ਸਨੌਰ ਹਲਕੇ ਦੀਆਂ ਇੱਕ ਹਜ਼ਾਰ ਤੋਂ ਵੱਧ ਔਰਤਾਂ ਪਰਿਵਾਰਾਂ ਸਮੇਤ ਭਾਜਪਾ ਵਿੱਚ ਸ਼ਾਮਲ
ਸਨੌਰ ਹਲਕੇ ਦੀਆਂ ਇੱਕ ਹਜ਼ਾਰ ਤੋਂ ਵੱਧ ਔਰਤਾਂ ਪਰਿਵਾਰਾਂ ਸਮੇਤ ਭਾਜਪਾ ਵਿੱਚ ਸ਼ਾਮਲ
-ਪ੍ਰਨੀਤ ਕੌਰ ਨੇ ਸਾਰੀਆਂ ਔਰਤਾਂ ਦਾ ਭਾਜਪਾ ‘ਚ ਸ਼ਾਮਲ ਹੋਣ ‘ਤੇ ਕੀਤਾ ਨਿੱਘਾ ਸਵਾਗਤ
-ਪ੍ਰਿਅੰਕਾ ਗਾਂਧੀ ਦੇ ਪ੍ਰੋਗਰਾਮ ਨਾਲੋਂ ਇਕੱਲੇ ਸਨੌਰ ਹਲਕੇ ਦੀਆਂ 1000 ਤੋਂ ਜ਼ਿਆਦਾ ਔਰਤਾਂ ਭਾਜਪਾ ‘ਚ ਸ਼ਾਮਲ : ਮਨੀਸ਼ਾ ਗੁਲਾਟੀ
ਪਟਿਆਲਾ 26 ਮਈ 2024
ਸਨੌਰ ਹਲਕੇ ਦੇ ਵੱਖ-ਵੱਖ ਪਿੰਡਾਂ ਨਾਲ ਸਬੰਧਤ ਇੱਕ ਹਜ਼ਾਰ ਤੋਂ ਵੱਧ ਔਰਤਾਂ ਐਤਵਾਰ ਨੂੰ ਮੋਤੀ ਬਾਗ ਪੈਲੇਸ ਪਹੁੰਚੀਆਂ ਅਤੇ ਆਪਣੀ ਇੱਛਾ ਨਾਲ ਭਾਜਪਾ ਵਿੱਚ ਸ਼ਾਮਲ ਹੋ ਗਈਆਂ। ਪਟਿਆਲਾ ਲੋਕ ਸਭਾ ਹਲਕੇ ਤੋਂ ਭਾਜਪਾ ਦੇ ਉਮੀਦਵਾਰ ਪ੍ਰਨੀਤ ਕੌਰ ਨੇ ਇਨ੍ਹਾਂ ਸਾਰੀਆਂ ਔਰਤਾਂ ਦਾ ਭਾਜਪਾ ਵਿੱਚ ਸ਼ਾਮਲ ਹੋਣ ’ਤੇ ਨਿੱਘਾ ਸਵਾਗਤ ਕੀਤਾ।
ਭਾਜਪਾ ਵਿੱਚ ਸ਼ਾਮਿਲ ਹੋਣ ਮਗਰੋਂ ਕਈ ਔਰਤਾਂ ਨੇ ਭਾਜਪਾ ਆਗੂ ਪ੍ਰਨੀਤ ਕੌਰ ਨੂੰ ਦੱਸਿਆ ਕਿ ਬਿਜਲੀ ਬਿੱਲ ਮੁਆਫ਼ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਹਜ਼ਾਰਾਂ ਰੁਪਏ ਦੇ ਬਿੱਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਈ ਮਹਿਲਾਵਾਂ ਨੇ ਕਿਹਾ ਕਿ ਉਹਨਾਂ ਦਾ ਆਟਾ-ਦਾਲ ਸਕੀਮ ਤੋਂ ਨਾਂ ਕੱਟ ਦਿੱਤਾ ਗਿਆ ਹੈ। ਸਰਕਾਰੀ ਕੰਮ ਘਰ ਬੈਠੇ ਹੋਣ ਦਾ ਦਾਅਵਾ ਪੂਰਾ ਨਹੀਂ ਹੋ ਸਕਿਆ। ਸਰਕਾਰੀ ਹਸਪਤਾਲਾਂ ਵਿੱਚ ਮੁਫ਼ਤ ਦਵਾਈਆਂ ਵੀ ਨਹੀਂ ਮਿਲ ਰਹੀਆਂ। ਆਮ ਆਦਮੀ ਪਾਰਟੀ ਨੇ ਔਰਤਾਂ ਨੂੰ ਹਰ ਮਹੀਨੇ ਇੱਕ ਹਜ਼ਾਰ ਰੁਪਏ ਦੇਣ ਦਾ ਵਾਅਦਾ ਵੀ ਪੂਰਾ ਨਹੀਂ ਕੀਤਾ। ਭਾਜਪਾ ਆਗੂ ਪ੍ਰਨੀਤ ਕੌਰ ਨੇ ਔਰਤਾਂ ਦੀਆਂ ਇਨ੍ਹਾਂ ਸਾਰੀਆਂ ਸਮੱਸਿਆਵਾਂ ਨੂੰ ਸੁਣਨ ਉਪਰੰਤ ਕਿਹਾ ਕਿ ਜਦੋਂ ਵੀ ਝਾੜੂ ਪਾਰਟੀ ਦਾ ਕੋਈ ਵੀ ਆਗੂ ਉਨ੍ਹਾਂ ਦੇ ਘਰ ਵੋਟਾਂ ਮੰਗਣ ਆਉਂਦਾ ਹੈ ਤਾਂ ਉਸ ਕੋਲੋਂ ਪਿਛਲੇ 26 ਮਹੀਨਿਆਂ ਦੇ ਬਕਾਇਆ 26 ਹਜ਼ਾਰ ਰੁਪਏ ਦਾ ਹਿਸਾਬ ਜ਼ਰੂਰ ਮੰਗਿਆ ਜਾਵੇ।
