ਰਿਟਰਨਿੰਗ ਅਫ਼ਸਰ ਜਤਿੰਦਰ ਜੋਰਵਾਲ ਵੱਲੋਂ ਉਮੀਦਵਾਰਾਂ ਨੂੰ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਦੀ ਅਪੀਲ

ਦੁਆਰਾ: Punjab Bani ਪ੍ਰਕਾਸ਼ਿਤ :Sunday, 26 May, 2024, 05:59 PM

ਰਿਟਰਨਿੰਗ ਅਫ਼ਸਰ ਜਤਿੰਦਰ ਜੋਰਵਾਲ ਵੱਲੋਂ ਉਮੀਦਵਾਰਾਂ ਨੂੰ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਦੀ ਅਪੀਲ

ਉਮੀਦਵਾਰਾਂ ਨੂੰ ਚੋਣਾਂ ਤੋਂ 72 ਘੰਟੇ, 48 ਘੰਟੇ ਅਤੇ 24 ਘੰਟੇ ਪਹਿਲਾਂ ਲਾਗੂ ਹੋਣ ਵਾਲੀਆਂ ਹਦਾਇਤਾਂ ਬਾਰੇ ਕਰਵਾਇਆ ਜਾਣੂ

ਪ੍ਰਸ਼ਾਸਨ ਸਾਰੀਆਂ ਰਾਜਨੀਤਿਕ ਪਾਰਟੀਆਂ ਤੇ ਉਮੀਦਵਾਰਾਂ ਨੂੰ ਸਾਫ਼ ਸੁਥਰਾ, ਪਾਰਦਰਸ਼ੀ ਅਤੇ ਸੁਰੱਖਿਅਤ ਮਾਹੌਲ ਮੁਹੱਈਆ ਕਰਵਾਉਣ ਲਈ ਵਚਨਬੱਧ: ਜਤਿੰਦਰ ਜੋਰਵਾਲ

ਨਿਰਧਾਰਿਤ ਫਾਰਮੈਟ ਅਨੁਸਾਰ ਅਖਬਾਰਾਂ ਅਤੇ ਟੀਵੀ ਚੈਨਲ ਉਤੇ ਆਪਣੇ ਅਪਰਾਧਿਕ ਪਿਛੋਕੜ ਬਾਰੇ ਜਾਣਕਾਰੀ ਦੇਣੀ ਯਕੀਨੀ ਬਣਾਉਣ ਸਬੰਧਿਤ ਉਮੀਦਵਾਰ

