕੇ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਬਣਾਇਆ ਅਤੇ ਹੁਣ ਭਾਰਤ ਦੇ ਲੋਕਾਂ ਨੇ ਤੀਸਰੀ ਬਾਰ ਮੋਦੀ ਨੂੰ ਉਹਨਾਂ ਦੀ ਗਾਰੰਟੀ ਦੇ ਆਧਾਰ ‘ਤੇ ਪ੍ਰਧਾਨ ਮੰਤਰੀ ਬਣਾਉਣ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਕਸਿਤ ਦੇ ਭਾਰਤ ਲਈ ਦਿੱਤੇ ਭਰੋਸੇ ਦੇ ਆਧਾਰ ‘ਤੇ ਉਨ੍ਹਾਂ ਪਟਿਆਲਾ ਨੂੰ 9 ਗਾਰੰਟੀਆਂ ਦਿੱਤੀਆਂ ਹਨ। ਇਨ੍ਹਾਂ ਗਰੰਟੀਆਂ ਵਿੱਚੋਂ ਉਨ੍ਹਾਂ ਨੇ ਇੱਕ ਖੁਸ਼ਹਾਲ ਪਟਿਆਲਾ ਦੀ ਗਰੰਟੀ ਬਾਰੇ ਚਰਚਾ ਕੀਤੀ। ਪ੍ਰਨੀਤ ਕੌਰ ਨੇ ਕਿਹਾ ਕਿ ਅਸੀਂ ਪਟਿਆਲਾ ਦੇ ਵਿਕਾਸ ਲਈ ਵਿਸ਼ੇਸ਼ ਆਰਥਿਕ ਪੈਕੇਜ ਲਿਆਵਾਂਗੇ, ਪਟਿਆਲਾ ਰੇਲਵੇ ਸਟੇਸ਼ਨ ਨੂੰ ਵਿਸ਼ਵ ਪੱਧਰੀ ਸਟੇਸ਼ਨ ਬਣਾਇਆ ਜਾਵੇਗਾ, ਜ਼ੀਰਕਪੁਰ ਵਿੱਚ ਅੰਤਰਰਾਸ਼ਟਰੀ ਵਿੱਤੀ ਕੇਂਦਰ ਸਥਾਪਤ ਕਰਨਾ ਪਹਿਲ ਹੋਵੇਗੀ, ਰਾਜਪੁਰਾ ਨੂੰ ਪੰਜਾਬ ਦਾ ਮੁੱਖ ਉਦਯੋਗਿਕ ਕੇਂਦਰ ਬਣਾਇਆ ਜਾਵੇਗਾ, ਪਟਿਆਲਾ ਦੀ ਵਿਰਾਸਤ ਨੂੰ ਵਿਸ਼ਵ ਪੱਧਰ ‘ਤੇ ਲੈ ਕੇ ਜਾਵਾਂਗੇ, ਅਸੀਂ ਹਰ ਪਿੰਡ ਤੱਕ ਸੜਕ ਸੰਪਰਕ ਯਕੀਨੀ ਬਣਾਵਾਂਗੇ ਅਤੇ ਸ਼ਹਿਰਾਂ ਨੂੰ ਕੂੜੇ ਤੋਂ ਪੂਰੀ ਤਰ੍ਹਾਂ ਮੁਕਤ ਕਰਾਂਗੇ। ਪ੍ਰਨੀਤ ਕੌਰ ਨੇ ਯਾਦ ਦਿਵਾਇਆ ਕਿ ਜਿਸ ਤਰ੍ਹਾਂ ਰੇਲਵੇ ਤੋਂ ਉਹਨਾਂ ਪੰਜ ਨਵੇਂ ਰੂਟ ਲੈ ਕੇ ਪਟਿਆਲਾ ਦਾ ਕਾਰੋਬਾਰ ਵਧਿਆ ਹੈ, ਉਸੇ ਤਰ੍ਹਾਂ ਜ਼ੀਰਕਪੁਰ ਅਤੇ ਡੇਰਾਬੱਸੀ ਵਿੱਚ ਬਣਾਏ ਫਲਾਈਓਵਰਾਂ ਨੇ ਇਲਾਕੇ ਦੇ ਲੋਕਾਂ ਦੀ ਆਰਥਿਕ ਹਾਲਤ ਸੁਧਾਰਨ ਵਿੱਚ ਵੱਡੀ ਭੂਮਿਕਾ ਨਿਭਾਈ ਹੈ।