ਭਾਜਪਾ ਆਗੂ ਪ੍ਰਨੀਤ ਕੌਰ ਨੇ ਔਰਤਾਂ ਦੇ ਵੱਡੇ ਸਮੂਹ ਨੂੰ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਭਰ ਵਿੱਚ ਤਿੰਨ ਕਰੋੜ ਔਰਤਾਂ ਨੂੰ ਲਖਪਤੀ ਦੀਦੀ ਬਣਾਉਣ ਦਾ ਵਾਅਦਾ ਕੀਤਾ ਹੈ ਅਤੇ ਉਨ੍ਹਾਂ ਨੇ ਖੁਦ ਪਹਿਲੇ ਪੜਾਅ ਵਿੱਚ ਪਟਿਆਲਾ ਵਿੱਚ ਇੱਕ ਲੱਖ ਲਖਪਤੀ ਦੀਦੀ ਬਣਾਉਣ ਦਾ ਟੀਚਾ ਰੱਖਿਆ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੋ ਵੀ ਵਾਅਦਾ ਕਰਦੇ ਹਨ, ਉਸ ਨੂੰ ਹਰ ਹਾਲਤ ਵਿਚ ਪੂਰਾ ਕਰਦੇ ਹਨ। ਪ੍ਰਨੀਤ ਕੌਰ ਨੇ ਭਾਜਪਾ ਵਿੱਚ ਸ਼ਾਮਲ ਹੋਈਆਂ ਔਰਤਾਂ ਨੂੰ ਦੱਸਿਆ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ 27 ਕਰੋੜ ਰੁਪਏ ਦੀ ਲਾਗਤ ਨਾਲ ਦੋ ਲੱਖ ਲੋਕਾਂ ਲਈ ਘਰ ਬਣਾਏ ਗਏ ਹਨ। ਔਰਤਾਂ ਨੂੰ ਧੂੰਏਂ ਤੋਂ ਮੁਕਤ ਕਰਨ ਲਈ 13 ਲੱਖ ਮੁਫਤ ਗੈਸ ਕੁਨੈਕਸ਼ਨ, ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਤਹਿਤ 1.41 ਕਰੋੜ ਲੋਕਾਂ ਨੂੰ ਮੁਫਤ ਰਾਸ਼ਨ, 13 ਹਜ਼ਾਰ 390 ਪਿੰਡਾਂ ਦੇ ਵਿਕਾਸ ਲਈ 8 ਹਜ਼ਾਰ 390 ਕਰੋੜ ਰੁਪਏ ਖਰਚ ਕੀਤੇ ਗਏ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਮਹਿਲਾ ਸਸ਼ਕਤੀਕਰਨ ਲਈ ਪ੍ਰਧਾਨ ਮੰਤਰੀ ਮੁਦਰਾ ਯੋਜਨਾ ਤਹਿਤ 85.29 ਲੱਖ ਤੋਂ ਵੱਧ ਮੁਦਰਾ ਕਰਜ਼ਿਆਂ ਵਿੱਚੋਂ 55 ਫ਼ੀਸਦੀ ਔਰਤਾਂ ਨੂੰ ਦਿੱਤੇ ਹਨ। ਸੁਕੰਨਿਆ ਸਮਰਧੀ ਯੋਜਨਾ ਦੇ ਤਹਿਤ ਲੜਕੀਆਂ ਦੇ ਨਾਂ ‘ਤੇ 9.6 ਲੱਖ ਖਾਤੇ ਖੋਲ੍ਹੇ ਗਏ ਅਤੇ ਸਹੀ ਪੋਸ਼ਣ, ਦੇਸ਼ ਰੋਸ਼ਨ ਯੋਜਨਾ ਰਾਹੀਂ ਪੋਸ਼ਣ ਮੁਹਿੰਮ ਚਲਾ ਕੇ 13.3 ਲੱਖ ਤੋਂ ਵੱਧ ਔਰਤਾਂ ਅਤੇ ਬੱਚਿਆਂ ਨੂੰ ਇਸ ਯੋਜਨਾ ਦਾ ਲਾਭ ਦਿੱਤਾ ਗਿਆ।