ਜਨਰਲ ਆਬਜ਼ਰਵਰ ਅਤੇ ਰਿਟਰਨਿੰਗ ਅਫਸਰ ਵੱਲੋਂ ਉਮੀਦਵਾਰਾਂ ਅਤੇ ਅਧਿਕਾਰਤ ਚੋਣ ਏਜੰਟਾਂ ਨਾਲ ਮੀਟਿੰਗ

ਸੰਗਰੂਰ, 26 ਮਈ:
ਲੋਕ ਸਭਾ ਹਲਕਾ 12-ਸੰਗਰੂਰ ਦੇ ਰਿਟਰਨਿੰਗ ਅਫ਼ਸਰ ਜਤਿੰਦਰ ਜੋਰਵਾਲ ਵੱਲੋਂ ਚੋਣ ਲੜ ਰਹੇ ਉਮੀਦਵਾਰਾਂ ਅਤੇ ਉਨ੍ਹਾਂ ਦੇ ਅਧਿਕਾਰਤ ਚੋਣ ਏਜੰਟਾਂ ਨਾਲ ਮੀਟਿੰਗ ਕਰਦਿਆਂ ਭਾਰਤੀ ਚੋਣ ਕਮਿਸ਼ਨ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ। ਅੱਜ ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਜਨਰਲ ਆਬਜ਼ਰਵਰ ਦਿਨੇਸ਼ਨ ਐੱਚ ਦੀ ਮੌਜੂਦਗੀ ਵਿੱਚ ਉਨ੍ਹਾਂ ਕਿਹਾ ਕਿ
ਪ੍ਰਸ਼ਾਸਨ ਸਾਰੀਆਂ ਰਾਜਨੀਤਿਕ ਪਾਰਟੀਆਂ ਅਤੇ ਉਮੀਦਵਾਰਾਂ ਨੂੰ ਸਾਫ ਸੁਥਰਾ , ਪਾਰਦਰਸ਼ੀ ਅਤੇ ਸੁਰੱਖਿਅਤ ਮਾਹੌਲ ਮੁਹੱਈਆ ਕਰਵਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਉਮੀਦਵਾਰਾਂ ਤੋਂ ਵੀ ਅਮਨ ਕਾਨੂੰਨ ਕਾਇਮ ਰੱਖਣ ਵਾਸਤੇ ਹਰ ਪੱਖੋਂ ਸਹਿਯੋਗ ਲੋੜੀਂਦਾ ਹੈ।
ਰਿਟਰਨਿੰਗ ਅਫ਼ਸਰ ਜਤਿੰਦਰ ਜੋਰਵਾਲ ਨੇ ਕਿਹਾ ਕਿ ਜਿਹੜੇ ਉਮੀਦਵਾਰਾਂ ਵਿਰੁੱਧ ਕੇਸ ਦਰਜ ਹਨ, ਉਹ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਨਿਰਧਾਰਿਤ ਸਮੇਂ ਦੇ ਅੰਦਰ-ਅੰਦਰ ਆਪਣੇ ਉੱਪਰ ਦਰਜ ਐਫ਼.ਆਈ.ਆਰਜ਼. ਦੀ ਜਾਣਕਾਰੀ ਕਮਿਸ਼ਨ ਵੱਲੋਂ ਨਿਰਧਾਰਿਤ ਫਾਰਮੈਟ ਅਨੁਸਾਰ ਅਖ਼ਬਾਰਾਂ ਅਤੇ ਟੀ.ਵੀ. ਚੈਨਲਾਂ ਵਿੱਚ ਇਸ਼ਤਿਹਾਰ ਦੇ ਕੇ ਆਮ ਜਨਤਾ ਤੱਕ ਪਹੁੰਚਾਉਣੀ ਯਕੀਨੀ ਬਣਾਉਣ ਲਈ ਪਾਬੰਦ ਹੋਣਗੇ।
ਉਨ੍ਹਾਂ ਕਿਹਾ ਕਿ ਇਸਦੇ ਨਾਲ ਹੀ ਚੋਣ ਪ੍ਰਕਿਰਿਆ ਪੂਰੀ ਹੋਣ ਤੱਕ ਅਮਨ-ਸ਼ਾਂਤੀ ਅਤੇ ਕਾਨੂੰਨ ਵਿਵਸਥਾ ਦੀ ਸਹੀ ਸਥਿਤੀ ਬਣਾਈ ਰੱਖਣ ਲਈ ਸਮੂਹ ਉਮੀਦਵਾਰ ਪਾਬੰਦ ਰਹਿਣਗੇ ਅਤੇ ਕਿਸੇ ਵੀ ਵਿਰੋਧੀ ਉਮੀਦਵਾਰ ਵੱਲੋਂ ਕੀਤੇ ਜਾ ਰਹੇ ਚੋਣ ਪ੍ਰਚਾਰ ਵਿੱਚ ਕਿਸੇ ਵੀ ਢੰਗ ਨਾਲ ਵਿਘਨ ਨਹੀਂ ਪਾਉਣਗੇ। ਉਨ੍ਹਾਂ ਕਿਹਾ ਕਿ ਚੋਣਾਂ ਵਾਲੇ ਦਿਨ ਜਾਂ ਇਸ ਤੋਂ ਪਹਿਲਾਂ ਵੀ ਕੋਈ ਵੀ ਉਮੀਦਵਾਰ, ਵੋਟਰਾਂ ਨੂੰ ਲੁਭਾਉਣ ਲਈ ਕੋਈ ਵੀ ਲਾਲਚ ਨਹੀਂ ਦੇਵੇਗਾ ਅਤੇ ਨਾ ਹੀ ਕੋਈ ਵਸਤੂ ਮੁਫ਼ਤ ਵੰਡੇਗਾ।
ਰਿਟਰਨਿੰਗ ਅਫ਼ਸਰ ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਮੈਰਿਜ ਪੈਲੇਸਾਂ, ਹੋਟਲਾਂ ਆਦਿ ਦੀ ਬੁਕਿੰਗ ਉੱਪਰ ਵੀ ਤਿੱਖੀ ਨਜਰ ਰੱਖੀ ਜਾ ਰਹੀ ਹੈ ਤਾਂ ਕਿ ਕੋਈ ਵੀ ਉਮੀਦਵਾਰ ਇਨ੍ਹਾਂ ਥਾਵਾਂ ‘ਤੇ ਵੋਟਰਾਂ ਲਈ ਮੁਫ਼ਤ ਦਾਅਵਤਾਂ ਦਾ ਪ੍ਰਬੰਧ ਨਾ ਕਰੇ। ਉਨ੍ਹਾਂ ਕਿਹਾ ਕਿ ਪੁਲਿਸ, ਐਕਸਾਈਜ਼, ਇਨਕਮ ਟੈਕਸ ਸਮੇਤ ਹੋਰ ਚੌਕਸੀ ਟੀਮਾਂ 24 ਘੰਟੇ ਮੁਸਤੈਦ ਹਨ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਗੈਰ-ਕਾਨੂੰਨੀ ਗਤੀਵਿਧੀ ਨੂੰ ਤੁਰੰਤ ਠੱਲ ਪਾਈ ਜਾ ਸਕੇ। ਇਸ ਮੌਕੇ ਉਨ੍ਹਾਂ ਨੇ ਉਮੀਦਵਾਰਾਂ ਨੂੰ ਚੋਣਾਂ ਤੋਂ 72 ਘੰਟੇ, 48 ਘੰਟੇ ਅਤੇ 24 ਘੰਟੇ ਪਹਿਲਾਂ ਲਾਗੂ ਹੋਣ ਵਾਲੀਆਂ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਬਾਰੇ ਵੀ ਵਿਸਥਾਰਤ ਜਾਣਕਾਰੀ ਦਿੱਤੀ।
ਇਸ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਵਧੀਕ ਜ਼ਿਲ੍ਹਾ ਚੋਣ ਅਫ਼ਸਰ-ਕਮ-ਵਧੀਕ ਡਿਪਟੀ ਕਮਿਸ਼ਨਰ (ਜ) ਆਕਾਸ਼ ਬਾਂਸਲ, ਐਸ.ਪੀ. ਰਾਕੇਸ਼ ਕੁਮਾਰ, ਤਹਿਸੀਲਦਾਰ ਚੋਣਾਂ ਪਰਮਜੀਤ ਕੌਰ, ਤਾਲਮੇਲ ਅਧਿਕਾਰੀ ਸਤਵਿੰਦਰ ਸਿੰਘ ਢਿੱਲੋਂ, ਕਾਨੂੰਗੋ ਚਮਕੌਰ ਸਿੰਘ ਅਤੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ, ਆਜ਼ਾਦ ਉਮੀਦਵਾਰ ਤੇ ਨੁਮਾਇੰਦੇ ਹਾਜ਼ਰ ਸਨ।