ਪ੍ਰਨੀਤ ਕੌਰ ਨੇ ਬੀਬੀਆਂ ਨਾਲ ਉਹਨਾਂ ਦੇ ਦੁੱਖ-ਸੁੱਖ ਸਾਂਝਾ ਕਰਦਿਆਂ ਕਿਹਾ ਕਿ ਪਟਿਆਲਾ, ਪੰਜਾਬ ਅਤੇ ਸਾਡੇ ਬੱਚਿਆਂ ਦਾ ਭਵਿੱਖ ਭਾਜਪਾ ਕੋਲ ਹੀ ਸੁਰੱਖਿਅਤ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਪਟਿਆਲਾ ਵਾਸੀਆਂ ਵੱਲੋਂ ਮਿਲੇ ਭਰੋਸੇ ਦੀ ਬਦੌਲਤ ਹੁਣ ਤੱਕ ਪਟਿਆਲਾ ਜ਼ਿਲ੍ਹੇ ਦੇ ਅਹਿਮ ਵਿਕਾਸ ਕਾਰਜਾਂ ਨੂੰ ਨੇਪਰੇ ਚਾੜ੍ਹਿਆ ਹੈ ਅਤੇ ਘੱਗਰ ਸਮੇਤ ਹੋਰ ਕਈ ਅਹਿਮ ਕੰਮ ਭਵਿੱਖ ਵਿੱਚ ਮੁਕੰਮਲ ਕੀਤੇ ਜਾਣੇ ਹਨ। ਜਦੋਂ ਪਟਿਆਲੇ ਦੇ ਲੋਕਾਂ ਦਾ ਭਰੋਸਾ 1 ਜੂਨ ਨੂੰ ਵੋਟਿੰਗ ਰਾਹੀਂ ਉਹਨਾਂ ਦੀ ਜਿੱਤ ਯਕੀਨੀ ਬਣਾਵੇਗਾ ਤਾਂ ਹੀ ਉਹ ਸਾਰੇ ਲੋੜੀਂਦੇ ਵਿਕਾਸ ਕਾਰਜਾਂ ਲਈ ਕੇਂਦਰ ਸਰਕਾਰ ਤੋਂ ਵੱਡੇ ਵਿਕਾਸ ਫੰਡਾਂ ਦਾ ਪ੍ਰਬੰਧ ਕਰ ਸਕਣਗੇ।
ਇਸ ਮੌਕੇ ਭਾਜਪਾ ਆਗੂ ਮਨੀਸ਼ਾ ਗੁਲਾਟੀ ਨੇ ਕਿਹਾ ਕਿ ਪ੍ਰਿਅੰਕਾ ਗਾਂਧੀ ਦੇ ਪਟਿਆਲਾ ਵਿਖੇ ਹੋਏ ਪ੍ਰੋਗਰਾਮ ‘ਚ ਜ਼ਿਲ੍ਹੇ ਭਰ ‘ਚੋਂ ਇੱਕ ਹਜ਼ਾਰ ਔਰਤਾਂ ਇਕੱਠੀਆਂ ਨਹੀਂ ਹੋ ਸਕੀਆਂ, ਪਰ ਇਕੱਲੇ ਸਨੌਰ ਇਲਾਕੇ ਦੀਆਂ ਇੱਕ ਹਜ਼ਾਰ ਤੋਂ ਵੱਧ ਔਰਤਾਂ ਆਪਣੀ ਮਰਜ਼ੀ ਨਾਲ ਮਹਾਰਾਣੀ ਪ੍ਰਨੀਤ ਕੌਰ ਅਤੇ ਮੋਦੀ ਸਰਕਾਰ ਵੱਲੋਂ ਕੀਤੇ ਜਾ ਰਹੇ ਕਾਰਜਾਂ ਤੋਂ ਪ੍ਰਭਾਵਿਤ ਹੋ ਕੇ ਐਤਵਾਰ ਨੂੰ ਮੋਤੀ ਬਾਗ ਪੈਲੇਸ ਪਹੁੰਚ ਕੇ ਮਹਾਰਾਣੀ ਪ੍ਰਨੀਤ ਦੀ ਹਾਜਿਰੀ ਵਿੱਚ ਭਾਜਪਾ ਪਰਿਵਾਰ ਦਾ ਹਿੱਸਾ ਬਣ ਗਈਆਂ।
ਇਸ ਮੌਕੇ ਹਲਕਾ ਸਨੌਰ ਦੇ ਹਲਕਾ ਇੰਚਾਰਜ ਬਿਕਰਮਿੰਦਰ ਜੀਤ ਸਿੰਘ ਚਾਹਲ, ਪਿੰਡ ਟਹਿਲਪੁਰ ਦੇ ਸਾਬਕਾ ਸਰਪੰਚ ਮਨਜੀਤ ਸਿੰਘ, ਮਨੀਸ਼ਾ ਗੁਲਾਟੀ, ਗਗਨ ਸ਼ੇਰਪੁਰ, ਜਸਪਾਲ ਗੰਗਰੌਲੀ ਸਮੇਤ ਵੱਡੀ ਗਿਣਤੀ ਵਿਚ ਔਰਤਾਂ ਹਾਜ਼ਰ ਸਨ।